ਖਚਾ -ਖਚ ਭਰੀ ਬੱਸ ਅੱਡੇ ਤੇ ਆਣ ਖਲੋਤੀ ..ਕੰਡਕਟਰ ਹੋਕਾ ਦਿੰਦਾ ਆਖਣ ਲੱਗਾ ..*ਬੀਬੀਆਂ ਬਜ਼ੁਰਗ ਅੰਦਰ ਲੰਘ ਆਵੋ ਤੇ ਬਾਕੀ ਸਾਰੇ ਚੜ੍ਹ ਜਾਓ ਛੱਤ ਤੇ ਵਾਗੁਰੁ ਦਾ ਨਾਮ ਲੈ ਕੇ …ਖਿਆਲ ਰਖਿਓ .. ..ਰਾਹ ਵਿਚ ਦੋ ਤਿੰਨ ਨੀਵੇਂ ਟਾਹਣ ਆਉਣੇ ..ਪੱਗਾਂ ਨਾ ਲੁਹਾ ਲਿਓ…ਬੜਾ ਮੁੱਲ ਤਾਰਿਆ ਦਸਮ ਪਿਤਾ ਨੇ ਇਸ ਦੀ ਖਾਤਿਰ * !
ਅਗਲੇ ਅੱਡੇ ਤੇ ਉਹ ਛੱਤ ਤੇ ਚੜ੍ਹ ਆਇਆ ਤੇ ਟਿਕਟਾਂ ਕੱਟਣ ਲੱਗਾ !
ਕਾਹਲੀ ਕਾਹਲੀ ਬਕਾਇਆ ਮੇਰੇ ਹੱਥ ਫੜਾ ਸੀਟੀ ਮਾਰਦਾ ਥੱਲੇ ਉੱਤਰ ਗਿਆ !
ਬਕਾਏ ਦੇ ਪੈਸੇ ਗਿਣੇ ਤੇ ਦਸ ਰੁਪਈਏ ਵੱਧ ਨਿਕਲੇ ! ਸ਼ਸ਼ੋਪੰਜ ਵਿਚ ਪੈ ਗਿਆ ..ਮੋੜਾਂ ਕੇ ਨਾ ਮੋੜਾਂ ..ਪ੍ਰਾਈਵੇਟ ਵਾਲੇ ਬਥੇਰਾ ਲੁੱਟਦੇ ਸਵਾਰੀਆਂ ਨੂੰ ..ਦਸਾਂ ਦੇ ਨੋਟ ਨਾਲ ਕਿਹੜਾ ਗਰੀਬ ਹੋ ਚੱਲੇ ..!
ਪਰ ਉਸ ਦੇ ਕਹੇ ਬੋਲ ਕੇ * ਪੱਗਾਂ ਨਾ ਲੁਹਾ ਲਿਓ ..ਬੜਾ ਮੁੱਲ ਤਾਰਿਆ ਦਸਮ ਪਿਤਾ ਨੇ *..ਕੰਨਾਂ ਵਿਚ ਉੱਚੀ ਉੱਚੀ ਗੂੰਜਣ ਲੱਗੇ ! ਸੋਚਣ ਲੱਗਾ ਜੇ ਸ਼ਾਮੀਂ ਹਿਸਾਬ ਚੋਂ ਘਟ ਗਏ ਤਾਂ ਪੱਲਿਓਂ ਨਾ ਭਰਨੇ ਪੈ ਜਾਣ ਵਿਚਾਰੇ ਗਰੀਬ ਨੂੰ !
ਏਨਾ ਸੋਚਦੇ ਨੂੰ ਪਿੰਡ ਵਾਲਾ ਅੱਡਾ ਆ ਗਿਆ …ਥੱਲੇ ਉਤਰਿਆ ਤੇ ਸਿੱਧਾ ਕੰਡਕਟਰ ਵੱਲ ਨੂੰ ਹੋ ਤੁਰਿਆ !
ਵਾਜ ਮਾਰ ਆਖਿਆ *ਭਾਈ ਗੁਰਮੁਖਾ..ਆ ਲੈ ਫੜ ਆਪਣਾ ਦਸਾਂ ਦਾ ਨੋਟ..ਗਲਤੀ ਲੱਗ ਗਈ ਸੀ ਤੈਨੂੰ ਬਕਾਇਆ ਮੋੜਦੇ ਨੂੰ * !
ਉਹ ਅੱਗੋਂ ਖੁਸ਼ੀ ਨਾਲ ਬਾਗੋ ਬਾਗ ਹੁੰਦਾ ਬੋਲਿਆ ..
*ਬਾਬਾ ਜੀ ..ਮੁਆਫ ਕਰਨਾ ..ਗਲਤੀ ਨਾਲ ਨੀ ਜਾਣ ਬੁਝ ਕੇ ਹੀ ਵੱਧ ਦਿੱਤੇ ਸੀ ..ਮੈਂ ਵੀ ਇਸੇ ਪਿੰਡ ਦਾ ਹਾਂ..ਕਥਾ ਸੁਣਦਾ ਹੁੰਦਾ ਸੀ ਰੋਜ ਤੁਹਾਡੀ ਗੁਰੂਦੁਆਰੇ … ਅੱਜ ਸੋਚਿਆ ਕੇ ਚਲੋ *ਸੱਚ ਦੇ ਹੋਕੇ ਦੀ * ਪਰਖ ਹੀ ਕਰ ਲਈ ਜਾਵੇ…ਸੱਚ ਜਾਣਿਓ ਟਿਕਟਾਂ ਕੱਟਦਾ ਇਹੋ ਅਰਦਾਸ ਕਰੀਂ ਜਾਂਦਾ ਸੀ ਕੇ ਤੁਸੀਂ ਜਾਣ ਲੱਗਿਆਂ ਦਸਾਂ ਦਾ ਨੋਟ ਮੋੜ ਦੇਵੋ …ਨਹੀਂ ਤੇ ਅੱਜ ਮੇਰਾ ਵਿਸ਼ਵਾਸ਼ ਮਰ ਜਾਣਾ ਸੀ ! *
ਏਨਾ ਆਖ ਉਸ ਸੀਟੀ ਮਾਰੀ ਤੇ ਘੱਟਾ ਉਡਾਉਂਦੀ ਬੱਸ ਕਿਧਰੇ ਅਲੋਪ ਹੋ ਗਈ !
ਮੈਨੂੰ ਬੁੱਤ ਬਣੇ ਨੂੰ ਇੰਜ ਲੱਗਿਆ ਜਿਦਾਂ ਦਸਮ ਪਿਤਾ ਖੁਦ ਕੰਡਕਟਰ ਦਾ ਰੂਪ ਧਾਰਨ ਕਰ ਇੱਕ ਵੱਡਾ ਇਮਤਿਹਾਨ ਪਾ ਗਿਆ ਹੋਵੇ ਤੇ ਸ਼ੁਕਰ ਇਸ ਗੱਲ ਦਾ ਮਨਾ ਰਿਹਾ ਸਾਂ ਕੇ ਫੇਲ ਹੁੰਦਾ ਹੁੰਦਾ ਮਸਾਂ ਕੰਢੇ ਤੇ ਪਾਸ ਹੋਇਆਂ !