ਨਵੀਂ ਦਿੱਲੀ (ਪੀਟੀਆਈ) : ਪਿਛਲੇ ਸਾਲ 11 ਲੱਖ ਬੱਚਿਆਂ ਨੂੰ ਖਸਰੇ ਤੋਂ ਬਚਾਅ ਲਈ ਪਹਿਲਾ ਟੀਕਾ ਨਾ ਲੱਗਣ ਦਾ ਦਾਅਵਾ ਕਰਨ ਵਾਲੀ ਮੀਡੀਆ ਰਿਪੋਰਟ ਨੂੰ ਸ਼ਨਿਚਰਵਾਰ ਨੂੰ ਕੇਂਦਰੀ ਸਿਹਤ ਪਰਿਵਾਰ ਭਲਾਈ ਮੰਤਰਾਲੇ ਨੇ ਖ਼ਾਰਜ ਕਰ ਦਿੱਤਾ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਤੇ ਯੂਐੱਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਵੱਲੋਂ ਛਾਪੀ ਰਿਪੋਰਟ ’ਚ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ’ਚ ਕਰੀਬ 11 ਲੱਖ ਬੱਚਿਆਂ ਨੂੰ 2022 ’ਚ ਖਸਰੇ ਦੇ ਟੀਕੇ ਦੀ ਪਹਿਲੀ ਖੁਰਾਕ ਨਹੀਂ ਮਿਲੀ।
ਮੰਤਰਾਲੇ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਇਹ ਰਿਪੋਰਟਾਂ ਤੱਥਾਂ ’ਤੇ ਆਧਾਰਤ ਨਹੀਂ ਹਨ। ਮੰਤਰਾਲੇ ਦੀ ਸਿਹਤ ਮੈਨੇਜਮੈਂਟ ਸੂਚਨਾ ਪ੍ਰਣਾਲੀ (ਐੱਚਐੱਮਆਈਐੱਸ) ਮੁਤਾਬਕ, ਪਾਤਰ 2,63,84,580 ਬੱਚਿਆਂ ’ਚੋਂ 2,63,63,270 ਬੱਚਿਆਂ ਨੂੰ ਖਸਰੇ ਦੀ ਵੈਕਸੀਨ ਦੀ ਪਹਿਲੀ ਖੁਰਾਕ ਮਿਲੀ। ਵਿੱਤੀ ਸਾਲ 2022-23 (ਅਪ੍ਰੈਲ 2022 ਤੋਂ ਮਾਰਚ 2023) ’ਚ ਸਿਰਫ਼ 21,310 ਬੱਚਿਆਂ ਨੂੰ ਐੱਮਸੀਵੀ ਦੀ ਪਹਿਲੀ ਖੁਰਾਕ ਨਹੀਂ ਮਿਲ ਸਕੀ। ਇਸ ਤੋਂ ਇਲਾਵਾ ਸਰਕਾਰ ਨੇ ਸੂਬਿਆਂ ਨਾਲ ਮਿਲ ਕੇ ਤਾਲਮੇਲ ਕਰ ਕੇ ਸਾਰੇ ਬੱਚਿਆਂ ਨੂੰ ਐੱਮਸੀਵੀ ਦੇਣ ਦੀਆਂ ਕਈ ਪਹਿਲਾਂ ਕੀਤੀਆਂ। ਸਾਲ 2021 ਤੇ 2022 ’ਚ ਸਾਰੇ ਬੱਚਿਆਂ ਦਾ ਟੀਕਾਕਰਨ ਕਰਨ ਲਈ ਇੰਦਰ ਧਨੁਸ਼ ਮਿਸ਼ਨ ਚਲਾਏ ਗਏ। ਇਸ ਤੋਂ ਇਲਾਵਾ ਕਈ ਸੂਬਿਆਂ ’ਚ ਵਿਸ਼ੇਸ਼ ਟੀਕਾਕਰਨ ਮੁਹਿੰਮ ਵੀ ਚਲਾਈ ਗਈ।


