ਜਾਗਰਣ ਬਿਊਰੋ, ਨਵੀਂ ਦਿੱਲੀ : ਸਿਆਸੀ ਲਿਹਾਜ਼ ਨਾਲ ਅਹਿਮ ਮੰਨੇ ਜਾ ਰਹੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਐਲਾਨ ਕਿਸੇ ਵੀ ਪਲ ਹੋ ਸਕਦਾ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਸੂਬਿਆਂ ਵਿਚ ਚੋਣਾਂ ਸਬੰਧੀ ਆਪਣੀ ਤਿਆਰੀ ਮੁਕੰਮਲ ਕਰ ਲਈ ਹੈ। ਅਜਿਹੇ ਵਿਚ ਇਹ ਐਲਾਨ ਐਤਵਾਰ ਨੂੰ ਵੀ ਹੋ ਸਕਦਾ ਹੈ। ਉਂਝ ਇਨ੍ਹਾਂ ਸੂਬਿਆਂ ਵਿਚ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿਚ ਚੋਣ-ਪ੍ਰੋਗਰਾਮਾਂ ਦੇ ਐਲਾਨ ਸਬੰਧੀ ਜੋ ਟਰੈਂਡ ਰਿਹਾ ਹੈ, ਉਸ ਦੇ ਤਹਿਤ ਅਕਤੂਬਰ ਦੇ ਪਹਿਲੇ ਹਫ਼ਤੇ ਹੀ ਚੋਣਾਂ ਦੀ ਤਰੀਕ ਬਾਰੇ ਐਲਾਨ ਹੋ ਜਾਂਦਾ ਹੁੰਦਾ ਸੀ।

ਸਾਲ 2013 ਵਿਚ ਇਹ ਐਲਾਨ ਚਾਰ ਅਕਤੂਬਰ ਨੂੰ ਤੇ 2018 ਵਿਚ ਛੇ ਅਕਤੂਬਰ ਨੂੰ ਹੋਇਆ ਸੀ। ਚੋਣ ਕਮਿਸ਼ਨ ਨੇ ਮਿਜ਼ੋਰਮ, ਛੱਤੀਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਤੇ ਤੇਲੰਗਾਨਾ ਦਾ ਵਾਰੀ-ਵਾਰੀ ਦੌਰਾ ਕੀਤਾ ਤੇ ਜ਼ਮੀਨੀ ਤਿਆਰੀ ਨੂੰ ਪਰਖਿਆ ਹੈ। ਕਮਿਸ਼ਨ ਨੇ ਇਸ ਦੌਰਾਨ ਪੰਜ ਸੂਬਿਆਂ ਨਾਲ ਜੁੜੀਆਂ ਚੋਣ ਤਿਆਰੀਆਂ ਨੂੰ ਲੈ ਕੇ ਆਖ਼ਰੀ ਮੀਟਿੰਗ ਛੇ ਅਕਤੂਬਰ ਨੂੰ ਅਬਜ਼ਰਵਰਾਂ ਨਾਲ ਕੀਤੀ। ਨਾਲ ਹੀ ਜ਼ਿਆਦਾ ਅਲਰਟ ਹੋ ਕੇ ਕੰਮ ਕਰਨ ਦੀ ਸਲਾਹ ਦਿੱਤੀ ਸੀ। ਮੀਟਿੰਗ ਵਿਚ ਚੋਣਾਂ ਨਾਲ ਸਬੰਧਤ ਆਮ ਅਬਜ਼ਰਵਰਾਂ ਦੇ ਨਾਲ ਪੁਲਿਸ ਤੇ ਇਨਕਮ ਟੈਕਸ ਨਾਲ ਜੁੜੇ ਅਬਜ਼ਰਵਰ ਵੀ ਹਾਜ਼ਰ ਸਨ। ਚੋਣ ਕਮਿਸ਼ਨ ਨਾਲ ਜੁੜੇ ਸੂਤਰਾਂ ਦੀ ਗੱਲ ਕਰੀਏ ਤਾਂ ਕਮਿਸ਼ਨ ਨੇ 5 ਸੂਬਿਆਂ ਵਿਚ ਚੋਣਾਂ ਕਰਵਾਉਣ ਦੀ ਯੋਜਨਾ ਬਣਾਈ ਹੈ, ਇਸ ਦੇ ਤਹਿਤ ਛੱਤੀਸਗੜ੍ਹ ਨੂੰ ਛੱਡ ਕੇ ਸਾਰੇ ਸੂਬਿਆਂ ਵਿਚ ਇੱਕੋ ਗੇੜ ਵਿਚ ਚੋਣ ਕਰਵਾਈ ਜਾ ਸਕਦੀ ਹੈ। ਛੱਤੀਸਗੜ੍ਹ ਵਿਚ ਦੋ ਪੜਾਆਂ ਤਹਿਤ ਚੋਣ ਅਮਲ ਮੁਕੰਮਲ ਹੋਣਾ ਹੈ।