ਜੇਐੱਨਐੱਨ, ਨਵੀਂ ਦਿੱਲੀ : ਆਈਸੀਸੀ ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ਵਿਚ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਭਾਰਤੀ ਟੀਮ ਨੇ ਲੀਗ ਪੜਾਅ ‘ਚ ਆਪਣੇ ਸਾਰੇ 9 ਮੈਚ ਜਿੱਤ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਹੈ। ਦੂਜੇ ਪਾਸੇ ਲਗਾਤਾਰ ਚਾਰ ਮੈਚ ਹਾਰਨ ਤੋਂ ਬਾਅਦ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਹਾਲਾਂਕਿ ਆਈਸੀਸੀ ਮੁਕਾਬਲਿਆਂ ਦੇ ਨਾਕਆਊਟ ਮੈਚਾਂ ਵਿਚ ਭਾਰਤ ਖ਼ਿਲਾਫ਼ ਕੀਵੀ ਟੀਮ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਪਿਛਲੇ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਵਿਚ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸਚਿਨ ਤੇਂਦੁਲਕਰ ਦਾ 20 ਸਾਲ ਪੁਰਾਣਾ ਰਿਕਾਰਡ ਵਿਰਾਟ ਹੋਵੇਗਾ ਕੋਹਲੀ ਦੇ ਨਿਸ਼ਾਨੇ ‘ਤੇ
ਜੇ ਵਿਰਾਟ ਕੋਹਲੀ ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ਮੈਚ ‘ਚ ਸੈਂਕੜਾ ਮਾਰਦਾ ਹੈ ਤਾਂ ਉਹ ਵਨਡੇ ‘ਚ ਸਭ ਤੋਂ ਜ਼ਿਆਦਾ ਸੈਂਕੜਿਆਂ ਦੇ ਮਾਮਲੇ ‘ਚ ਸਚਿਨ ਤੇਂਦੁਲਕਰ ਨੂੰ ਪਛਾੜ ਦੇਵੇਗਾ। ਇਸ ਦੇ ਨਾਲ ਜੇ ਵਿਰਾਟ ਕੋਹਲੀ ਨਿਊਜ਼ੀਲੈਂਡ ਖਿਲਾਫ ਮੈਚ ‘ਚ 80 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਸਚਿਨ ਦਾ 20 ਸਾਲ ਪੁਰਾਣਾ ਰਿਕਾਰਡ ਤੋੜ ਦੇਵੇਗਾ। ਫਿਲਹਾਲ ਕੋਹਲੀ ਦੇ ਨਾਂ 594 ਦੌੜਾਂ ਹਨ। ਸਚਿਨ ਨੇ 2003 ਵਿੱਚ ਵਿਸ਼ਵ ਕੱਪ ਦੌਰਾਨ 11 ਮੈਚਾਂ ਵਿੱਚ 673 ਦੌੜਾਂ ਬਣਾਈਆਂ ਸਨ।
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ ਦਾ ਰਿਕਾਰਡ
ਜੇ ਭਾਰਤ ਤੇ ਨਿਊਜ਼ੀਲੈਂਡ ਦੇ ਵਨਡੇ ਵਿਸ਼ਵ ਕੱਪ ਰਿਕਾਰਡ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ 10 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਸ ‘ਚ ਕੀਵੀ ਟੀਮ ਨੇ 5 ਮੈਚ ਜਿੱਤੇ ਹਨ, ਜਦੋਂਕਿ ਭਾਰਤ ਨੂੰ 4 ਸਫਲਤਾਵਾਂ ਮਿਲੀਆਂ ਹਨ। ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ।
ਵਾਨਖੇੜੇ ‘ਚ ਭਾਰਤ-ਨਿਊਜ਼ੀਲੈਂਡ ਦਾ ਵਨਡੇ ਰਿਕਾਰਡ
ਜੇ ਵਾਨਖੇੜੇ ‘ਤੇ ਭਾਰਤ ਅਤੇ ਨਿਊਜ਼ੀਲੈਂਡ ਦੇ ਵਨਡੇ ਰਿਕਾਰਡ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੀ ਟੀਮ ਨੇ ਕੁੱਲ 3 ਵਨਡੇ ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਸ ਨੇ 2 ਜਿੱਤੇ ਹਨ ਅਤੇ ਇਕ ਹਾਰਿਆ ਹੈ, ਜਦੋਂਕਿ ਭਾਰਤੀ ਟੀਮ ਨੇ ਕੁੱਲ 21 ਮੈਚ ਖੇਡੇ ਹਨ, ਜਿਸ ‘ਚੋਂ ਉਸ ਨੇ 12 ਮੈਚ ਜਿੱਤੇ ਹਨ ਤੇ 9 ਮੈਚਾਂ ‘ਚ ਹਾਰ ਦਾ ਸਾਹਮਣਾ ਕੀਤਾ ਹੈ।
ਫਾਈਨਲ ਲਈ ਟਿਕਟ ਹਾਸਲ ਕਰਨਾ ਚਾਹੇਗੀ ਰੋਹਿਤ ਦੀ ਸੈਨਾ
ਰੋਹਿਤ ਦੀ ਸੈਨਾ ਮਾਨਚੈਸਟਰ ‘ਚ 2019 ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਖਿਲਾਫ ਮਿਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਅੱਜ ਸੈਮੀਫਾਈਨਲ ਮੈਚ ‘ਚ ਮੈਦਾਨ ‘ਚ ਉਤਰਨ ਜਾ ਰਹੀ ਹੈ। ਭਾਰਤੀ ਟੀਮ ਇਸ ਵਿਸ਼ਵ ਕੱਪ ‘ਚ ਲਗਾਤਾਰ 9 ਮੈਚ ਜਿੱਤਣ ਤੋਂ ਬਾਅਦ ਕਾਫੀ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ।
ਇਸ ਤੋਂ ਇਕ ਦਿਨ ਪਹਿਲਾਂ ਰੋਹਿਤ ਸ਼ਰਮਾ ਨੇ ਵੀ ਪ੍ਰੈੱਸ ਕਾਨਫਰੰਸ ‘ਚ ਕਿਹਾ ਸੀ ਕਿ ਇਤਿਹਾਸ ‘ਚ ਜੋ ਕੁਝ ਹੋਇਆ ਉਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਦਾ ਟੀਚਾ ਸਿਰਫ ਮੈਚ ‘ਤੇ ਹੈ। ਅਜਿਹੇ ‘ਚ ਰੋਹਿਤ ਦੀ ਸੈਨਾ ਅੱਜ ਸੈਮੀਫਾਈਨਲ ‘ਚ ਕੀਵੀਆਂ ਖਿਲਾਫ ਪਿਛਲੀ ਹਾਰ ਦਾ ਬਦਲਾ ਲੈ ਕੇ ਫਾਈਨਲ ‘ਚ ਟਿਕਟ ਹਾਸਲ ਕਰਨਾ ਚਾਹੇਗੀ।
ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ
ਭਾਰਤ ਅਤੇ ਨਿਊਜ਼ੀਲੈਂਡ (IND ਬਨਾਮ NZ) ਵਿਚਾਲੇ ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਮੈਚ ਵਾਨਖੇੜੇ ਕ੍ਰਿਕਟ ਸਟੇਡੀਅਮ, ਮੁੰਬਈ ਵਿੱਚ ਖੇਡਿਆ ਜਾਵੇਗਾ। ਇਹ ਮੈਦਾਨ ਬੱਲੇਬਾਜ਼ਾਂ ਲਈ ਸਵਰਗ ਮੰਨਿਆ ਜਾਂਦਾ ਹੈ।


