ਪੀਟੀਆਈ, ਆਈਜ਼ੌਲ : ਗੁਆਂਢੀ ਦੇਸ਼ ਮਿਆਂਮਾਰ ‘ਚ ਜੁੰਟਾ ਵਿਰੋਧੀ ਸਮੂਹ ਨੇ ਇਕ ਫ਼ੌਜੀ ਕੈਂਪ ‘ਤੇ ਕਬਜ਼ਾ ਕਰ ਲਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਮਿਆਂਮਾਰ ਦੇ ਕਰੀਬ 29 ਹੋਰ ਸੈਨਿਕ ਮਿਜ਼ੋਰਮ ‘ਚ ਆ ਵੜੇ ਹਨ। ਉਨ੍ਹਾਂ ਦੇ ਨਾਲ ਹੀ, ਪੀਪਲਜ਼ ਡਿਫੈਂਸ ਫੋਰਸ (ਪੀਡੀਐਫ) ਨਾਲ ਹਾਲ ਹੀ ਵਿੱਚ ਹੋਈ ਗੋਲੀਬਾਰੀ ਕਾਰਨ ਮਿਆਂਮਾਰ ਫ਼ੌਜ ਦੇ ਕੁੱਲ 74 ਜਵਾਨ ਮਿਜ਼ੋਰਮ ‘ਚ ਦਾਖ਼ਲ ਹੋ ਗਏ ਸਨ। ਹਾਲਾਂਕਿ ਇਨ੍ਹਾਂ ਵਿੱਚੋਂ ਕਈ ਸੈਨਿਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ।

ਮਿਆਂਮਾਰ ਦੇ ਸੈਨਿਕ ਮਿਜ਼ੋਰਮ ਵੱਲ ਭੱਜੇ

ਪੁਲਿਸ ਦੇ ਇੰਸਪੈਕਟਰ ਜਨਰਲ (ਹੈੱਡਕੁਆਰਟਰ) ਲਾਲਬੀਕਾਥੰਗਾ ਖਯਾਂਗਤੇ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ, “ਅੱਜ 29 ਹੋਰ ਸੈਨਿਕਾਂ ਨੇ ਤਿਆਉ ਨਦੀ ਦੇ ਨੇੜੇ ਚਮਫਾਈ ਜ਼ਿਲ੍ਹੇ ਦੇ ਸਾਈਖੁਮਫਾਈ ਵਿਖੇ ਪੁਲਿਸ ਅਤੇ ਅਸਾਮ ਰਾਈਫਲਜ਼ ਨਾਲ ਸੰਪਰਕ ਕੀਤਾ, ਜੋ ਕਿ ਭਾਰਤ ਅਤੇ ਮਿਆਂਮਾਰ ਦੀ ਸਰਹੱਦ ਵਜੋਂ ਕੰਮ ਕਰਦਾ ਹੈ।”

ਬਹੁਤ ਸਾਰੇ ਫ਼ੌਜੀ ਆਪਣੇ ਦੇਸ਼ ਪਰਤੇ

ਮਿਆਂਮਾਰ ਦੇ ਸੈਨਿਕ ਅੰਤਰਰਾਸ਼ਟਰੀ ਸਰਹੱਦ ਤੋਂ ਕੁਝ ਕਿਲੋਮੀਟਰ ਦੂਰ ਚਿਨ ਰਾਜ ਦੇ ਤੁਇਬੁਲ ਵਿੱਚ ਆਪਣੇ ਕੈਂਪ ਤੋਂ ਭੱਜ ਗਏ। ਅਸਾਮ ਰਾਈਫਲਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਿਆਂਮਾਰ ਦੇ ਇਨ੍ਹਾਂ 29 ਸੈਨਿਕਾਂ ਨੂੰ ਅਜੇ ਵੀ ਉਨ੍ਹਾਂ ਦੇ ਦੇਸ਼ ਵਾਪਸ ਨਹੀਂ ਭੇਜਿਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਪੀਡੀਐਫ ਦੁਆਰਾ ਗੁਆਂਢੀ ਚਿਨ ਰਾਜ ਵਿੱਚ ਦੋ ਫੌਜੀ ਠਿਕਾਣਿਆਂ ‘ਤੇ ਕਬਜ਼ਾ ਕਰਨ ਤੋਂ ਬਾਅਦ ਮਿਜ਼ੋਰਮ ਭੱਜਣ ਵਾਲੇ ਕੁੱਲ 45 ਸੈਨਿਕਾਂ ਨੂੰ ਮੰਗਲਵਾਰ ਨੂੰ ਮਿਆਂਮਾਰ ਦੀ ਫੌਜੀ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ।

ਭਾਰਤ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਸਰਹੱਦ ‘ਤੇ ਮਿਆਂਮਾਰ ਦੀ ਫੌਜ ਅਤੇ ਜੰਟਾ ਵਿਰੋਧੀ ਸਮੂਹਾਂ ਵਿਚਕਾਰ ਲੜਾਈ ਨੂੰ ਖਤਮ ਕਰਨ ਦੀ ਮੰਗ ਕੀਤੀ। ਦਰਅਸਲ, ਇਸ ਝੜਪ ਕਾਰਨ ਮਿਆਂਮਾਰ ਤੋਂ ਮਿਜ਼ੋਰਮ ਵਿੱਚ ਲੋਕਾਂ ਦੀ ਆਮਦ ਵਧ ਗਈ ਹੈ।

ਫ਼ੌਜ ਨੇ 2021 ਵਿਚ ਸੱਤਾ ‘ਤੇ ਕਰ ਲਿਆ ਕਬਜ਼ਾ

ਫਰਵਰੀ 2021 ਵਿੱਚ ਇੱਕ ਤਖਤਾਪਲਟ ਵਿੱਚ ਫੌਜ ਨੇ ਸੱਤਾ ਉੱਤੇ ਕਬਜ਼ਾ ਕਰਨ ਤੋਂ ਬਾਅਦ ਮਿਆਂਮਾਰ ਵਿੱਚ ਲੋਕਤੰਤਰ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਹਨ। ਮਿਆਂਮਾਰ ਦੀ ਫੌਜ ਆਪਣੇ ਵਿਰੋਧੀਆਂ ਅਤੇ ਸੱਤਾਧਾਰੀ ਸ਼ਾਸਨ ਦੇ ਖਿਲਾਫ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਹਵਾਈ ਹਮਲੇ ਕਰ ਰਹੀ ਹੈ।

ਮਿਆਂਮਾਰ ਭਾਰਤ ਦੇ ਰਣਨੀਤਕ ਗੁਆਂਢੀਆਂ ਵਿੱਚੋਂ ਇੱਕ ਹੈ ਅਤੇ ਨਾਗਾਲੈਂਡ ਅਤੇ ਮਨੀਪੁਰ ਸਮੇਤ ਕਈ ਉੱਤਰ-ਪੂਰਬੀ ਰਾਜਾਂ ਨਾਲ 1,640 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ। ਮਿਆਂਮਾਰ ਦੀ ਫੌਜੀ ਜੰਟਾ ਵੱਲੋਂ ਗੁਆਂਢੀ ਦੇਸ਼ ਵਿੱਚ ਤਖ਼ਤਾ ਪਲਟ ਕਰਨ ਤੋਂ ਬਾਅਦ ਫਰਵਰੀ 2021 ਤੋਂ ਹੁਣ ਤੱਕ 31,000 ਤੋਂ ਵੱਧ ਮਿਆਂਮਾਰ ਦੇ ਨਾਗਰਿਕਾਂ ਨੇ ਮਿਜ਼ੋਰਮ ਵਿੱਚ ਸ਼ਰਨ ਲਈ ਹੈ।