ਸਰੀ ( ਗੁਰਬਾਜ ਸਿੰਘ ਬਰਾੜ ) ਸਰੀ ਨੇੜੇ ਵਾਈਟ ਰੌਕ ਬੀਚ ਤੇ ਇਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਇਹ ਵਾਰਦਾਤ ਲੰਘੇ ਐਤਵਾਰ ਨੂੰ ਬੀਚ ‘ਤੇ ਇੱਕ ਪੰਜਾਬੀ ਜੋੜੇ ਉੱਪਰ ਹੋਏ ਹਮਲੇ ਤੋਂ ਸਿਰਫ਼ ਦੋ ਦਿਨ ਬਾਅਦ ਵਾਪਰੀ ਹੈ। ਇਹ ਦੂਜੀ ਘਟਨਾ ਮੰਗਲਵਾਰ ਨੂੰ ਵਾਪਰੀ, ਜਿੱਥੇ ਪੁਲਸ ਨੂੰ ਤਕਰੀਬਨ 9:30 ਵਜੇ ਬੀਚ ਤੇ ਬੁਲਾਇਆ ਗਿਆ। ਇਸ ਦੂਜੀ ਘਟਨਾਂ ਵਿੱਚ ਵੀ ਹਮਲਾਵਰ ਵੱਲੋਂ ਪਿੱਛੋਂ ਵਾਰ ਕੀਤਾ ਗਿਆ ਹੈ। ਇਸ ਹਮਲੇ ਵਿੱਚ 28 ਸਾਲਾ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ ਮਾਰਿਆ ਗਿਆ ਹੈ। ਸੋਹੀ 2018 ਵਿੱਚ ਵਰਕ ਪਰਮਿਟ ‘ਤੇ ਕੈਨੇਡਾ ਆਇਆ ਸੀ ਅਤੇ ਉਹ ਥੋੜ੍ਹੀ ਦੇਰ ਪਹਿਲਾਂ ਹੀ ਪੱਕਾ ਹੋਇਆ ਸੀ । ਪੰਜਾਬ ਵਿੱਚ ਕੁਲਵਿੰਦਰ ਸਿੰਘ ਸੋਹੀ ਦਾ ਪਿੰਡ ਤੋਲੇਵਾਲ ਜ਼ਿਲਾ ਸੰਗਰੂਰ ਦੱਸਿਆ ਜਾ ਰਿਹਾ ਹੈ। ਕੁਲਵਿੰਦਰ ਕੈਨੇਡਾ ਵਿੱਚ ਪਲੰਬਿਗ ਦਾ ਕੰਮ ਕਰਦਾ ਸੀ। ਘਟਨਾ ਵਾਪਰਨ ਵੇਲੇ ਉਹ ਆਪਣੇ ਦੋਸਤ ਨਾਲ ਸਮੁੰਦਰ ਕੰਢੇ ਬੀਚ ਤੇ ਬੈਠਾ ਸੀ। ਕੁਲਵਿੰਦਰ ਦੇ ਦੋਸਤ ਗਗਨ ਸਿੰਘ ਦਾ ਕਹਿਣਾ ਹੈ ਕਿ ਉਹ ਬਹੁਤ ਉਤਸ਼ਾਹੀ ਨੌਜਵਾਨ ਸੀ ਜੋ ਸਵੇਰੇ ਛੇ ਵਜੇ ਹੀ ਆਪਣੇ ਕੰਮ ਤੇ ਚਲਾ ਜਾਂਦਾ ਸੀ ।
ਮੰਗਲਵਾਰ ਨੂੰ ਵਾਪਰੀ ਇਸ ਦੂਜੀ ਘਟਨਾ ਵਿੱਚ ਵੀ ਸ਼ੱਕੀ ਦਾ ਹੁਲੀਆ ਪਹਿਲੀ ਘਟਨਾਂ ਦੇ ਹਮਲਾਵਰ ਨਾਲ ਮਿਲਦਾ ਹੀ ਦੱਸਿਆ ਗਿਆ ਹੈ । ਪੁਲਸ ਨੇ ਸ਼ੱਕੀ ਦਾ ਹੁਲੀਆ ਪੰਜ ਫੁੱਟ ਗਿਆਰਾਂ ਇੰਚ ਲੰਮੇ ਇੱਕ ਕਾਲੇ ਆਦਮੀ ਵਜੋਂ ਬਿਆਨ ਕੀਤਾ ਹੈ ਜਿਸਨੇ ਸਲੇਟੀ ਰੰਗ ਦੀ ਹੁੱਡੀ ਪਹਿਨੀ ਹੋਈ ਸੀ। ਫ਼ਿਲਹਾਲ ਪੁਲਸ ਨੇ ਕਿਸੇ ਵਿਅਕਤੀ ਨੂੰ ਹਿਰਾਸਤ ਵਿੱਚ ਨਹੀਂ ਲਿਆ । ਕਤਲ ਦੇ ਜੁਰਮਾਂ ਨਾਲ ਨਿਪਟਣ ਵਾਲੀ ਪੁਲਸ ਟੀਮ ਵੱਲੋਂ ਮਾਮਲਾ ਆਪਣੇ ਹੱਥਾਂ ਵਿੱਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ।
ਘਟਨਾ ਵਾਪਰਨ ਮਗਰੋਂ ਸ਼ਹਿਰ ਦੀ ਮੇਅਰ ਮੇਗਨ ਨਾਇਟ ਨੇ ਕਿਹਾ ਕਿ ਉਸਨੂੰ ਇਸ ਸ਼ਹਿਰ ਵਿੱਚ ਰਹਿੰਦਿਆਂ 45 ਸਾਲ ਹੋ ਗਏ ਹਨ ਉਹਨਾਂ ਪਹਿਲੇ ਕਦੇ ਸ਼ਹਿਰ ਵਿੱਚ ਅਜਿਹੀ ਘਟਨਾ ਵਾਪਰੀ ਨਹੀਂ ਦੇਖੀ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਘੁੰਮਣ ਫਿਰਨ ਵੇਲੇ ਆਲੇ-ਦੁਆਲੇ ਬਾਰੇ ਵਧੇਰੇ ਖ਼ਬਰਦਾਰ ਰਹਿਣ ਦੀ ਸਲਾਹ ਦਿੱਤੀ ਹੈ। ਸ਼ਹਿਰ ਵਿੱਚ ਇੱਕੋ ਜਗ੍ਹਾ ਤੇ 48 ਘੰਟਿਆਂ ਦੇ ਵਕਫ਼ੇ ਵਿੱਚ ਵਾਪਰੀ ਦੂਜੀ ਘਟਨਾ ਮਗਰੋਂ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।ਸ਼ਹਿਰ ਦੇ ਵਸਨੀਕ ਸੁਆਲ ਕਰ ਰਹੇ ਹਨ ਕਿ ਕਿਧਰੇ ਕਾਲਾ ਆਦਮੀ ਚੁਣ-ਚੁਣ ਕੇ ਪੰਜਾਬੀਆਂ ਨੂੰ ਨਿਸ਼ਾਨਾਂ ਤਾਂ ਨਹੀਂ ਬਣਾ ਰਿਹਾ ?
ਇਸ ਘਟਨਾਂ ਦੀ ਗੂੰਜ ਬੀ.ਸੀ. ਦੀ ਰਾਜਧਾਨੀ ਵਿਕਟੋਰੀਆ ਵਿੱਚ ਵੀ ਪਈ ਹੈ। ਅੱਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਟੋਡ ਸਟੋਨ ਨੇ ਅਮਨ ਕਾਨੂੰਨ ਦੇ ਮੁੱਦੇ ‘ਤੇ ਪ੍ਰੀਮੀਅਰ ਡੇਵਿਡ ਈਬੀ ਤੇ ਸੱਤਾਧਾਰੀ ਐਨ.ਡੀ.ਪੀ. ਸਰਕਾਰ ਨੂੰ ਘੇਰਿਆ ।