“ਸਰਦਾਰ ਸੁਰਿੰਦਰ ਸਿੰਘ ਬੋਲਦੇ ਉ ਮੰਨਣ ਪਿੰਡ ਤੋਂ?” ਜਾਣੀ ਪਹਿਚਾਣੀ ਅਵਾਜ਼ ਸੁਣ ਕੇ ਸ਼ਿੰਦੇ ਨੇ ਆਪਣੇ ਘਸਮੈਲੀ ਜਿਹੀ ਸਕਰੀਨ ਵਾਲੇ ਚੀਨੀ ਫੋਨ ਵੱਲ ਧਿਆਨ ਨਾਲ ਵੇਖਿਆ। ਨੰਬਰ ਤਾਂ ਗਾਮੇ ਸ਼ਾਹ ਆੜ੍ਹਤੀ ਦਾ ਸੀ ਪਰ ਅਜਿਹੀ ਮਾਖਿਉ ਮਿੱਠੀ ਅਵਾਜ਼ ਉਸ ਨੇ ਪਹਿਲਾਂ ਕਦੇ ਸੁਣੀ ਨਹੀਂ ਸੀ ਸ਼ਾਹ ਦੇ ਮੂੰਹੋਂ ਤੇ ਨਾ ਹੀ ਕਦੇ ਸ਼ਾਹ ਨੇ ਉਸ ਨੂੰ ਸਰਦਾਰ ਸੁਰਿੰਦਰ ਸਿੰਘ ਕਹਿ ਕੇ ਸੰਬੋਧਨ ਕੀਤਾ ਸੀ। ਹਮੇਸ਼ਾਂ ਉਏ ਸ਼ਿੰਦਿਆ ਕਹਿ ਕੇ ਹੀ ਬੁਲਾਉਂਦਾ ਸੀ। ਉਸ ਨੇ ਫੌਰਨ ਜਵਾਬ ਦਿੱਤਾ, “ਹਾਂ ਜੀ, ਹਾਂ ਜੀ ਸ਼ਾਹ ਜੀ। ਮੈਂ ਸ਼ਿੰਦਾ ਈ ਬੋਲਦਾਂ ਜੀ।” ਫੋਨ ਦੇ ਦੂਸਰੇ ਪਾਸੇ ਥੋੜ੍ਹੀ ਜਿਹੀ ਘੁਸਰ ਮੁਸਰ ਜਿਹੀ ਹੋਈ ਜਿਵੇਂ ਕੋਈ ਸਲਾਹ ਕਰ ਰਿਹਾ ਹੁੰਦਾ ਹੈ, “ਸਰਦਾਰ ਜੀ ਤੁਸੀਂ ਅੱਜ ਆ ਸਕਦੇ ਉ ਆਪਣੀ ਦੁਕਾਨ ਤੇ 11 ਕੁ ਵਜੇ?” ਸ਼ਿੰਦੇ ਨੂੰ ਆਪਣੇ ਕੰਨਾਂ ‘ਤੇ ਯਕੀਨ ਨਹੀਂ ਸੀ ਆ ਰਿਹਾ। ਉਹ 6-7 ਏਕੜ ਜ਼ਮੀਨ ਦੀ ਮਾਲਕੀ ਵਾਲਾ ਛੋਟਾ ਕਿਸਾਨ ਸੀ ਜੋ ਹਮੇਸ਼ਾਂ ਆੜ੍ਹਤੀ ਦਾ ਕਰਜ਼ਾਈ ਰਹਿੰਦਾ ਹੈ। ਉਸ ਨੂੰ ਐਡਵਾਂਸ ਲੈਣ ਲਈ ਵਾਰ ਵਾਰ ਆੜ੍ਹਤੀ ਅੱਗੇ ਹੱਥ ਅੱਡਣੇ ਪੈਂਦੇ ਸਨ।
ਥੱਲੇ ਲੱਗੇ ਜੱਟ ਨੂੰ ਆੜ੍ਹਤੀ ਰੱਜ ਕੇ ਰਗੜਦੇ ਹਨ। ਮਨ ਮਰਜ਼ੀ ਦੇ ਰੇਟ, ਵੱਧ ਤੁਲਾਈ, ਠੋਕ ਕੇ ਵਿਆਜ਼ ਤੇ ਸਰਕਾਰ ਕੋਲੋਂ ਮਿਲਣ ਵਾਲੀ ਆੜ੍ਹਤ ਕਿਸਾਨ ਕੋਲੋਂ ਵੀ ਕੱਟੀ ਜਾਂਦੇ ਹਨ। ਡਰਦੇ ਮਾਰੇ 90% ਕਿਸਾਨ ਆੜ੍ਹਤੀ ਨਾਲ ਹਿਸਾਬ ਹੀ ਨਹੀਂ ਕਰਦੇ ਕਿ ਕਿਤੇ ਨਰਾਜ਼ ਹੋ ਕੇ ਆੜ੍ਹਤੀ ਐਡਵਾਂਸ ਦੇਣ ਤੋਂ ਇਨਕਾਰ ਹੀ ਨਾ ਕਰ ਦੇਵੇ। ਹੈਰਾਨ ਪਰੇਸ਼ਾਨ ਸ਼ਿੰਦਾ ਆਪਣੇ ਪੁਰਾਣੇ ਖਟਾਰਾ ਬਜਾਜ ਸਕੂਟਰ ‘ਤੇ ਭਗਤਾਂ ਵਾਲੇ ਦਾਣਾ ਮੰਡੀ ਪਹੁੰਚ ਗਿਆ। ਸ਼ਾਹ ਅੱਗੇ ਬੇਸਬਰੀ ਨਾਲ ਉਸੇ ਨੂੰ ਉਡੀਕ ਰਿਹਾ ਸੀ। ਦੁਕਾਨ ‘ਤੇ ਪਹਿਲਾਂ ਹੀ ਉਸ ਵਰਗੇ 8-10 ਹੋਰ ਥੁੜ੍ਹਾਂ ਦੇ ਮਾਰੇ ਕਿਸਾਨ ਬੈਠੇ ਮੱਠੀਆਂ- ਬੂੰਦੀ ਨਾਲ ਚਾਹ ਪੀ ਰਹੇ ਸਨ। ਜਿਸ ਦੁਕਾਨ ਤੋਂ ਸ਼ਿੰਦੇ ਨੂੰ ਪਾਣੀ ਦਾ ਗਿਲਾਸ ਮੁਸ਼ਕਿਲ ਨਾਲ ਮਿਲਦਾ ਸੀ, ਉਥੋਂ ਗਾਮੇ ਸ਼ਾਹ ਦੇ ਮੁੰਡੇ ਲਾਡੀ ਨੇ ਪਹਿਲਾਂ ਪਾਣੀ ਤੇ ਫਿਰ ਚਾਹ ਦਾ ਗਿਲਾਸ ਮੱਠੀਆਂ ਨਾਲ ਪੇਸ਼ ਕੀਤਾ। ਹੈਰਾਨ ਹੋਏ ਸ਼ਿੰਦੇ ਨੇ ਦੋ ਮੱਠੀਆਂ ਚੱੁਕ ਲਈਆਂ ਤੇ ਅਰਾਮ ਨਾਲ ਖਾਣ ਲੱਗਾ।
ਜਦੋਂ ਸਾਰਿਆਂ ਨੇ ਚਾਹ ਪੀ ਲਈ ਤਾਂ ਗਾਮੇ ਸ਼ਾਹ ਝੂਠੇ ਗਵਾਹ ਵਾਂਗ ਮਸਕੀਨ ਜਿਹਾ ਬਣ ਕੇ ਕਹਿਣ ਲੱਗਾ, “ਵੇਖੋ ਭਰਾਵੋ। ਆੜ੍ਹਤੀ ਤੇ ਕਿਸਾਨ ਦਾ ਹੁੰਦਾ ਨਹੁੰ ਮਾਸ ਦਾ ਰਿਸ਼ਤਾ। ਕਹਿੰਦੇ ਆ ਨਾ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ। ਹੁਣ ਤੱਕ ਅਸੀਂ ਤੁਹਾਡੀਆਂ ਗਰਜ਼ਾਂ ਪੂਰੀਆਂ ਕਰਦੇ ਰਹੇ ਹਾਂ ਤੇ ਅੱਜ ਸਾਨੂੰ ਤੁਹਾਡੀ ਜਰੂਰਤ ਪੈਗੀ ਆ।” ਸਾਰੇ ਹੈਰਾਨ ਹੋ ਕੇ ਸ਼ਾਹ ਵੱਲ ਵੇਖਣ ਲੱਗੇ ਕਿ ਇਹਨੂੰ ਸਾਡੀ ਕੀ ਜਰੂਰਤ ਪੈ ਸਕਦੀ ਹੈ? ਸ਼ਾਹ ਫਿਰ ਬੋਲਿਆ, “ਤੁਹਾਨੂੰ ਪਤਾ ਈ ਆ ਰਾਤੀਂ ਸਰਕਾਰ ਨੇ ਲੋਹੜਾ ਮਾਰਿਆ ਆ। 500 ਤੇ ਹਜ਼ਾਰ ਦੇ ਨੋਟ ਬੰਦ ਕਰ ਛੱਡੇ ਨੇ। ਸਾਡਾ ਤਾਂ ਤਿੰਨ ਕਰੋੜ ਰੁਪਈਆ ਸਵਾਹ ਹੋ ਗਿਆ।” ਸਾਰੇ ਕਿਸਾਨਾਂ ਨੇ ਕੰਨ ਚੁੱਕ ਲਏ। ਸ਼ਿੰਦੇ ਕੋਲੋਂ ਰਿਹਾ ਨਾ ਗਿਆ, “ਹੈਂ! ਸ਼ਾਹ ਤਿੰਨ ਕਰੋੜ ਰੁਪਈਆ। ਤੂੰ ਤਾਂ ਸਾਨੂੰ ਕਹਿੰਦਾ ਹੁੰਦਾ ਸੀ ਕਿ ਤੇਰੇ ਕੋਲ ਈ ਕੁਝ ਨੀਂ। ਤਰਸਾ ਤਰਸਾ ਕੇ 5000 ਰੁ. ਦੇਂਦਾ ਸੀ ਜਿਵੇਂ ਮੰਗਤੇ ਨੂੰ ਖੈਰ ਪਾਈਦੀ ਆ।” ਲਾਡੀ ਨੇ ਸ਼ਾਹ ਨੂੰ ਡੇਲੇ ਕੱਢੇ। ਸ਼ਾਹ ਝੇਂਪ ਗਿਆ ਕਿ ਸੱਚੀ ਗੱਲ ਈ ਮੂੰਹੋਂ ਨਿਕਲ ਗਈ। “ਉਹ ਭਰਾਵਾ ਸਾਰੇ ਪੈਸੇ ਤਾਂ ਸਾਡੇ ਨਹੀਂ ਆ ਨਾ। ਕੁਝ ਸ਼ੈਲਰਾਂ ਵਾਲਿਆਂ ਦੇ ਆ ਤੇ ਕੁਝ ਬੈਂਕਾਂ ਦੀਆਂ ਲਿਮਟਾਂ ਭਰਨ ਲਈ ਰੱਖੇ ਸੀ। ਹੁਣ ਭਰਾਵੋ ਅਸੀਂ ਤੁਹਾਡੇ ਸਾਰਿਆਂ ਦੇ ਖਾਤਿਆਂ ਵਿੱਚ ਢਾਈ ਢਾਈ ਲੱਖ ਪਾਉਣਾ ਆ। ਕੁਝ ਤਾਂ ਬਚੇ।” ਸਾਰੇ ਕਿਸਾਨ ਸ਼ਾਹ ਦੀ ਸਕੀਮ ਸੁਣ ਕੇ ਦੰਗ ਰਹਿ ਗਏ। ਪਹਿਲਾਂ ਤਾਂ ਉਹਨਾਂ ਦਾ ਮੰਨਣ ਨੂੰ ਜੀਅ ਨਾ ਕਰੇ ਕਿ ਮਰਨ ਦੇ ਸਾਲੇ ਸੇਠ ਨੂੰ। ਪਰ ਫਿਰ ਹੌਲੀ ਹੌਲੀ ਸ਼ਾਹ ਕੋਲੋਂ ਲਿਲਕੜੀਆਂ ਕਢਵਾ ਕੇ ਤੇ 50-50 ਹਜ਼ਾਰ ਕਰਜ਼ਾ ਮਾਫ ਕਰਵਾ ਕੇ ਮੰਨ ਹੀ ਗਏ। ਸ਼ਿੰਦਾ ਰੱਬ ਦਾ ਧੰਨਵਾਦ ਕਰਦਾ ਘਰ ਨੂੰ ਚੱਲ ਪਿਆ ਕਿ ਮਜ਼ਾ ਆ ਗਿਆ, ਭਿਖਾਰੀ ਰਾਜੇ ਬਣ ਗਏ ਤੇ ਰਾਜੇ ਭਿਖਾਰੀ। ਅੱਗੇ ਰੋਜ ਉਹ ਸ਼ਾਹ ਦੇ ਤਰਲੇ ਕੱਢਦਾ ਸੀ ਤੇ ਅੱਜ ਸ਼ਾਹ ਉਸ ਦੇ ਤਰਲੇ ਕੱਢ ਰਿਹਾ ਹੈ। ਵਕਤੀ ਮਾਣ ਨਾਲ ਭਰ ਕੇ ਉਸ ਨੇ ਸਕੂਟਰ ਪਿੰਡ ਵੱਲ ਛੱਡ ਦਿੱਤਾ।
ਬਲਰਾਜ ਸਿੰਘ ਸਿੱਧੂ ਐਸ.ਪੀ.