ਨਵੀਂ ਦਿੱਲੀ, ਜੇਐੱਨਐੱਨ : ਲੰਬੇ ਸਮੇਂ ਤੋਂ ਦੇਵ ਆਨੰਦ ਨੇ ਬਾਲੀਵੁੱਡ ‘ਚ ਆਪਣੀਆਂ ਸ਼ਾਨਦਾਰ ਫਿਲਮਾਂ ਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਸੀ। ਬੇਸ਼ੱਕ ਦੇਵ ਆਨੰਦ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਨਾਲ ਜੁੜੇ ਕਿੱਸੇ ਕਦੇ ਖ਼ਤਮ ਹੋਣ ਦਾ ਨਾਂ ਨਹੀਂ ਲੈਂਦੇ। 26 ਸਤੰਬਰ ਉਹ ਤਰੀਕ ਹੈ, ਜਦੋਂ 100 ਸਾਲ ਪਹਿਲਾਂ ਹਿੰਦੀ ਸਿਨੇਮਾ ਦੇ ਸਦਾਬਹਾਰ ਅਦਾਕਾਰ ਦੇਵ ਆਨੰਦ ਦਾ ਜਨਮ ਹੋਇਆ ਸੀ। ਅਜਿਹੇ ‘ਚ ਅੱਜ ਬਾਲੀਵੁੱਡ ਇੰਡਸਟਰੀ ਇਸ ਮਹਾਨ ਕਲਾਕਾਰ ਦਾ 100ਵਾਂ ਜਨਮਦਿਨ ਮਨਾ ਰਹੀ ਹੈ।

ਐਕਟਿੰਗ ਤੋਂ ਇਲਾਵਾ ਪੜ੍ਹਾਈ ‘ਚ ਵੀ ਅੱਵਲ ਸੀ ਦੇਵ ਆਨੰਦ

ਹਰ ਕੋਈ ਜਾਣਦਾ ਹੈ ਕਿ ਅਦਾਕਾਰ ਦੇਵ ਆਨੰਦ ਐਕਟਿੰਗ ਵਿਚ ਕਿੰਨਾ ਕੁ ਨਿਪੁੰਨ ਸੀ। ਕੀ ਤੁਸੀਂ ਜਾਣਦੇ ਹੋ ਕਿ ਉਹ ਪੜ੍ਹਾਈ ਵਿਚ ਵੀ ਬਹੁਤ ਵਧੀਆ ਸੀ? ਦੇਸ਼ ਵੰਡ ਤੋਂ ਪਹਿਲਾਂ ਦੇਵ ਆਨੰਦ ਨੇ ਫਿਲਮੀ ਦੁਨੀਆ ‘ਚ ਪ੍ਰਵੇਸ਼ ਕਰ ਲਿਆ ਸੀ ਪਰ ਉਸ ਦੌਰਾਨ ਉਨ੍ਹਾਂ ਨੇ ਪੜ੍ਹਾਈ ਨਹੀਂ ਛੱਡੀ ਅਤੇ ਅਦਾਕਾਰੀ ਦੇ ਨਾਲ-ਨਾਲ ਪੜ੍ਹਾਈ ‘ਚ ਵੀ ਰੁਚੀ ਬਣੀ ਰਹੀ।

ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਨੇ ਆਪਣੀ ਸ਼ੁਰੂਆਤ ਹਾਈ ਸਕੂਲ ਅਤੇ ਇੰਟਰਮੀਡੀਏਟ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਲਾਹੌਰ ਦੇ ਸਰਕਾਰੀ ਡਿਗਰੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਬੀਬੀਸੀ ਨੂੰ ਦਿੱਤੀ ਇਕ ਇੰਟਰਵਿਊ ਵਿਚ ਦੇਵ ਆਨੰਦ ਨੇ ਦੱਸਿਆ ਸੀ ਕਿ ਉਸ ਨੇ ਇਸ ਕਾਲਜ ਤੋਂ ਅੰਗਰੇਜ਼ੀ ਵਿਚ ਬੀਏ ਆਨਰਜ਼ ਪੂਰਾ ਕੀਤੀ ਹੈ।

ਮਾਸਟਰ ਡਿਗਰੀ ਹਾਸਿਲ ਕਰਨਾ ਚਾਹੁੰਦੇ ਸਨ ਦੇਵ ਆਨੰਦ

ਇਸ ਇੰਟਰਵਿਊ ਦੌਰਾਨ ਦੇਵ ਆਨੰਦ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਉਹ ਅੱਗੇ ਉੱਚ ਸਿੱਖਿਆ ਹਾਸਿਲ ਕਰਨਾ ਚਾਹੁੰਦੇ ਹਨ। ਅਦਾਕਾਰ ਨੇ ਦੱਸਿਆ ਸੀ ਕਿ ਉਹ ਅੰਗਰੇਜ਼ੀ ਸਾਹਿਤ ਵਿਚ ਮਾਸਟਰ ਯਾਨੀ ਐੱਮਏ ਦੀ ਡਿਗਰੀ ਹਾਸਿਲ ਕਰਨਾ ਚਾਹੁੰਦਾ ਸੀ ਪਰ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਅਦਾਕਾਰ ਦੀ ਇਹ ਇੱਛਾ ਅਧੂਰੀ ਰਹੀ। ਉਂਜ ਦੇਵ ਆਨੰਦ ਨੇ ਜਿਸ ਤਰ੍ਹਾਂ ਆਪਣੀ ਪੜ੍ਹਾਈ ਬਾਰੇ ਖੁੱਲ੍ਹ ਕੇ ਗੱਲ ਕੀਤੀ, ਉਸ ਤੋਂ ਇਹ ਗੱਲ ਸਾਫ਼ ਤੌਰ ’ਤੇ ਸਮਝੀ ਜਾ ਸਕਦੀ ਹੈ ਕਿ ‘ਗਾਈਡ’ ਫ਼ਿਲਮੀ ਅਦਾਕਾਰ ਪੜ੍ਹਾਈ ਦਾ ਬਹੁਤ ਸ਼ੌਕੀਨ ਸੀ।

ਦੇਵ ਆਨੰਦ ਨੇ 100 ਤੋਂ ਵੱਧ ਫ਼ਿਲਮਾਂ ‘ਚ ਕੀਤਾ ਕੰਮ

ਦੇਵ ਆਨੰਦ ਨੇ 1946 ਵਚ ਰਿਲੀਜ਼ ਹੋਈ ਫਿਲਮ ‘ਹਮ ਏਕ ਹੈਂ’ ਰਾਹੀਂ ਹਿੰਦੀ ਸਿਨੇਮਾ ਵਿਚ ਪ੍ਰਵੇਸ਼ ਕੀਤਾ। ਇਸ ਤੋਂ ਬਾਅਦ ਉਸ ਨੇ 100 ਤੋਂ ਵੱਧ ਫਿਲਮਾਂ ਵਿਚ ਆਪਣੀ ਦਮਦਾਰ ਅਦਾਕਾਰੀ ਦਾ ਸਬੂਤ ਦਿੱਤਾ। ਇਸ ਸਮੇਂ ਦੌਰਾਨ ਉਨ੍ਹਾਂ ਨੇ ‘ਗਾਈਡ, ਬਾਜ਼ੀ, ਜੌਨੀ ਮੇਰਾ ਨਾਮ, ਪੇਇੰਗ ਗੈਸਟ, ਗੈਂਬਲਰ, ਕਾਲਾ ਪਾਣੀ, ਸੀਆਈਡੀ ਔਰ ਮਹਿਲ’ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਅਦਾਕਾਰ ਹੋਣ ਦੇ ਨਾਲ-ਨਾਲ ਦੇਵ ਆਨੰਦ ਸਾਹਿਬ ਨੇ ਫਿਲਮ ਨਿਰਮਾਤਾ ਤੇ ਡਾਇਰੈਕਟਰ ਵਜੋਂ ਵੀ ਆਪਣੀ ਛਾਪ ਛੱਡੀ। ਇਨ੍ਹਾਂ ਫਿਲਮਾਂ ਲਈ ਦੇਵ ਆਨੰਦ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ।