ਨਵੀਂ ਦਿੱਲੀ, ਸਪੋਰਟਸ ਡੈਸਕ : World Cup 2023 ‘ਚ ਭਾਰਤੀ ਟੀਮ ਦਾ ਸੁਨਹਿਰੀ ਸਫ਼ਰ ਜਾਰੀ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਐਤਵਾਰ ਨੂੰ ਟੂਰਨਾਮੈਂਟ ਦੇ 29ਵੇਂ ਮੈਚ ‘ਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 100 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ।

ਲਖਨਊ ਦੇ ਇਕਾਨਾ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 9 ਵਿਕਟਾਂ ਗੁਆ ਕੇ 229 ਦੌੜਾਂ ਬਣਾਈਆਂ। ਫਿਰ ਇੰਗਲੈਂਡ ਦੀ ਟੀਮ 34.5 ਓਵਰਾਂ ‘ਚ 129 ਦੌੜਾਂ ‘ਤੇ ਆਊਟ ਹੋ ਗਈ। ਭਾਰਤ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਛੇਵੀਂ ਜਿੱਤ ਸੀ।

ਭਾਰਤ ਨੂੰ ਕੀ ਹੈ ਖਤਰਾ

‘ਰੋਹਿਤ ਬ੍ਰਿਗੇਡ’ ਵਿਸ਼ਵ ਕੱਪ 2023 ਦੀ ਅੰਕ ਸੂਚੀ ‘ਚ 12 ਅੰਕਾਂ ਨਾਲ ਸਿਖਰ ‘ਤੇ ਹੈ। ਪੂਰੇ ਟੂਰਨਾਮੈਂਟ ‘ਚ ਹੁਣ ਤਕ ਭਾਰਤ ਇਕਲੌਤੀ ਟੀਮ ਹੈ ਜਿਸ ਨੇ ਕੋਈ ਮੈਚ ਨਹੀਂ ਹਾਰਿਆ ਹੈ। ਹਾਲਾਂਕਿ ਭਾਰਤੀ ਟੀਮ ਨੂੰ ਲਗਾਤਾਰ ਛੇ ਮੈਚ ਜਿੱਤ ਕੇ ਵੀ ਸੈਮੀਫਾਈਨਲ ‘ਚ ਅਧਿਕਾਰਤ ਐਂਟਰੀ ਨਹੀਂ ਮਿਲੀ ਹੈ। ਭਾਰਤ ਨੇ ਲੀਗ ਪੜਾਅ ‘ਚ ਤਿੰਨ ਮੈਚ ਖੇਡਣੇ ਹਨ।

ਭਾਰਤੀ ਟੀਮ ਲਈ ਆਪਣੇ ਅਗਲੇ ਤਿੰਨ ਮੈਚਾਂ ‘ਚੋਂ ਘੱਟੋ-ਘੱਟ ਇਕ ਜਿੱਤਣਾ ਜਾਂ ਇਕ ਹੋਰ ਅੰਕ ਹਾਸਲ ਕਰਨਾ ਜ਼ਰੂਰੀ ਹੈ। ਜੇਕਰ ਟੀਮ ਇੰਡੀਆ ਆਪਣੇ ਅਗਲੇ ਤਿੰਨ ਮੈਚ ਹਾਰ ਜਾਂਦੀ ਹੈ ਤਾਂ ਉਸ ਦੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਣ ਦਾ ਖ਼ਤਰਾ ਹੋ ਸਕਦਾ ਹੈ।

ਕਿਉਂ ਤੈਅ ਨਹੀਂ ਸੈਮੀਫਾਈਨਲ ?

ਅਜਿਹਾ ਇਸ ਲਈ ਕਿਉਂਕਿ ਸ਼੍ਰੀਲੰਕਾ ਤੇ ਅਫਗਾਨਿਸਤਾਨ ਦੋਵਾਂ ਦੇ ਪੰਜ ਮੈਚਾਂ ‘ਚ ਚਾਰ ਅੰਕ ਹਨ। ਇਸ ਦਾ ਮਤਲਬ ਹੈ ਕਿ ਦੋਵੇਂ ਟੀਮਾਂ ਭਾਰਤ ਦੇ 12 ਅੰਕਾਂ ਨਾਲ ਬਰਾਬਰੀ ਕਰ ਸਕਦੀਆਂ ਹਨ। ਸ਼੍ਰੀਲੰਕਾ ਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਟੀਮ ਭਾਰਤ ਦੀ ਬਰਾਬਰੀ ਕਰ ਸਕਦੀ ਹੈ।

ਜੇਕਰ ਸ਼੍ਰੀਲੰਕਾ ਤੇ ਅਫਗਾਨਿਸਤਾਨ ਵਿਚਾਲੇ ਮੈਚ ਮੀਂਹ ਦੀ ਭੇਟ ਚੜ੍ਹਦਾ ਹੈ ਤਾਂ ਵੀ ਰੋਹਿਤ ਸ਼ਰਮਾ ਦੀ ਟੀਮ ਦੀ ਸੈਮੀਫਾਈਨਲ ‘ਚ ਜਗ੍ਹਾ ਪੱਕੀ ਹੋ ਜਾਵੇਗੀ। ਇਸ ਦੇ ਨਾਲ ਹੀ ਭਾਰਤ ਦੀ ਇਕ ਹੋਰ ਜਿੱਤ ਸੈਮੀਫਾਈਨਲ ‘ਚ ਪਹੁੰਚਣ ਦੀ ਪੁਸ਼ਟੀ ਕਰੇਗੀ। ਅਜਿਹੇ ‘ਚ ਪਾਕਿਸਤਾਨ ਦੇ ਅਰਮਾਨਾਂ ‘ਤੇ ਪਾਣੀ ਫਿਰ ਜਾਵੇਗਾ।

ਛੋਟੀ ਜਿਹੀ ਗਲਤੀ ਪਵੇਗੀ ਭਾਰੀ

ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਦੇ ਛੇ ਮੈਚਾਂ ‘ਚ ਚਾਰ ਅੰਕ ਹਨ। ਜੇਕਰ ਪਾਕਿਸਤਾਨ ਆਪਣੇ ਅਗਲੇ ਤਿੰਨ ਮੈਚ ਜਿੱਤ ਵੀ ਲੈਂਦਾ ਹੈ ਤਾਂ ਉਸ ਦੇ 10 ਅੰਕ ਹੋ ਜਾਣਗੇ ਤੇ ਉਹ ਭਾਰਤ ਤੋਂ ਪੱਛੜ ਜਾਵੇਗਾ। ਹਾਲਾਂਕਿ ਸੈਮੀਫਾਈਨਲ ‘ਚ ਭਾਰਤ ਦੀ ਜਗ੍ਹਾ ਲਗਪਗ ਤੈਅ ਲੱਗ ਰਹੀ ਹੈ ਪਰ ਇਕ ਛੋਟੀ ਜਿਹੀ ਗਲਤੀ ਵੀ ਰੋਹਿਤ ਬ੍ਰਿਗੇਡ ਨੂੰ ਮਹਿੰਗੀ ਪੈ ਸਕਦੀ ਹੈ। ਅਜਿਹੇ ‘ਚ ਭਾਰਤ ਆਪਣੇ ਅਗਲੇ ਮੈਚਾਂ ਨੂੰ ਹਲਕੇ ‘ਚ ਲੈਣ ਦੀ ਗਲਤੀ ਨਹੀਂ ਕਰੇਗਾ।

ਭਾਰਤ ਦੇ ਬਾਕੀ ਮੈਚ

2 ਨਵੰਬਰ ਬਨਾਮ ਸ਼੍ਰੀਲੰਕਾ, ਮੁੰਬਈ

5 ਨਵੰਬਰ ਬਨਾਮ ਦੱਖਣੀ ਅਫਰੀਕਾ, ਕੋਲਕਾਤਾ

12 ਨਵੰਬਰ ਬਨਾਮ ਨੀਦਰਲੈਂਡ, ਬੈਂਗਲੁਰੂ।