Skip to content
Friday, November 13, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਪੰਜਾਬ ਦੀ ਡਿੱਗਦੀ ਕਾਨੂੰਨ ਵਿਵਸਥਾ ‘ਤੇ ਗਵਰਨਰ ਕਟਾਰੀਆ ਦੀ ਤਿੱਖੀ ਪ੍ਰਤੀਕਿਰਿਆ, ਵਧਦੇ ‘ਗੰਨ ਕਲਚਰ’ ‘ਤੇ ਜਤਾਈ ਡੂੰਘੀ ਚਿੰਤਾ

By Admin Published 2 min read
ਪੰਜਾਬ ਦੀ ਡਿੱਗਦੀ ਕਾਨੂੰਨ ਵਿਵਸਥਾ ‘ਤੇ ਗਵਰਨਰ ਕਟਾਰੀਆ ਦੀ ਤਿੱਖੀ ਪ੍ਰਤੀਕਿਰਿਆ, ਵਧਦੇ ‘ਗੰਨ ਕਲਚਰ’ ‘ਤੇ ਜਤਾਈ ਡੂੰਘੀ ਚਿੰਤਾ

ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਬੇਲਗਾਮ ਹੁੰਦੇ ਜਾ ਰਹੇ ਹਥਿਆਰਾਂ ਦੇ ਰੁਝਾਨ (ਗੰਨ ਕਲਚਰ) ਨੂੰ ਲੈ ਕੇ ਸੂਬੇ ਦੇ ਰਾਜਪਾਲ (ਗਵਰਨਰ) ਗੁਲਾਬ ਚੰਦ ਕਟਾਰੀਆ ਨੇ ਬੇਹੱਦ ਤਿੱਖੇ ਤੇਵਰ ਦਿਖਾਏ ਹਨ। ਲੁਧਿਆਣਾ ਵਿਖੇ ਇੱਕ ਨਿੱਜੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪੁੱਜੇ ਗਵਰਨਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਸੁਰੱਖਿਆ ਹਾਲਾਤਾਂ 'ਤੇ ਸਿੱਧਾ ਹਮਲਾ ਕੀਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਰੋਜ਼ਾਨਾ ਸੰਗੀਨ ਅਪਰਾਧਿਕ ਵਾਰਦਾਤਾਂ ਵਾਪਰ ਰਹੀਆਂ ਹਨ, ਉਸ ਨੂੰ ਦੇਖਦਿਆਂ ਕਾਨੂੰਨ ਵਿਵਸਥਾ ਨੂੰ ਕਿਸੇ ਵੀ ਕੀਮਤ 'ਤੇ 'ਤਸੱਲੀਬਖਸ਼' ਨਹੀਂ ਕਿਹਾ ਜਾ ਸਕਦਾ। ਰਾਜਭਵਨ ਵੱਲੋਂ ਆਏ ਇਸ ਸਖ਼ਤ ਬਿਆਨ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।

ਪੰਜਾਬ ਵਿੱਚ ਗੱਲ-ਗੱਲ 'ਤੇ ਹੁੰਦੀ ਫਾਇਰਿੰਗ 'ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕਰਦਿਆਂ ਰਾਜਪਾਲ ਨੇ ਕਿਹਾ, "ਪੰਜਾਬ ਵਿੱਚ ਹਾਲਾਤ ਅਜਿਹੇ ਬਣ ਗਏ ਹਨ ਕਿ ਹਰ ਵਿਅਕਤੀ ਨੂੰ ਗੋਲੀ ਚਲਾਉਣ ਦੀ ਆਦਤ ਜਿਹੀ ਪੈ ਗਈ ਹੈ। ਜਿਵੇਂ ਕੋਈ ਤਿਉਹਾਰਾਂ 'ਤੇ ਪਟਾਕੇ ਚਲਾਉਂਦਾ ਹੈ, ਇੱਥੇ ਬਿਲਕੁਲ ਉਸੇ ਅੰਦਾਜ਼ ਵਿੱਚ ਗੋਲੀਆਂ ਚੱਲਦੀਆਂ ਹਨ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਛੋਟੀ-ਛੋਟੀ ਰੰਜਿਸ਼ ਪਿੱਛੇ ਬੱਚੇ ਵੀ ਪਿਸਤੌਲ ਕੱਢ ਲੈਂਦੇ ਹਨ। ਇਹ ਸਿਰਫ਼ ਪੁਲਿਸ ਜਾਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਪੂਰੇ ਸਮਾਜ ਸਾਹਮਣੇ ਇੱਕ ਵੱਡੀ ਚੁਣੌਤੀ ਹੈ।"

ਨਸ਼ਿਆਂ ਦੇ ਮੁੱਦੇ 'ਤੇ ਭਾਵੁਕ ਹੁੰਦਿਆਂ ਗਵਰਨਰ ਨੇ ਕਿਹਾ ਕਿ ਪੰਜਾਬ ਵਰਗੀ ਸੂਰਬੀਰਾਂ ਦੀ ਧਰਤੀ ਨੂੰ ਨਸ਼ਾ ਅੰਦਰੋਂ-ਅੰਦਰੀਂ ਖੋਖਲਾ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦਾ ਖਾਤਮਾ ਸਿਰਫ਼ ਪੁਲਿਸ ਦੇ ਡੰਡੇ ਨਾਲ ਸੰਭਵ ਨਹੀਂ, ਇਸ ਲਈ ਪੂਰੇ ਸਮਾਜ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਨਸ਼ੇੜੀ ਬੱਚਿਆਂ ਨਾਲ ਨਫ਼ਰਤ ਕਰਨ ਜਾਂ ਉਨ੍ਹਾਂ ਨੂੰ ਸਮਾਜ ਵਿੱਚੋਂ ਕੱਢਣ ਦੀ ਬਜਾਏ ਪੂਰੇ ਮੁਹੱਲੇ ਅਤੇ ਸਮਾਜ ਨੂੰ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜੇਕਰ ਸਮਾਜ ਇਕਜੁੱਟ ਹੋ ਕੇ ਨਵੀਂ ਪੀੜ੍ਹੀ ਨੂੰ ਬਚਾ ਲਵੇ, ਤਾਂ ਪੰਜਾਬ ਅਗਲੇ 8-10 ਸਾਲਾਂ ਵਿੱਚ ਮੁੜ ਆਪਣੀ ਪੁਰਾਣੀ ਸ਼ਾਨ ਬਹਾਲ ਕਰ ਲਵੇਗਾ। ਸਿਆਸੀ ਸਵਾਲਾਂ 'ਤੇ ਉਨ੍ਹਾਂ ਇਹ ਕਹਿ ਕੇ ਚੁੱਪ ਵੱਟ ਲਈ ਕਿ ਉਹ ਸਿਰਫ਼ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਅਤੇ ਮਰਿਆਦਾਵਾਂ ਤੱਕ ਹੀ ਸੀਮਤ ਰਹਿਣਾ ਚਾਹੁੰਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp