ਡਿਜੀਟਲ ਡੈਸਕ, ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਸੰਸਦ ਭਵਨ ਵਿੱਚ ਅੱਜ ਸੁਰੱਖਿਆ ਵਿੱਚ ਕੁਤਾਹੀ ਦੀਆਂ ਦੋ ਘਟਨਾਵਾਂ ਵਾਪਰੀਆਂ। ਪਹਿਲੀ ਸੰਸਦ ਦੇ ਬਾਹਰ ਦੋ ਲੋਕਾਂ ਦੇ ਪ੍ਰਦਰਸ਼ਨ ਕਰਨ ਅਤੇ ਦੂਜੀ ਲੋਕ ਸਭਾ ਵਿੱਚ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਵਿੱਚ ਬੈਠੇ ਦੋ ਲੋਕਾਂ ਵੱਲੋਂ ਸਦਨ ਵਿੱਚ ਛਾਲ ਮਾਰਨ ਦੀ। ਜਦੋਂ ਦੋ ਸ਼ੱਕੀ ਸਦਨ ਵਿੱਚ ਆਏ ਤਾਂ ਸਦਨ ਵਿੱਚ ਕੁਝ ਧੂੰਆਂ ਉੱਠਿਆ। ਹਾਲਾਂਕਿ, ਦੋਵੇਂ ਹੀ ਘਟਨਾਵਾਂ ਦੇ ਸ਼ੱਕੀਆਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੰਸਦ ਦੀ ਸੁਰੱਖਿਆ ਵਿੱਚ ਇਹ ਉਸ ਦਿਨ ਹੋਈ ਹੈ, ਜਦੋਂ ਲੋਕਤੰਤਰ ਦੇ ਮੰਦਰ ‘ਤੇ ਅੱਤਵਾਦੀ ਹਮਲੇ ਦੀ 22ਵੀਂ ਬਰਸੀ ਹੈ। 22 ਸਾਲ ਪਹਿਲਾਂ ਅੱਜ ਹੀ ਦੇ ਦਿਨ ਭਾਵ 13 ਦਸੰਬਰ 2001 ਨੂੰ ਸੰਸਦ ‘ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ ਸੁਰੱਖਿਆ ਮੁਲਾਜ਼ਮਾਂ ਸਣੇ ਨੌਂ ਜਣੇ ਮਾਰੇ ਗਏ ਸਨ ਅਤੇ 18 ਜ਼ਖ਼ਮੀ ਹੋਏ ਸਨ। ਬੱਸ ਚੰਗੀ ਗੱਲ ਇਹ ਰਹੀ ਕਿ ਕੋਈ ਸਾਂਸਦ ਇਨ੍ਹਾਂ ਦਾ ਨਿਸ਼ਾਨਾ ਨਹੀਂ ਬਣਿਆ।

ਉਸ ਦਿਨ ਕੀ ਹੋਇਆ ਸੀ?

13 ਦਸੰਬਰ 2001 ਦਾ ਦਿਨ ਸੀ। ਸੰਸਦ ਵਿੱਚ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ। ਮਹਿਲਾ ਰਾਖਵਾਂਕਰਨ ਬਿੱਲ ‘ਤੇ ਬਹਿਸ ਦੌਰਾਨ ਹੰਗਾਮੇ ਕਾਰਨ ਸਵੇਰੇ 11:02 ਵਜੇ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ।

ਇਸ ਕਾਰਨ ਉਸ ਸਮੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਵਿਰੋਧੀ ਧਿਰ ਦੀ ਨੇਤਾ ਸੋਨੀਆ ਗਾਂਧੀ ਸਣੇ ਕਈ ਮੰਤਰੀ ਸੰਸਦ ਭਵਨ ‘ਚੋਂ ਜਾ ਚੁੱਕੇ ਸਨ, ਪਰ ਉਸ ਸਮੇਂ ਦੇਸ਼ ਦੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਪ੍ਰਮੋਦ ਮਹਾਜਨ, ਕਈ ਮੰਤਰੀ, ਸਾਂਸਦ ਅਤੇ ਪੱਤਰਕਾਰਾਂ ਸਣੇ 100 ਤੋਂ ਜ਼ਿਆਦਾ ਵੀਆਈਪੀ ਸੰਸਦ ਭਵਨ ਦੇ ਅੰਦਰ ਮੌਜ਼ੂਦ ਸਨ।

ਕਰੀਬ 11:30 ਵਜੇ ਸਨ। ਉਪ ਰਾਸ਼ਟਰਪਤੀ ਕ੍ਰਿਸ਼ਨਕਾਂਤ ਦੇ ਸੁਰੱਖਿਆ ਕਾਰਡ ਉਨ੍ਹਾਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਉਦੋਂ ਗ੍ਰਹਿ ਮੰਤਰਾਲੇ ਦਾ ਫ਼ਰਜ਼ੀ ਸਟੀਕਰ ਲਗਾਏ ਇਕ ਸਫ਼ੈਦ ਰੰਗ ਦੀ ਅੰਬੈਸਡਰ ਕਾਰ ਗੇਟ ਨੰਬਰ 12 ਤੋਂ ਸੰਸਦ ਭਵਨ ‘ਚ ਵੜ ਆਈ। ਕਾਰ ‘ਚ ਹਥਿਆਰਾਂ ਦਾ ਜ਼ਖ਼ੀਰਾ ਸੀ ਅਤੇ ਪੰਜ ਅੱਤਵਾਦੀ ਬੈਠੇ ਸਨ।

ਕਾਰ ਗੇਟ ਨੰਬਰ 12 ‘ਤੇ ਮੌਜ਼ੂਦ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇਣ ਵਿੱਚ ਸਫਲ ਹੋ ਗਈ। ਕਾਰ ਅੱਗੇ ਵਧੀ ਤਾਂ ਅਚਾਨਕ ਸੁਰੱਖਿਆ ਮੁਲਾਜ਼ਮਾਂ ਨੂੰ ਕੁਝ ਅਨੋਖਾ ਲੱਗਿਆ ਤਾਂ ਉਹ ਉਸ ਅੰਬੇਸਡਰ ਕਾਰ ਦੇ ਪਿੱਛੇ ਦੌੜੇ। ਇਸ ਦੌਰਾਨ, ਅੱਤਵਾਦੀਆਂ ਦੀ ਕਾਰ ਉਪ ਰਾਸ਼ਟਰਪਤੀ ਦੀ ਖੜ੍ਹੀ ਕਾਰ ਨਾਲ ਟਕਰਾ ਗਈ। ਘਬਰਾ ਕੇ ਅੱਤਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਤਵਾਦੀਆ ਕੋਲ ਏਕੇ-47, ਪਿਸਤੌਰ ਅਤੇ ਹੈਂਡ ਗ੍ਰੇਨੇਡ ਸਨ। ਜਦੋਂਕਿ ਉਸ ਸਮੇਂ ਸੁਰੱਖਿਆ ਗਾਰਡ ਨਿਹੱਥੇ ਹੁੰਦੇ ਸਨ।

ਜੰਗ ਦਾ ਮੈਦਾਨ ਬਣ ਗਿਆ ਸੀ ਸੰਸਦ

ਗੋਲ਼ੀਆਂ ਦੀ ਆਵਾਜ਼ ਸੁਣ ਕੇ ਸੀਆਰਪੀਐੱਫ ਦੀ ਬਟਾਲੀਅਨ ਸਰਗਰਮ ਹੋ ਗਈ। ਉਪ ਰਾਸ਼ਟਰਪਤੀ ਕ੍ਰਿਸ਼ਨਕਾਂਤ ਦੇ ਸੁਰੱਖਿਆ ਗਾਰਡ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਪਲਟਵਾਰ ਕੀਤਾ। ਜਲਦਬਾਜ਼ੀ ‘ਚ ਸਾਰੇ ਕੰਪਾਊਂਡ ਦੇ ਗੇਟ ਬੰਦ ਕਰ ਦਿੱਤੇ ਗਏ। ਸੰਸਦ ਵਿੱਚ ਮੌਜ਼ੂਦ ਸਾਰੇ ਮੰਤਰੀ, ਸਾਂਸਦ ਅਤੇ ਅਧਿਕਾਰੀਆਂ ਨੂੰ ਅੰਦਰ ਹੀ ਸੁਰੱਖਿਅਤ ਰਹਿਣ ਲਈ ਕਿਹਾ ਗਿਆ।

ਇੱਧਰ, ਇਕ ਅੱਤਵਾਦੀ ਨੇ ਗੇਟ ਨੰਬਰ 1 ਤੋਂ ਸੰਸਦ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਉੱਥੇ ਹੀ ਮਾਰ ਮੁਕਾਇਆ। ਇਸ ਦੌਰਾਨ ਉਸ ਦੇ ਸਰੀਰ ‘ਤੇ ਲੱਗਿਆ ਬੰਬ ਫਟ ਗਿਆ।

ਸੰਸਦ ਭਵਨ ਜੰਗ ਦਾ ਮੈਦਾਨ ਬਣ ਗਿਆ ਸੀ। ਦੋਵੇਂ ਪਾਸਿਓਂ ਗੋਲ਼ੀਬਾਰੀ ਜਾਰੀ ਸੀ। ਹੋਰ ਚਾਰ ਅੱਤਵਾਦੀਆਂ ਨੇ ਗੇਟ ਨੰਬਰ 4 ਤੋਂ ਸਦਨ ਵਿੱਚ ਵੜਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿੱਚੋਂ ਤਿੰਨ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਮਾਰ ਮੁਕਾਇਆ।

ਆਖਰੀ ਅੱਤਵਾਦੀ ਗੇਟ ਨੰਬਰ 5 ਵੱਲ ਭੱਜਿਆ, ਪਰ ਉਹ ਵੀ ਸੁਰੱਖਿਆ ਮੁਲਾਜ਼ਮਾਂ ਦੀ ਗੋਲ਼ੀ ਦਾ ਸ਼ਿਕਾਰ ਹੋ ਗਿਆ। ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਸਵੇਰੇ 11:30 ਵਜੇ ਸ਼ੁਰੂ ਹੋਇਆ ਮੁਕਾਬਲਾ ਸ਼ਾਮ ਚਾਰ ਵਜੇ ਤੱਕ ਚੱਲਿਆ।

ਮਾਸਟਰਮਾਈਂਡ ਨੂੰ ਫਾਂਸੀ ‘ਤੇ ਲਟਕਾਇਆ

ਸੰਸਦ ਹਮਲੇ ਵਿੱਚ ਮਾਰੇ ਗਏ ਪੰਜਾਂ ਅੱਤਵਾਦੀਆਂ ਦੀ ਪਛਾਣ ਹਮਜਾ, ਹੈਦਰ ਉਰਫ਼ ਤੁਫੈਲ, ਰਾਣਾ, ਰਣਵਿਜੈ ਅਤੇ ਮੁਹੰਮਦ ਵਜੋਂ ਹੋਈ। ਅੱਤਵਾਦੀ ਹਮਲੇ ਦੀ ਦਿੱਲੀ ਪੁਲਿਸ ਨੇ ਜਾਂਚ ਕੀਤੀ।

ਦਿੱਲੀ ਪੁਲਿਸ ਨੇ ਦੋ ਦਿਨ ਬਾਅਦ ਭਾਵ 15 ਦਸੰਬਰ 2001 ਨੂੰ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅਤੇ ਸੰਸਦ ਹਮਲੇ ਦੇ ਮਾਸਟਰ ਮਾਈਂਡ ਅਫ਼ਜਲ ਗੁਰੂ ਨੂੰ ਫੜਿਆ। ਉਸ ਦੇ ਨਾਲ ਹੀ ਐੱਸਏਆਰ ਗਿਲਾਨੀ, ਅਫ਼ਸ਼ਾਨ ਗੁਰੂ ਅਤੇ ਸ਼ੌਕਤ ਹੁਸੈਨ ਨੂੰ ਗ੍ਰਿਫਤਾਰ ਕੀਤਾ। ਹਮਲਾ ਲਸ਼ਕਰ ਅਤੇ ਜੈਸ਼-ਏ-ਮੁਹੰਮਦ ਅੱਤਵਾਦੀਆਂ ਨੇ ਕੀਤਾ ਸੀ।

ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਗਿਲਾਨੀ ਅਤੇ ਅਫ਼ਸ਼ਾਨ ਨੂੰ ਬਰੀ ਕਰ ਦਿੱਤਾ, ਜਦੋਂ ਕਿ ਅਫ਼ਜਲ ਗੁਰੂ ਨੂੰ ਫ਼ਾਂਸੀ ਦੀ ਸਜ਼ਾ ਬਰਕਰਾਰ ਰੱਖੀ। ਸ਼ੌਕਤ ਹੁਸੈਨ ਦੀ ਮੌਤ ਦੀ ਸਜ਼ਾ ਨੂੰ ਘਟਾ ਕੇ 10 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ। 9 ਫਰਵਰੀ 2013 ਨੂੰ ਅਫ਼ਜਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫ਼ਾਂਸੀ ‘ਤੇ ਲਟਕਾ ਦਿੱਤਾ ਗਿਆ।