ਇੱਕ ਰੋਗਾਣੂ ਦੀ ਖੋਜ

ਜੱਗ ਬੀਤੀ  – ਪੁਸ਼ਪਿੰਦਰ ਮੋਰਿੰਡਾ

ਵਹਿਮ ਭਰਮ ਅਤੇ ਅੰਧ-ਵਿਸ਼ਵਾਸ ਅੱਜ ਸਾਡੇ ਸਮਾਜ ਦੀ ਇੱਕ ਤ੍ਰਾਸਦੀ ਹੈ। ਅਗਿਆਨਤਾ ਕਾਰਨ ਅਣਗਿਣਤ ਲੋਕ ਸਾਧਾਂ ਜਾਂ ਅਖੌਤੀ ਬਾਬਿਆਂ ਦੇ ਚੁੰਗਲ ਵਿੱਚ ਫਸ ਕੇ ਆਰਥਿਕ ਅਤੇ ਮਾਨਸਿਕ ਲੁੱਟ-ਖਸੁੱਟ ਦਾ ਸ਼ਿਕਾਰ ਹੋ ਰਹੇ ਹਨ। ਅੰਧ-ਵਿਸ਼ਵਾਸੀ ਲੋਕ ਅਕਸਰ ਆਪਣੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਮਾਹਿਰ ਡਾਕਟਰਾਂ ਕੋਲ ਜਾਣ ਦੀ ਬਜਾਏ ਇਨ੍ਹਾਂ ਪਾਖੰਡੀ ਸਾਧਾਂ ਦੀਆਂ ਚੌਕੀਆਂ ਭਰਦੇ ਹਨ। ਇਹ ਬਾਬੇ ਇਨ੍ਹਾਂ ਮਰੀਜ਼ਾਂ ਦਾ ਗੈਰ-ਵਿਗਿਆਨਕ ਵਿਧੀਆਂ ਰਾਹੀਂ ਇਲਾਜ ਕਰਦੇ ਹਨ। ਸਿੱਟੇ ਵਜੋਂ ਮਰੀਜ਼ ਦੀ ਹਾਲਤ ਬਦਤਰ ਹੋ ਜਾਂਦੀ ਹੈ ਅਤੇ ਕਈ ਵਾਰ ਤਾਂ ਉਸ ਦੀ ਮੌਤ ਵੀ ਹੋ ਜਾਂਦੀ ਹੈ। ਭਾਵੇਂ ਮਹਿੰਗੀਆਂ ਸਿਹਤ ਸਹੂਲਤਾਂ ਹੋਣ ਦੀ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਆਰਥਿਕ ਤੰਗੀਆਂ ਵਿੱਚੋਂ ਉਪਜੀ ਉਪਰਾਮਤਾ ਪਹਿਲਾਂ ਮਾਨਸਿਕ ਤੇ ਫਿਰ ਸਰੀਰਕ ਬਿਮਾਰੀ ਦਾ ਕਾਰਨ ਬਣ ਜਾਂਦੀ ਹੈ।

ਦਰਅਸਲ ਹੋਇਆ ਇੰਜ ਕਿ ਕੁਝ ਸਮਾਂ ਪਹਿਲਾਂ ਸਾਡੇ ਸਕੂਲ ਦੀ ਕਨਟੀਨ ‘ਤੇ ਕੰਮ ਕਰਦੀ ਇੱਕ ਔਰਤ ਦਾ ਨੌਜੁਆਨ ਪੁੱਤਰ ਬਿਮਾਰ ਰਹਿਣ ਲੱਗ ਪਿਆ। ਲਗਾਤਾਰ ਘਟ ਰਹੇ ਵਜ਼ਨ ਅਤੇ ਚਿੱਟੇ ਹੋ ਰਹੇ ਵਾਲਾਂ ਕਾਰਨ ਇਹ ਮੁੰਡਾ ਆਪਣੀ ਉਮਰ ਤੋਂ ਕਿਤੇ ਵੱਡਾ ਲੱਗਦਾ ਸੀ। ਉਸ ਦੇ ਇਲਾਜ ਲਈ ਇਹ ਪਰਿਵਾਰ ਕਿਸੇ ਅਖੌਤੀ ਬਾਬੇ ਦੇ ਜਾਲ ਵਿੱਚ ਫਸ ਗਿਆ। ਬਾਬੇ ਨੇ ਬਿਮਾਰੀ ਦਾ ਇਲਾਜ ਇੱਕ ਮਾਰੂਥਲੀ ਪੌਦਾ ਦੱਸਿਆ ਜੋ ਉਨ੍ਹਾਂ ਦੀ ਰਿਹਾਇਸ਼ ਤੋਂ ਦੂਰ ਦੁਰਾਡੇ ਇਲਾਕੇ ਵਿੱਚ ਉੱਗਦਾ ਸੀ। ਇਹ ਪੌਦਾ ਲੈਣ ਲਈ ਹਰ ਹਫ਼ਤੇ ਬੀਬੀ ਨੂੰ 100-150 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ। ਇਸ ਲਈ ਕਿਰਾਏ ਭਾੜੇ ਦੇ ਖ਼ਰਚ ਦੇ ਨਾਲ-ਨਾਲ ਕਨਟੀਨ ਬੰਦ ਹੋਣ ਕਾਰਨ ਉਨ੍ਹਾਂ ਨੂੰ ਦੂਹਰਾ ਨੁਕਸਾਨ ਝੱਲਣਾ ਪੈਂਦਾ ਸੀ। ਇਸ ਬੂਟੇ ਨੂੰ ਮੁੰਡੇ ਦੇ ਸੌਣ ਵਾਲੇ ਕਮਰੇ ਦੀ ਛੱਤ ਉੱਪਰ ਰੱਖਣਾ ਸੀ। ਬਾਬੇ ਦੇ ਦੱਸਣ ਮੁਤਾਬਿਕ ਜਿਉਂ ਜਿਉਂ ਪੌਦਾ ਸੁੱਕਦਾ ਜਾਵੇਗਾ, ਲੜਕੇ ਦੀ ਸਿਹਤ ਵਿੱਚ ਸੁਧਾਰ ਹੁੰਦਾ ਜਾਵੇਗਾ। ਇਹ ਸਭ ਕੁਝ ਇੱਕ ਤਸੱਲੀ ਮਾਤਰ ਅਤੇ ਅੰਨ੍ਹੀ ਸ਼ਰਧਾ ਹੀ ਸੀ। ਸਾਧੂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਬਾਵਜੂਦ ਮੁੰਡੇ ਦੀ ਸਿਹਤ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ ਸੀ। ਇਸ ਪਰਿਵਾਰ ਨੇ ਸਾਡੇ ਕੁਝ ਅਧਿਆਪਕਾਂ ਦੇ ਕਹਿਣ ‘ਤੇ ਲੈਬ ਟੈਸਟ ਕਰਵਾ ਲਏ। ਟੈਸਟਾਂ ਦੀ ਰਿਪੋਰਟ ਮੁਤਾਬਿਕ ਇਨਸੁਲਿਨ ਹਾਰਮੋਨ ਨਾ ਬਣਨ ਕਾਰਨ ਮੁੰਡੇ ਦੇ ਖ਼ੂਨ ਵਿੱਚ ਸ਼ੂਗਰ ਦਾ ਪੱਧਰ ਲਗਾਤਾਰ ਵਧ ਰਿਹਾ ਸੀ। ਬਾਬੇ ਵੱਲੋਂ ਦਿੱਤਾ ਪਤਾਸਿਆਂ ਦਾ ਪ੍ਰਸ਼ਾਦ ਹੋਰ ਨੁਕਸਾਨਦੇਹ ਸਾਬਤ ਹੋ ਰਿਹਾ ਸੀ।

ਇੱਕ ਦਿਨ ਇਹ ਦੋਵੇਂ ਮਾਂ ਪੁੱਤਰ ਬਹੁਤ ਹੀ ਗਮਗੀਨ ਹਾਲਤ ਵਿੱਚ ਮੈਨੂੰ ਬਾਜ਼ਾਰ ਵਿੱਚ ਮਿਲ ਪਏ। ਕੁਝ ਜ਼ਰੂਰੀ ਦਵਾਈਆਂ ਖ਼ਰੀਦਣ ਲਈ ਮੈਂ ਦਵਾਈਆਂ ਦੀ ਦੁਕਾਨ ‘ਤੇ ਰੁਕਣਾ ਸੀ। ਗੱਲਾਂ ਵਿੱਚ ਮਗਨ ਉਹ ਵੀ ਮੇਰੇ ਨਾਲ ਹੀ ਦੁਕਾਨ ‘ਤੇ ਪਹੁੰਚ ਗਏ। ਠੀਕ ਉਸੇ ਸਮੇਂ ਇੱਕ ਛੋਟਾ ਜਿਹਾ ਮੁੰਡਾ ਇੱਕ ਨਾਮਵਰ ਹਸਪਤਾਲ ਦੀ ਪਰਚੀ ਲੈ ਕੇ ਕੁਝ ਦਵਾਈਆਂ ਖ਼ਰੀਦਣ ਲਈ ਉੱਥੇ ਪਹੁੰਚ ਗਿਆ। ਬਿਮਾਰ ਮੁੰਡਾ ਉਸ ਲੜਕੇ ਦਾ ਵਾਕਫ਼ ਸੀ। ਪਰਚੀ ਉੱਤੇ ਲਿਖਿਆ ਰੋਗੀ ਦਾ ਨਾਂ ਕਾਲੇ ਦਾ ਇਲਾਜ ਕਰ ਰਹੇ ਉਸੇ ਬਾਬੇ ਦਾ ਸੀ ਜੋ ਖ਼ੁਦ ਸ਼ੂਗਰ ਦੇ ਰੋਗ ਤੋਂ ਪੀੜਿਤ ਸੀ। ਨੱਥੀ ਰਿਪੋਰਟ ਵਿੱਚ ਉਸ ਦੀ ਸ਼ੂਗਰ ਦਾ ਪੱਧਰ 300 ਇਕਾਈਆਂ ਤੋਂ ਉੱਪਰ ਚੱਲ ਰਿਹਾ ਸੀ। ਬਾਬੇ ਦੀ ਦਵਾਈ ਲੈਣ ਆਏ ਸ਼ਰਧਾਲੂ ਮੁੰਡੇ ਨੇ ਦੱਸਿਆ ਕਿ ਡਾਕਟਰੀ ਹਦਾਇਤਾਂ ਮੁਤਾਬਿਕ ‘ਬਾਬਾ ਜੀ’ ਨੇ ਮਿੱਠਾ ਖਾਣਾ ਬੰਦ ਕੀਤਾ ਹੋਇਆ ਸੀ। ਬਿਮਾਰੀ ਤੋਂ ਪੀੜਤ ਮੁੰਡਾ ਹੁਣ ਸਮਝ ਗਿਆ ਸੀ ਕਿ ਬਾਬਾ ਜੇ ਆਪਣਾ ਇਲਾਜ ਖ਼ੁਦ ਨਹੀਂ ਕਰ ਸਕਦਾ ਤਾਂ ਉਸ ਨੂੰ ਠੀਕ ਕਿਵੇਂ ਕਰ ਸਕਦਾ ਹੈ? ਦੁਚਿੱਤੀ ਵਿੱਚ ਫਸੇ ਮੁੰਡੇ ਨੇ ਹੁਣ ਸਹੀ ਢੰਗ ਨਾਲ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਉਣ ਦਾ ਮਨ ਬਣਾ ਲਿਆ ਸੀ। ਮੈਨੂੰ ਇਹ ਜਾਪ ਰਿਹਾ ਸੀ ਜਿਵੇਂ ਭਰਮ ਰੋਗ ਦੀ ਲਾਗ ਦੇਣ ਵਾਲਾ ਰੋਗਾਣੂ ਲੱਭ ਗਿਆ ਹੋਵੇ।

Be the first to comment

Leave a Reply