ਡਿਜੀਟਲ ਡੈਸਕ, ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਨੂੰ ਰਾਮਪੁਰ ਜੇਲ੍ਹ ਤੋਂ ਸੀਤਾਪੁਰ ਜੇਲ੍ਹ ਵਿਚ ਤਬਦੀਲ ਕਰਨ ਦਾ ਮਾਮਲਾ ਜ਼ੋਰ ਫੜਨ ਲੱਗਿਆ ਹੈ। ਆਜ਼ਮ ਖ਼ਾਨ ਨੂੰ ਸਖ਼ਤ ਸੁਰੱਖਿਆ ਹੇਠ ਸੀਤਾਪੁਰ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ। ਮੀਡੀਆ ਨਾਲ ਸਪਾ ਨੇਤਾ ਨੇ ਆਪਣੇ ਐਨਕਾਊਂਟਰ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਸੀ। ਹੁਣ ਸੂਬਾ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਨੇ ਆਜ਼ਮ ਖਾਨ ਦੇ ਇਸ ਬਿਆਨ ਨੂੰ ਸਿਆਸੀ ਬਿਆਨ ਕਰਾਰ ਦਿੱਤਾ ਹੈ। ਓਪੀ ਰਾਜਭਰ ਨੇ ਕਿਹਾ, ‘ਐਨਕਾਊਂਟਰ ਕੀਤੇ ਜਾਣ ਦੀ ਗੱਲ ‘ਚ ਕੋਈ ਦਮ ਨਹੀਂ ਹੈ। ਸੁਰੱਖਿਆ ਕਾਰਨਾਂ ਕਰਕੇ ਸਰਕਾਰ ਉਸ ਨੂੰ ਜ਼ਿਲ੍ਹੇ ਤੋਂ ਬਾਹਰ ਦੀ ਜੇਲ੍ਹ ਵਿੱਚ ਰੱਖਦੀ ਹੈ, ਇਸ ਸਬੰਧ ਵਿਚ ਉਸ ਨੂੰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।’

ਗਠਜੋੜ ‘ਚ ਟਕਰਾਅ ‘ਤੇ ਕੀ ਬੋਲੇ ਰਾਜਭਰ?

I.N.D.I.A ਗਠਜੋੜ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਛਿੜੀ ਸਿਆਸੀ ਗੜਬੜ ‘ਤੇ ਰਾਜਭਰ ਨੇ ਕਿਹਾ, ‘ਇਹ ਨੇਤਾ ਲੋਕ ਹਨ, ਇਹ ਸਭ ‘ਨੇਤਾਨਗਰੀ’ ਹੈ।ਇਹ ਗਠਜੋੜ ਜ਼ਿਆਦਾ ਦੇਰ ਨਹੀਂ ਚੱਲਣ ਵਾਲਾ ਕਿਉਂਕਿ ਵੱਖ-ਵੱਖ ਵਿਚਾਰਾਂ ਦੇ ਲੋਕ ਇਕੱਠੇ ਹੋ ਗਏ ਹਨ। ਸਭ ਪਰੇਸ਼ਾਨ ਹਨ, ਹਰ ਕੋਈ ਸੀਟਾਂ ਲਈ ਬੇਤਾਬ ਹੈ, ਇਸ ਲਈ ਉਹ ਆਪਸ ਵਿਚ ਲੜ ਰਹੇ ਹਨ।’

ਜ਼ਿਕਰਯੋਗ ਹੈ ਕਿ ਸੁਭਾਸਪਾ ਅਤੇ ਸਮਾਜਵਾਦੀ ਪਾਰਟੀ ਨੇ ਮਿਲ ਕੇ 2022 ਦੀ ਵਿਧਾਨ ਸਭਾ ਚੋਣ ਲੜੀ ਸੀ, ਜਿਸ ਵਿਚ ਰਾਜਭਰ ਦੀ ਪਾਰਟੀ ਨੇ 18 ਵਿੱਚੋਂ 6 ਸੀਟਾਂ ਜਿੱਤੀਆਂ ਸਨ। ਇਸ ਤੋਂ ਬਾਅਦ ਇਸ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜਭਰ ਐੱਨਡੀਏ ਗਠਜੋੜ ਵਿਚ ਸ਼ਾਮਿਲ ਹੋ ਗਏ ਸਨ।