ਜੇਐੱਨਐੱਨ, ਦੇਹਰਾਦੂਨ : ਉੱਤਰਕਾਸ਼ੀ ਸੁਰੰਗ ਹਾਦਸੇ ‘ਚ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਚਲਾਇਆ ਜਾ ਰਿਹਾ ਬਚਾਅ ਕਾਰਜ ਹੁਣ ਆਖ਼ਰੀ ਪੜਾਅ ‘ਤੇ ਹੈ। ਮਜ਼ਦੂਰਾਂ ਤੋਂ ਸਿਰਫ਼ ਕੁਝ ਮੀਟਰ ਹੋਰ ਦੂਰੀ ਬਚੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਸ ਪੂਰੇ ਬਚਾਅ ਕਾਰਜ ‘ਤੇ ਨਜ਼ਰ ਰੱਖ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਮੁੜ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਫੋਨ ਕਰ ਕੇ ਸਿਲਕਿਆਰਾ (ਉੱਤਰਾਕਾਸ਼ੀ) ਵਿਚ ਸੁਰੰਗ ‘ਚ ਫਸੇ ਮਜ਼ਦੂਰਾਂ ਦੇ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਲਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਸੁਰੰਗ ਵਿਚ ਫਸੇ ਮਜ਼ਦੂਰਾਂ ਦਾ ਹਾਲ-ਚਾਲ ਪੁੱਛਿਆ। ਪ੍ਰਧਾਨ ਮੰਤਰੀ ਨੇ ਡਰਿਲਿੰਗ ਸਬੰਧੀ ਪੂਰੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਅੰਦਰ ਫਸੇ ਮਜ਼ਦੂਰਾਂ ਦੀ ਸੁਰੱਖਿਆ ਦੇ ਨਾਲ-ਨਾਲ ਬਾਹਰ ਰਾਹਤ ਕਾਰਜਾਂ ਵਿਚ ਲੱਗੇ ਲੋਕਾਂ ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਅੰਦਰ ਫਸੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਪਰੋਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਧਾਨ ਮੰਤਰੀ ਨੇ ਆਉਣ ਵਾਲੀ ਰਣਨੀਤੀ ਬਾਰੇ ਵੀ ਚਰਚਾ ਕੀਤੀ।
ਜਲਦੀ ਹੀ ਬਾਹਰ ਆ ਸਕਦੇ ਹਨ ਮਜ਼ਦੂਰ
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਿਆ ਕਿ ਮੈਨੂਅਲੀ ਡ੍ਰਿਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਤੱਕ ਕੁੱਲ 55 ਮੀਟਰ ਪਾਈਪ ਨੂੰ ਪੁਸ਼ ਕੀਤਾ ਜਾ ਚੁੱਕਿਆ ਹੈ। ਜੇ ਕੋਈ ਵੱਡੀ ਰੁਕਾਵਟ ਨਾ ਆਈ ਤਾਂ ਜਲਦੀ ਹੀ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੰਦਰ ਫਸੇ ਸਾਰੇ ਮਜ਼ਦੂਰਾਂ ਦੀ ਸਿਹਤ ਸੁਰੱਖਿਅਤ ਹੈ। ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਕਰਮਚਾਰੀ, ਇੰਜੀਨੀਅਰ ਅਤੇ ਮਾਹਿਰ ਅਧਿਕਾਰੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੂੰ ਦਿੱਤੀ ਸਾਰੀ ਜਾਣਕਾਰੀ
ਮੁੱਖ ਮੰਤਰੀ ਨੇ ਕਿਹਾ ਕਿ ਅੰਦਰ ਫਸੇ ਸਾਰੇ ਵਰਕਰਾਂ ਨੂੰ ਮਿਆਰੀ ਭੋਜਨ ਨਿਯਮਤ ਤੌਰ ‘ਤੇ ਭੇਜਿਆ ਜਾ ਰਿਹਾ ਹੈ। ਸਾਰੇ ਵਰਕਰਾਂ ਨੂੰ ਡਾਕਟਰਾਂ ਅਤੇ ਮਨੋਵਿਗਿਆਨੀ ਡਾਕਟਰਾਂ ਨਾਲ ਵੀ ਲਗਾਤਾਰ ਸੰਪਰਕ ਵਿਚ ਰੱਖਿਆ ਜਾ ਰਿਹਾ ਹੈ। ਅੰਦਰ ਫਸੇ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਵੀ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਸਡੀਆਰਐੱਫ ਦੁਆਰਾ ਸਥਾਪਿਤ ਕੀਤੇ ਗਏ ਸੰਚਾਰ ਸੈਟਅਪ ਤੋਂ ਇਲਾਵਾ ਬੀਐੱਸਐੱਨਐੱਲ ਦੁਆਰਾ ਟੈਲੀਫੋਨ ਸੰਚਾਰ ਸੈੱਟਅੱਪ ਵੀ ਸਥਾਪਿਤ ਕੀਤਾ ਗਿਆ ਹੈ।
ਤਾਇਨਾਤ ਹਨ ਡਾਕਟਰ
ਮੁੱਖ ਮੰਤਰੀ ਨੇ ਕਿਹਾ ਕਿ ਫਸੇ ਮਜ਼ਦੂਰਾਂ ਨੂੰ ਕੱਢਣ ਤੋਂ ਬਾਅਦ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਐਸਡੀਆਰਐਫ, ਐਨਡੀਆਰਐਫ ਨੂੰ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਡਾਕਟਰਾਂ ਦੀ ਟੀਮ ਵੀ ਮੌਕੇ ‘ਤੇ ਮੌਜੂਦ ਹੈ। ਸਾਰੇ ਅਧਿਕਾਰੀਆਂ ਨੂੰ 24 ਘੰਟੇ ਅਲਰਟ ‘ਤੇ ਰੱਖਿਆ ਗਿਆ ਹੈ।


