ਸਟੇਟ ਬਿਊਰੋ, ਲਖਨਊ : ਮਹਿਲਾ ਪੀਸੀਐਸ ਅਧਿਕਾਰੀ ਜੋਤੀ ਮੌਰਿਆ ਨਾਲ ਸਬੰਧਾਂ ਦੇ ਮਾਮਲੇ ‘ਚ ਸ਼ਾਮਲ ਹੋਮ ਗਾਰਡ ਕਮਾਂਡੈਂਟ ਮਨੀਸ਼ ਦੂਬੇ ਖ਼ਿਲਾਫ਼ ਕਿਸੇ ਵੀ ਸਮੇਂ ਕਾਰਵਾਈ ਕੀਤੀ ਜਾ ਸਕਦੀ ਹੈ। ਡੀਜੀਪੀ ਹੋਮਗਾਰਡ ਬੀਕੇ ਮੌਰਿਆ ਵੱਲੋਂ ਸਰਕਾਰ ਨੂੰ ਭੇਜੀ ਗਈ ਵਿਭਾਗੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਦਰਭ ‘ਚ ਜੇਲ੍ਹ ਅਤੇ ਹੋਮ ਗਾਰਡਜ਼ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਧਰਮਵੀਰ ਪ੍ਰਜਾਪਤੀ ਨੇ ਮਨੀਸ਼ ਦੂਬੇ ਨੂੰ ਮੁਅੱਤਲ ਕਰ ਕੇ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ।
ਮਨੀਸ਼ ਫਿਲਹਾਲ ਮਹੋਬਾ ‘ਚ ਤਾਇਨਾਤ ਹਨ। ਮਹਿਲਾ ਪੀਸੀਐਸ ਅਧਿਕਾਰੀ ਦੇ ਪਤੀ ਨੇ ਦੋਸ਼ ਲਾਇਆ ਸੀ ਕਿ ਉਸ ਨੇ ਮਹਿਲਾ ਅਧਿਕਾਰੀ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਮਹਿਲਾ ਅਧਿਕਾਰੀ ਤੇ ਉਸ ਦੇ ਪਤੀ ਵਿਚਕਾਰ ਸਮਝੌਤਾ ਹੋ ਚੁੱਕਾ ਹੈ।
ਦੱਸ ਦਈਏ ਕਿ ਹੋਮ ਗਾਰਡ ਕਮਾਂਡੈਂਟ ਮਨੀਸ਼ ਦੂਬੇ ‘ਤੇ ਬਰੇਲੀ ‘ਚ ਤਾਇਨਾਤ ਰਹਿਣ ਦੌਰਾਨ ਇਕ ਮਹਿਲਾ ਪੀਸੀਐਸ ਅਧਿਕਾਰੀ ਨਾਲ ਨਜ਼ਦੀਕੀ ਸਬੰਧ ਬਣਾਉਣ ਦਾ ਗੰਭੀਰ ਦੋਸ਼ ਸੀ। ਇਹ ਦੋਸ਼ ਮਹਿਲਾ ਅਧਿਕਾਰੀ ਦੇ ਪਤੀ ਨੇ ਲਾਇਆ ਸੀ ਅਤੇ ਉਸ ਨੇ ਇਹ ਵੀ ਸ਼ੱਕ ਪ੍ਰਗਟਾਇਆ ਸੀ ਕਿ ਉਸ ਦੀ ਪਤਨੀ ਤੇ ਕਮਾਂਡੈਂਟ ਉਸ ਦੇ ਕਤਲ ਦੀ ਸਾਜ਼ਿਸ਼ ਰਚ ਰਹੇ ਹਨ। ਮਹਿਲਾ ਅਧਿਕਾਰੀ ਦੇ ਪਤੀ ਨੇ ਵੀ ਕਈ ਸਬੂਤ ਜਨਤਕ ਕੀਤੇ ਸਨ।


