ਈਰਾਨ ਦਾ ਤਿੱਖਾ ਤੇਵਰ: ਬਰਤਾਨੀਆ ਮਗਰੋਂ ਹੁਣ ਅਰਜਨਟੀਨਾ ਦੀ ਜਲ ਤੇ ਹਵਾਈ ਸੈਨਾ ਨੂੰ ਐਲਾਨਿਆ ‘ਅੱਤਵਾਦੀ ਸੰਗਠਨ’
ਤਹਿਰਾਨ: ਈਰਾਨ ਅਤੇ ਹੋਰ ਦੇਸ਼ਾਂ ਵਿਚਾਲੇ ਟਕਰਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਬਰਤਾਨੀਆ ਦੀ ਫੌਜ 'ਤੇ ਪਾਬੰਦੀਆਂ ਲਾਉਣ ਤੋਂ ਬਾਅਦ, ਹੁਣ ਈਰਾਨ ਨੇ ਅਰਜਨਟੀਨਾ ਦੀ ਜਲ ਸੈਨਾ (ਨੇਵੀ) ਅਤੇ ਹਵਾਈ ਸੈਨਾ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਦਾ ਬਕਾਇਦਾ ਐਲਾਨ ਕਰਦਿਆਂ ਕਿਹਾ ਕਿ ਇਹ ਫੈਸਲਾ ਅਰਜਨਟੀਨਾ ਵੱਲੋਂ ਅਪ੍ਰੈਲ ਵਿੱਚ ਈਰਾਨੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੂੰ ਅੱਤਵਾਦੀ ਸੰਗਠਨ ਕਰਾਰ ਦੇਣ ਦੇ ਜਵਾਬ ਵਿੱਚ ਲਿਆ ਗਿਆ ਹੈ।
ਈਰਾਨ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਫੈਸਲੇ ਕਾਰਨ ਪੈਦਾ ਹੋਣ ਵਾਲੇ ਕਿਸੇ ਵੀ ਸਿੱਟੇ ਲਈ ਅਰਜਨਟੀਨਾ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ, ਹਾਲਾਂਕਿ ਈਰਾਨ ਨੇ ਅਰਜਨਟੀਨਾ ਦੀ ਥਲ ਸੈਨਾ ਨੂੰ ਇਸ ਸੂਚੀ ਵਿੱਚੋਂ ਬਾਹਰ ਰੱਖਿਆ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ 2026 ਵਿੱਚ ਅਰਜਨਟੀਨਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਦਬਾਅ ਹੇਠ ਆ ਕੇ IRGC ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ।
ਇਸ ਵਿਵਾਦ ਦੀਆਂ ਜੜ੍ਹਾਂ 1994 ਵਿੱਚ ਬਿਊਨਸ ਆਇਰਸ (ਅਰਜਨਟੀਨਾ ਦੀ ਰਾਜਧਾਨੀ) ਵਿੱਚ ਯਹੂਦੀ ਭਾਈਚਾਰੇ ਦੇ AMIA ਕੇਂਦਰ 'ਤੇ ਹੋਏ ਭਿਆਨਕ ਬੰਬ ਧਮਾਕੇ ਨਾਲ ਜੁੜੀਆਂ ਹੋਈਆਂ ਹਨ। ਇਸ ਹਮਲੇ ਵਿੱਚ 85 ਲੋਕਾਂ ਦੀ ਮੌਤ ਹੋਈ ਸੀ ਅਤੇ ਸੈਂਕੜੇ ਜ਼ਖਮੀ ਹੋਏ ਸਨ। ਅਰਜਨਟੀਨਾ ਦਾ ਦੋਸ਼ ਹੈ ਕਿ ਇਸ ਹਮਲੇ ਪਿੱਛੇ ਲੇਬਨਾਨ ਅਧਾਰਤ ਹਿਜ਼ਬੁੱਲਾ ਸੰਗਠਨ ਦਾ ਹੱਥ ਸੀ, ਜਿਸਨੂੰ ਈਰਾਨੀ ਆਰ.ਜੀ.ਸੀ. ਦੀ ਪੂਰੀ ਹਮਾਇਤ ਹਾਸਲ ਹੈ। ਇਸੇ ਕਾਰਨ ਅਰਜਨਟੀਨਾ ਨੇ ਈਰਾਨ ਦੀ ਫੌਜ ਖਿਲਾਫ ਕਦਮ ਚੁੱਕਿਆ ਸੀ, ਜਿਸਦਾ ਜਵਾਬ ਹੁਣ ਈਰਾਨ ਨੇ ਅਰਜਨਟੀਨਾ ਦੀਆਂ ਸੈਨਾਵਾਂ ਨੂੰ ਅੱਤਵਾਦੀ ਐਲਾਨ ਕੇ ਦਿੱਤਾ ਹੈ।



