ਲਾਹੌਰ ਬਣਿਆ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ; ਪਾਕਿਸਤਾਨ ਨੇ ਦਿੱਲੀ ਦੀ ਦੀਵਾਲੀ ਸਿਰ ਭੰਨਿਆ ਠੀਕਰਾ
ਇਸਲਾਮਾਬਾਦ: ਪਾਕਿਸਤਾਨ ਨੇ ਲਾਹੌਰ ਸ਼ਹਿਰ ਵਿੱਚ ਲਗਾਤਾਰ ਵਿਗੜ ਰਹੀ ਹਵਾ ਦੀ ਗੁਣਵੱਤਾ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਦੀਵਾਲੀ ਮੌਕੇ ਚਲਾਏ ਗਏ ਪਟਾਕਿਆਂ ਦਾ ਧੂੰਆਂ ਹਵਾਵਾਂ ਰਾਹੀਂ ਸਰਹੱਦ ਪਾਰ ਕਰਕੇ ਲਾਹੌਰ ਪਹੁੰਚਿਆ ਹੈ, ਜਿਸ ਕਾਰਨ ਉੱਥੇ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੱਦ ਤੱਕ ਵੱਧ ਗਿਆ ਹੈ। ਸਵਿਸ ਸੰਗਠਨ ਆਈਕਿਊਏਅਰ (IQAir) ਦੀ ਰਿਪੋਰਟ ਮੁਤਾਬਕ, ਲਾਹੌਰ ਲਗਾਤਾਰ ਦੂਜੇ ਦਿਨ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਵੱਡੇ ਸ਼ਹਿਰਾਂ ਵਿੱਚ ਪਹਿਲੇ ਨੰਬਰ 'ਤੇ ਰਿਹਾ, ਜਿੱਥੇ ਏਅਰ ਕੁਆਲਿਟੀ ਇੰਡੈਕਸ (AQI) 263 ਦਰਜ ਕੀਤਾ ਗਿਆ।
ਰਿਪੋਰਟ ਅਨੁਸਾਰ ਲਾਹੌਰ ਦੀ ਹਵਾ ਵਿੱਚ ਮੌਜੂਦ PM2.5 ਕਣਾਂ ਦਾ ਪੱਧਰ ਵਿਸ਼ਵ ਸਿਹਤ ਸੰਗਠਨ (WHO) ਦੇ ਸਾਲਾਨਾ ਮਿਆਰ ਨਾਲੋਂ 37.2 ਗੁਣਾ ਵੱਧ ਪਾਇਆ ਗਿਆ ਹੈ, ਜੋ ਸਿਹਤ ਲਈ ਬੇਹੱਦ ਖਤਰਨਾਕ ਹੈ। ਪਾਕਿਸਤਾਨੀ ਪੰਜਾਬ ਦੀ ਵਾਤਾਵਰਣ ਮੰਤਰੀ ਮਰੀਅਮ ਔਰੰਗਜ਼ੇਬ ਨੇ ਦਾਅਵਾ ਕੀਤਾ ਕਿ ਹਵਾਵਾਂ ਦੇ ਰੁਖ ਕਾਰਨ ਭਾਰਤ ਤੋਂ ਪ੍ਰਦੂਸ਼ਿਤ ਕਣ ਪਾਕਿਸਤਾਨ ਵੱਲ ਆਏ ਹਨ। ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਇਨ੍ਹਾਂ ਦੋਸ਼ਾਂ 'ਤੇ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਆਈ ਹੈ।
ਦੂਜੇ ਪਾਸੇ, ਦਿੱਲੀ ਖੁਦ ਵੀ ਪ੍ਰਦੂਸ਼ਣ ਦੀ ਮਾਰ ਝੱਲ ਰਹੀ ਹੈ ਅਤੇ IQAir ਦੀ ਸੂਚੀ ਵਿੱਚ 188 ਦੇ AQI ਨਾਲ ਦੁਨੀਆ ਵਿੱਚ ਦੂਜੇ ਸਥਾਨ 'ਤੇ ਰਹੀ। ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ਦੇ ਪ੍ਰਦੂਸ਼ਣ ਵਿੱਚ ਦੀਵਾਲੀ ਦੇ ਪਟਾਕਿਆਂ ਦਾ ਲਗਭਗ 55 ਫੀਸਦੀ ਯੋਗਦਾਨ ਰਿਹਾ। ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਿੱਚ ਵਧਦੇ ਪ੍ਰਦੂਸ਼ਣ ਪਿੱਛੇ ਸਿਰਫ ਪਟਾਕੇ ਹੀ ਨਹੀਂ, ਸਗੋਂ ਵਾਹਨਾਂ ਦਾ ਧੂੰਆਂ, ਉਸਾਰੀ ਕਾਰਜਾਂ ਦੀ ਧੂੜ ਅਤੇ ਪਰਾਲੀ ਸਾੜਨਾ ਵੀ ਮੁੱਖ ਕਾਰਨ ਹਨ।



