ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਰਾਈਫਲ ਨਾਲ ਫਾਇਰ ਕਰਕੇ ਵੀਡੀਓ ਪਾਉਣ ਦੇ ਕਥਿਤ ਦੋਸ਼ ਹੇਠ ਪਿੰਡ ਤੱਖਰਾਂ ਵਾਸੀ ਰਾਜਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸਐੱਚਓ ਸੰਤੋਖ ਸਿੰਘ ਨੇ ਦੱਸਿਆ ਪੁਲਿਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਤੱਖਰਾਂ ਪਿੰਡ ਦੇ ਵਾਸੀ ਰਾਜਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਆਈਡੀ ‘ਤੇ ਹਥਿਆਰਾਂ ਦਾ ਪ੍ਰਚਾਰ ਕਰਦੇ ਹੋਏ ਇਕ ਵੀਡੀਓ ਪਾਈ ਹੋਈ ਹੈ, ਜਿਸ ਦਾ ਆਮ ਲੋਕਾਂ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਥਾਣਾ ਮੁਖੀ ਨੇ ਕਿਹਾ ਹਥਿਆਰਾਂ ਨਾਲ ਅਜਿਹੀਆਂ ਵੀਡੀਓ ਪਾਉਣ ਨਾਲ ਜਿੱਥੇ ਮਾਹੌਲ ਖ਼ਰਾਬ ਹੁੰਦਾ ਹੈ ਉੱਥੇ ਨਵੀਂ ਪੀੜ੍ਹੀ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਹਥਿਆਰਾਂ ਨਾਲ ਅਜਿਹੀ ਵੀਡੀਓ ਪਾਉਣੀ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਹੈ, ਜਿਸ ‘ਤੇ ਪੁਲਿਸ ਨੇ ਰਾਜਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਪਰਚਾ ਦਰਜ ਕਰਨ ਉਪਰੰਤ ਜਾਂਚ ਕੀਤੀ ਜਾਵੇਗੀ ਕਿ ਜਿਹੜੇ ਹਥਿਆਰਾਂ ਨਾਲ ਉਸ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾਈ ਹੈ ਉਹ ਕਿਸ ਦੇ ਹਨ। ਇਸ ਸਬੰਧੀ ਅਜੇ ਤਕ ਕੋਈ ਗਿ੍ਫ਼ਤਾਰੀ ਨਹੀਂ ਹੋਈ।