Skip to content
Thursday, November 19, 2026 9°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਚੀਨ ਵਿੱਚ ਪੁਤਿਨ ਨੂੰ ਮਿਲਦਿਆਂ ਹੀ ਟਰੰਪ ਦਾ ਬਿਆਨ- ‘ਇਹ ਮੇਰੇ ਦੋਸਤ ਹਨ’; 40 ਮਿੰਟ ਦੀ ਬੰਦ ਕਮਰਾ ਗੱਲਬਾਤ ਮਗਰੋਂ ਸ਼ੀ ਜਿਨਪਿੰਗ ਨਾਲ ਤਿਕੜੀ ਬੈਠਕ

By Editor Published 4 min read
ਚੀਨ ਵਿੱਚ ਪੁਤਿਨ ਨੂੰ ਮਿਲਦਿਆਂ ਹੀ ਟਰੰਪ ਦਾ ਬਿਆਨ- ‘ਇਹ ਮੇਰੇ ਦੋਸਤ ਹਨ’; 40 ਮਿੰਟ ਦੀ ਬੰਦ ਕਮਰਾ ਗੱਲਬਾਤ ਮਗਰੋਂ ਸ਼ੀ ਜਿਨਪਿੰਗ ਨਾਲ ਤਿਕੜੀ ਬੈਠਕ

ਟਰੰਪ ਅਤੇ ਪੁਤਿਨ ਨੇ ਚੀਨ ਦੇ ਸ਼ੇਨਝੇਨ ਵਿੱਚ ਲਗਭਗ 40 ਮਿੰਟ ਗੱਲਬਾਤ ਕੀਤੀ। ਇਸ ਤੋਂ ਬਾਅਦ ਦੋਵੇਂ ਆਗੂ ਸ਼ੀ ਜਿਨਪਿੰਗ ਨਾਲ ਇਤਿਹਾਸਕ ਤਿਕੜੀ ਬੈਠਕ ਵਿੱਚ ਸ਼ਾਮਲ ਹੋਣਗੇ। ਪ੍ਰਮਾਣੂ ਹਥਿਆਰ, ਈਰਾਨ, ਯੂਕਰੇਨ ਅਤੇ ਵਪਾਰ ਮੁੱਖ ਮੁੱਦੇ ਹਨ। ਦੁਨੀਆ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਕੀ ਤਿੰਨੋਂ ਮਹਾਸ਼ਕਤੀਆਂ…

ਬੀਜਿੰਗ: ਅਮਰੀਕਾ ਅਤੇ ਰੂਸ ਦੇ ਰਾਸ਼ਟਰਪਤੀਆਂ ਦੀ ਇਹ ਮੁਲਾਕਾਤ ਚੀਨ ਦੇ ਸ਼ੇਨਝੇਨ ਵਿੱਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਸਿਖਰ ਸੰਮੇਲਨ ਤੋਂ ਵੱਖਰੇ ਤੌਰ 'ਤੇ ਹੋਈ। ਦੋਵਾਂ ਆਗੂਆਂ ਦੀ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ, ਜਦੋਂ ਰੂਸ ਅਤੇ ਅਮਰੀਕਾ ਦਰਮਿਆਨ ਯੂਕਰੇਨ ਜੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ ਹੈ। ਪਿਛਲੇ ਸਾਲ ਅਲਾਸਕਾ ਵਿੱਚ ਹੋਈ ਮੁਲਾਕਾਤ ਮਗਰੋਂ ਇਹ ਦੋਵਾਂ ਆਗੂਆਂ ਦੀ ਪਹਿਲੀ ਆਹਮੋ-ਸਾਹਮਣੇ ਬੈਠਕ ਹੈ। ਟਰੰਪ ਨੇ ਪੁਤਿਨ ਨਾਲ ਹੱਥ ਮਿਲਾਉਂਦਿਆਂ ਉਨ੍ਹਾਂ ਨੂੰ ਆਪਣਾ ਦੋਸਤ ਦੱਸਿਆ। ਉਨ੍ਹਾਂ ਕਿਹਾ ਕਿ ਦੋਵਾਂ ਦਰਮਿਆਨ ਕਈ ਸਾਲਾਂ ਤੋਂ ਚੰਗੇ ਸਬੰਧ ਰਹੇ ਹਨ ਅਤੇ ਇਸ ਗੱਲਬਾਤ ਤੋਂ ਕੁਝ ਸ਼ਾਨਦਾਰ ਨਤੀਜੇ ਨਿਕਲ ਸਕਦੇ ਹਨ ਜਾਂ ਘੱਟੋ-ਘੱਟ ਉਨ੍ਹਾਂ ਦੀ ਸ਼ੁਰੂਆਤ ਹੋ ਸਕਦੀ ਹੈ।

ਹੁਣ ਦੁਨੀਆ ਦੀਆਂ ਨਜ਼ਰਾਂ ਮਹਾਂਬੈਠਕ 'ਤੇ

ਇਸ ਮੁਲਾਕਾਤ ਤੋਂ ਬਾਅਦ ਹੁਣ ਸਭ ਤੋਂ ਵੱਡੀ ਚਰਚਾ ਅਮਰੀਕਾ, ਰੂਸ ਅਤੇ ਚੀਨ ਦੇ ਮੁਖੀਆਂ ਦੀ ਤਿਕੜੀ ਬੈਠਕ ਨੂੰ ਲੈ ਕੇ ਹੈ। ਇਹ ਤਿੰਨਾਂ ਦੇਸ਼ਾਂ ਦੇ ਆਗੂਆਂ ਦੀ ਆਪਣੀ ਕਿਸਮ ਦੀ ਪਹਿਲੀ ਰਸਮੀ ਤਿਕੜੀ ਬੈਠਕ ਹੋਵੇਗੀ। ਤਿੰਨੋਂ ਆਗੂ ਸ਼ੇਨਝੇਨ ਵਿੱਚ ਏਪੇਕ ਸੰਮੇਲਨ ਦੌਰਾਨ ਇਕੱਠੇ ਬੈਠਣਗੇ। ਇਸ ਬੈਠਕ ਵਿੱਚ ਪ੍ਰਮਾਣੂ ਹਥਿਆਰਾਂ ਵਿੱਚ ਕਟੌਤੀ, ਆਲਮੀ ਸੁਰੱਖਿਆ, ਈਰਾਨ ਜੰਗ, ਯੂਕਰੇਨ ਸੰਘਰਸ਼ ਅਤੇ ਕੌਮਾਂਤਰੀ ਵਪਾਰ ਵਰਗੇ ਮੁੱਦਿਆਂ 'ਤੇ ਵਿਚਾਰ-ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਸਾਰੇ ਘਟਨਾਕ੍ਰਮ ਵਿੱਚ ਯੂਕਰੇਨ ਜੰਗ ਸਭ ਤੋਂ ਅਹਿਮ ਮੁੱਦਿਆਂ ਵਿੱਚ ਸ਼ਾਮਲ ਹੈ। ਟਰੰਪ ਲਗਾਤਾਰ ਜੰਗ ਖਤਮ ਕਰਵਾਉਣ ਦੀ ਗੱਲ ਕਰਦੇ ਰਹੇ ਹਨ, ਜਦਕਿ ਪੁਤਿਨ ਰੂਸ ਦੀਆਂ ਸ਼ਰਤਾਂ 'ਤੇ ਹੱਲ ਚਾਹੁੰਦੇ ਹਨ। ਹਾਲਾਂਕਿ, ਅਮਰੀਕੀ ਅਧਿਕਾਰੀਆਂ ਮੁਤਾਬਕ ਤਿਕੜੀ ਬੈਠਕ ਵਿੱਚ ਯੂਕਰੇਨ ਜੰਗ ਮੁੱਖ ਏਜੰਡਾ ਨਹੀਂ ਹੋਵੇਗਾ। ਪ੍ਰਮਾਣੂ ਹਥਿਆਰਾਂ ਵਿੱਚ ਕਟੌਤੀ 'ਤੇ ਗੱਲਬਾਤ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਂਸਕੀ ਦੀ ਚਿੰਤਾ ਵੀ ਸਾਹਮਣੇ ਆਈ ਹੈ। ਯੂਕਰੇਨ ਦੀ ਸ਼ਮੂਲੀਅਤ ਤੋਂ ਬਿਨਾਂ ਉਸ ਦੇ ਭਵਿੱਖ ਨਾਲ ਜੁੜੇ ਕਿਸੇ ਸਮਝੌਤੇ ਦੇ ਖਦਸ਼ੇ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਟਰੰਪ ਨੇ ਵੀ ਸੰਕੇਤ ਦਿੱਤਾ ਹੈ ਕਿ ਕੀਵ ਦੀ ਸਹਿਮਤੀ ਤੋਂ ਬਿਨਾਂ ਯੂਕਰੇਨ ਜੰਗ ਖਤਮ ਕਰਨ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।

ਪੁਤਿਨ ਪ੍ਰਤੀ ਨਰਮੀ, ਯੂਕਰੇਨ ਲਈ ਵਧੀ ਚਿੰਤਾ

ਟਰੰਪ ਅਤੇ ਪੁਤਿਨ ਦਰਮਿਆਨ ਨਿੱਜੀ ਰਿਸ਼ਤਿਆਂ ਦੀ ਚਰਚਾ ਪਹਿਲਾਂ ਵੀ ਹੁੰਦੀ ਰਹੀ ਹੈ। ਟਰੰਪ ਨੇ ਰੂਸ 'ਤੇ ਨਵੀਆਂ ਪਾਬੰਦੀਆਂ ਲਾਉਣ ਤੋਂ ਗੁਰੇਜ਼ ਕੀਤਾ ਹੈ। ਦੂਜੇ ਪਾਸੇ, ਯੂਕਰੇਨ ਨੂੰ ਮਿਲਣ ਵਾਲੀ ਅਮਰੀਕੀ ਫੌਜੀ ਅਤੇ ਤਕਨੀਕੀ ਸਹਾਇਤਾ ਵਿੱਚ ਉਤਰਾਅ-ਚੜ੍ਹਾਅ ਨੇ ਉਸ ਦੀ ਜੰਗੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ। ਅਜਿਹੇ ਵਿੱਚ ਪੁਤਿਨ ਨਾਲ ਟਰੰਪ ਦੀ ਮੁਲਾਕਾਤ ਨੂੰ ਯੂਕਰੇਨ ਜੰਗ ਦੇ ਸੰਦਰਭ ਵਿੱਚ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਸ ਗੱਲਬਾਤ ਤੋਂ ਕਿਸੇ ਜੰਗਬੰਦੀ ਜਾਂ ਸਮਝੌਤੇ ਦਾ ਐਲਾਨ ਨਹੀਂ ਹੋਇਆ ਹੈ। ਇਸ ਬੈਠਕ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੌਜੂਦਗੀ ਇਸ ਨੂੰ ਹੋਰ ਅਹਿਮ ਬਣਾ ਰਹੀ ਹੈ। ਚੀਨ ਰੂਸ ਦਾ ਮੁੱਖ ਰਣਨੀਤਕ ਭਾਈਵਾਲ ਹੈ, ਜਦਕਿ ਅਮਰੀਕਾ ਨਾਲ ਉਸ ਦੇ ਵਪਾਰ, ਟੈਰਿਫ, ਦੁਰਲੱਭ ਖਣਿਜਾਂ ਅਤੇ ਉੱਨਤ ਤਕਨੀਕ ਨੂੰ ਲੈ ਕੇ ਮਤਭੇਦ ਹਨ। ਸ਼ੀ ਜਿਨਪਿੰਗ ਇਸ ਬੈਠਕ ਰਾਹੀਂ ਆਲਮੀ ਕੂਟਨੀਤੀ ਵਿੱਚ ਚੀਨ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਉੱਧਰ ਟਰੰਪ ਪ੍ਰਮਾਣੂ ਹਥਿਆਰਾਂ ਵਿੱਚ ਕਟੌਤੀ ਅਤੇ ਵਪਾਰਕ ਹਿੱਤਾਂ 'ਤੇ ਗੱਲਬਾਤ ਅੱਗੇ ਵਧਾਉਣਾ ਚਾਹੁੰਦੇ ਹਨ। ਪੁਤਿਨ ਲਈ ਵੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਸਿੱਧੀ ਗੱਲਬਾਤ ਕੌਮਾਂਤਰੀ ਮੰਚ 'ਤੇ ਰੂਸ ਦੀ ਕੂਟਨੀਤਕ ਸਥਿਤੀ ਨੂੰ ਸਾਹਮਣੇ ਰੱਖਣ ਦਾ ਮੌਕਾ ਹੈ।

ਕੀ ਦੁਨੀਆ ਵਿੱਚ ਬਣਨਗੇ ਨਵੇਂ ਸ਼ਕਤੀ ਸਮੀਕਰਨ?

ਤਿੰਨਾਂ ਆਗੂਆਂ ਦੀ ਬੈਠਕ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਦੁਨੀਆ ਯੂਕਰੇਨ ਜੰਗ, ਪੱਛਮੀ ਏਸ਼ੀਆ ਦੇ ਸੰਘਰਸ਼, ਪ੍ਰਮਾਣੂ ਹਥਿਆਰਾਂ ਦੀ ਦੌੜ ਅਤੇ ਅਮਰੀਕਾ-ਚੀਨ ਦੇ ਵਪਾਰਕ ਤਣਾਅ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਤਿੰਨਾਂ ਦੇਸ਼ਾਂ ਦੇ ਹਿੱਤ ਕਈ ਮੁੱਦਿਆਂ 'ਤੇ ਇੱਕ-ਦੂਜੇ ਤੋਂ ਵੱਖਰੇ ਹਨ। ਇਸ ਲਈ ਇਸ ਬੈਠਕ ਤੋਂ ਤੁਰੰਤ ਕਿਸੇ ਵੱਡੇ ਸਮਝੌਤੇ ਦੀ ਉਮੀਦ ਕਰਨਾ ਜਲਦਬਾਜ਼ੀ ਹੋਵੇਗੀ। ਫਿਰ ਵੀ ਇੱਕੋ ਮੰਚ 'ਤੇ ਟਰੰਪ, ਪੁਤਿਨ ਅਤੇ ਸ਼ੀ ਜਿਨਪਿੰਗ ਦੀ ਮੌਜੂਦਗੀ ਆਲਮੀ ਰਾਜਨੀਤੀ ਲਈ ਅਹਿਮ ਘਟਨਾਕ੍ਰਮ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਮੁਲਾਕਾਤ ਸਿਰਫ਼ ਕੂਟਨੀਤਕ ਤਸਵੀਰਾਂ ਤੱਕ ਸੀਮਤ ਰਹਿੰਦੀ ਹੈ ਜਾਂ ਦੁਨੀਆ ਦੇ ਵੱਡੇ ਵਿਵਾਦਾਂ 'ਤੇ ਕੋਈ ਠੋਸ ਪਹਿਲ ਵੀ ਸਾਹਮਣੇ ਆਉਂਦੀ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →

ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਪਾਕਿਸਤਾਨ ‘ਤੇ ਤਿੱਖਾ ਹਮਲਾ; ਕੁਦਰਤੀ ਸਰੋਤਾਂ ਦੀ ਲੁੱਟ ਦੇ ਲਾਏ ਗੰਭੀਰ ਦੋਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ‘ਆਰੀਆ-ਫਾਰਮੂਲਾ’ ਬੈਠਕ ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਤਿੱਖਾ ਹਮਲਾ ਬੋਲਿਆ। ਭਾਰਤ ਨੇ ਸਿੱਧੇ ਤੌਰ ‘ਤੇ ਪਾਕਿਸਤਾਨੀ ਫੌਜ ‘ਤੇ ਦੋਸ਼ ਲਾਇਆ ਕਿ ਉਹ ਆਪਣੇ ਨਿੱਜੀ ਮੁਨਾਫੇ ਲਈ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਲੁੱਟ ਰਹੀ ਹੈ ਅਤੇ ਇਨ੍ਹਾਂ ਸਰੋਤਾਂ ‘ਤੇ ਆਪਣਾ ਕੰਟਰੋਲ…

November 19, 2026
Share on WhatsApp