ਹੈਦਰਾਬਾਦ, ਏਐੱਨਆਈ : ਕਾਂਗਰਸ ਵਿਧਾਇਕ ਦਲ ਦੇ ਨੇਤਾ ਰੇਵੰਤ ਰੈਡੀ ਨੇ ਵੀਰਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਤਮਿਲਿਸਾਈ ਸੌਂਦਰਰਾਜਨ ਨੇ ਐੱਲਬੀ ਸਟੇਡੀਅਮ ਵਿੱਚ ਹੋਏ ਸਹੁੰ ਚੁੱਕ ਸਮਾਰੋਹ ਵਿੱਚ ਰੇਵੰਤ ਰੈਡੀ ਨੂੰ ਮੁੱਖ ਮੰਤਰੀ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।

ਜ਼ਿਕਰਯੋਗ ਹੈ ਕਿ ਰੇਵੰਤ ਰੈਡੀ ਤੇਲੰਗਾਨਾ ਵਿੱਚ ਕਾਂਗਰਸ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਨਿਯੁਕਤ ਹੋਏ। ਦਰਅਸਲ, ਸੰਨ 2014 ਵਿੱਚ ਤੇਲੰਗਾਨਾ ਰਾਜ ਦਾ ਗਠਨ ਹੋਇਆ ਸੀ ਅਤੇ ਉਦੋਂ ਤੋਂ ਇੱਥੇ ਚੰਦਰਸ਼ੇਖਰ ਰਾਵ ਦੀ ਅਗਵਾਈ ਵਿੱਚ ਭਾਰਤ ਰਾਸ਼ਟਰ ਸੰਮਤੀ (ਬੀਆਰਐੱਸ) ਦੀ ਸਰਕਾਰ ਸੀ। ਹਾਲਾਂਕਿ, ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਬੀਆਰਐੱਸ ਨੂੰ ਹਰਾ ਕੇ ਸਰਕਾਰ ਦਾ ਗਠਨ ਕੀਤਾ।

ਸਮਾਰੋਹ ਵਿੱਚ ਇਹ ਰਹੇ ਮੌਜ਼ੂਦ

ਸੰਨ 20214 ਵਿੱਚ ਬਣੇ ਰਾਜ ਦੇ ਉਪ ਮੁੱਖ ਮੰਤਰੀ ਵਜੋ. ਮੱਲੂ ਬੀ ਵਿਕਰਮਾਰਕ ਨੇ ਸਹੁੰ ਚੁੱਕੀ। ਐੱਲਬੀ ਸਟੇਡੀਅਮ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸਿੱਧ ਰਮਈਆ, ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ, ਸਾਬਕਾ ਚੇਅਰਪਰਸਨ ਸੋਨੀਆ ਗਾਂਧੀ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਸਮੇਤ ਹੋਰ ਨੇਤਾ ਮੌਜ਼ੂਦ ਸਨ।

ਵਿਧਾਇਕਾਂ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ

ਰਾਜਪਾਲ ਨੇ ਇਕ ਉੱਪ ਮੁੱਖ ਮੰਤਰੀ ਸਣੇ 11 ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਇਨ੍ਹਾਂ ਵਿੱਚ ਦੋ ਮਹਿਲਾ ਵਿਧਾਇਕ ਵੀ ਸ਼ਾਮਲ ਹਨ। ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਵਿਧਾਇਕਾਂ ਵਿੱਚ ਐੱਨ ਉਤਮ ਕੁਮਾਰ ਰੈਡੀ, ਸੀ ਦਮੋਦਰ ਰਾਜਨਰਸਿਮਹਾ, ਕੋਮਾਟੀਰੈਡੀ ਵੈਂਕਟ ਰੈਡੀ, ਪੋਨਮ ਪ੍ਰਭਾਕਰ, ਥੁਮਾਲਾ ਨਾਗੇਸ਼ਵਰ ਰਾਵ ਸਮੇਤ ਹੋਰ ਸ਼ਾਮਲ ਹਨ।

ਪੀਐੱਮ ਮੋਦੀ ਨੇ ਨਵੇਂ ਸੀਐੱਮ ਨੂੰ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ਸ਼ੇਅਰ ਕੀਤੀ। ਉਨ੍ਹਾਂ ਕਿਹਾ,

”ਤੇਲੰਗਾਨਾ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ‘ਤੇ ਰੇਵੰਤ ਰੈਡੀ ਗਾਰੂ ਨੂੰ ਵਧਾਈ। ਮੈਂ ਰਾਜ ਦੀ ਤਰੱਕੀ ਅਤੇ ਉਸ ਦੇ ਨਾਗਰਿਕਾਂ ਦੇ ਕਲਿਆਣ ਲਈ ਹਰ ਸੰਭਵ ਹਮਾਇਤ ਦਾ ਭਰੋਸਾ ਦਿੰਦਾ ਹਾਂ।”

ਟੀਡੀਪੀ ਤੋਂ ਕਾਂਗਰਸ ਵਿੱਚ ਹੋਏ ਸਨ ਸ਼ਾਮਲ

ਯਾਦ ਰਹੇ ਕਿ ਕਾਂਗਰਸ ਨੇ ਬੀਆਰਐੱਸ ਨੂੰ ਹਰਾ ਕੇ 119 ਵਿੱਚੋਂ 64 ਸੀਟਾਂ ‘ਤੇ ਕਬਜ਼ਾ ਕੀਤਾ, ਜਦੋਂ ਕਿ ਬੀਆਰਐੱਸ ਸਿਰਫ਼ 39 ਸੀਟਾਂ ਜਿੱਤਣ ਵਿੱਚ ਕਾਮਯਾਬ ਹੋ ਸਕੀ। ਨਵੇ. ਮੁੱਖ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਸੰਨ 2017 ਵਿੱਚ ਟੀਡੀਪੀ ਨੂੰ ਅਲਵਿਦਾ ਆਖ ਕੇ ਕਾਂਗਰਸ ਦੀ ਪੱਲਾ ਫੜ ਲਿਆ ਸੀ। ਜੂਨ 2021 ਵਿੱਚ ਰੇਵੰਤ ਰੈਡੀ ਨੂੰ ਐੱਨ ਉਤਮ ਕੁਮਾਰ ਰੈਡੀ ਦੀ ਜਗ੍ਹਾ ਕਾਂਗਰਸ ਨੇ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਸੀ।