ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: Actor Junior Mehmood Death: ਹਿੰਦੀ ਸਿਨੇਮਾ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਫਿਲਮੀ ਦੁਨੀਆ ਵਿੱਚ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਨ ਵਾਲੇ ਅਦਾਕਾਰ ਜੂਨੀਅਰ ਮਹਿਮੂਦ ਨਹੀਂ ਰਹੇ। ਅਦਾਕਾਰ ਨੇ 67 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਿਆ। ਉਹ ਪਿਛਲੇ ਕੁਝ ਸਮੇਂ ਤੋਂ ਪੇਟ ਦੇ ਕੈਂਸਰ ਤੋਂ ਪੀੜਤ ਸਨ।

ਜੂਨੀਅਰ ਮਹਿਮੂਦ ਦਾ ਦੇਹਾਂਤ

ਜੂਨੀਅਰ ਮਹਿਮੂਦ ਦੇ ਨਾਂ ਨਾਲ ਮਸ਼ਹੂਰ ਨਈਮ ਸਈਦ ਪੇਟ ਦੇ ਕੈਂਸਰ ਨਾਲ ਜੂਝ ਰਹੇ ਸਨ। ਉਸਦੀ ਚੌਥੀ ਸਟੇਜ ਚੱਲ ਰਹੀ ਸੀ ਅਤੇ ਹਾਲਤ ਕਾਫੀ ਗੰਭੀਰ ਸੀ। ਬੀਤੀ ਰਾਤ ਕਰੀਬ 2 ਵਜੇ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਅਦਾਕਾਰ ਦੇ ਦੇਹਾਂਤ ਨਾਲ ਸਿਨੇਮਾ ਜਗਤ ਨੂੰ ਗਹਿਰਾ ਸਦਮਾ ਲੱਗਾ ਹੈ। ANI ਦੇ ਮੁਤਾਬਕ ਜੂਨੀਅਰ ਮਹਿਮੂਦ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਇੱਕ ਦੋਸਤ ਨੇ ਕੀਤੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਸਾਂਤਾ ਕਰੂਜ਼ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

18 ਦਿਨ ਪਹਿਲਾਂ ਚੌਥੀ ਸਟੇਜ ਦੇ ਕੈਂਸਰ ਦਾ ਪਤਾ ਲੱਗਾ ਸੀ

ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਜੂਨੀਅਰ ਮਹਿਮੂਦ ਦੇ ਪਰਿਵਾਰ ਨੇ ਉਸਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਚੌਥੇ ਪੜਾਅ ਦੇ ਕੈਂਸਰ ਕਾਰਨ ਉਹ ਦਰਦ ਦੇ ਬਾਰੇ ਵਿੱਚ ਦੱਸਿਆ। ਮਹਿਮੂਦ ਦੇ ਬੇਟੇ ਹੁਸਨੈਨ ਨੇ ਕਿਹਾ, “ਸਾਨੂੰ 18 ਦਿਨ ਪਹਿਲਾਂ ਹੀ ਉਨ੍ਹਾਂ ਦੇ ਚੌਥੇ ਪੜਾਅ ਦੇ ਪੇਟ ਦੇ ਕੈਂਸਰ ਬਾਰੇ ਪਤਾ ਲੱਗਾ। ਅਸੀਂ ਉਨ੍ਹਾਂ ਨੂੰ ਟਾਟਾ ਮੈਮੋਰੀਅਲ ਹਸਪਤਾਲ ਲੈ ਗਏ। ਉੱਥੇ ਦੇ ਡੀਨ ਨੇ ਸਾਨੂੰ ਦੱਸਿਆ ਕਿ ਇਸ ਪੜਾਅ ‘ਤੇ ਇਲਾਜ ਅਤੇ ਕੀਮੋਥੈਰੇਪੀ ਬਹੁਤ ਦਰਦਨਾਕ ਹੋਵੇਗੀ।” ਹਸਪਤਾਲ ਨੇ ਸੁਝਾਅ ਦਿੱਤਾ ਕਿ ਅਸੀਂ ਉਨ੍ਹਾਂ ਦੀ ਘਰ ਵਿਚ ਦੇਖਭਾਲ ਕਰੀਏ।

ਬਾਲ ਕਲਾਕਾਰ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ

ਜੂਨੀਅਰ ਮਹਿਮੂਦ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਨ੍ਹਾਂ ਨੇ ਚਾਰ ਦਹਾਕਿਆਂ ਦੇ ਕਰੀਅਰ ਵਿੱਚ ਸੱਤ ਭਾਸ਼ਾਵਾਂ ਵਿੱਚ 250 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਰਾਜੇਸ਼ ਖੰਨਾ ਤੋਂ ਲੈ ਕੇ ਅਮਿਤਾਭ ਬੱਚਨ ਅਤੇ ਰਾਜ ਕਪੂਰ ਤੱਕ ਦੇ ਸੁਪਰਸਟਾਰਾਂ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਜੂਨੀਅਰ ਮਹਿਮੂਦ ਦੀਆਂ ਫਿਲਮਾਂ ਦੀ ਸੂਚੀ ‘ਚ ‘ਮੇਰਾ ਨਾਮ ਜੋਕਰ’, ‘ਕਾਰਵਾਂ’, ‘ਹਾਥੀ ਮੇਰੇ ਸਾਥੀ’, ‘ਮੁਹੱਬਤ ਜ਼ਿੰਦਗੀ ਹੈ’, ‘ਨੈਨਿਹਾਲ’, ‘ਹਰੇ ਰਾਮਾ ਹਰੇ ਕ੍ਰਿਸ਼ਨਾ’, ‘ਬਾਪ ਨੰਬਰੀ ਬੇਟਾ 10 ਨੰਬਰੀ’ ਸਮੇਤ ਕਈ ਬਲਾਕਬਸਟਰ ਫਿਲਮਾਂ ਸ਼ਾਮਲ ਹਨ।