ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਬੀਤੇ ਦਿਨੀਂ ਸੁਲਤਾਨਪੁਰ ਲੋਧੀ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਨੌਜਵਾਨ ਦਾ ਕਤਲ ਹੋਣ ਦਾ ਸ਼ੱਕ ਪ੍ਰਗਟਾਉਂਦਿਆਂ ਪਰਿਵਾਰਕ ਮੈਂਬਰਾਂ ਨੇ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਪੁਲਿਸ ਥਾਣੇ ਬਾਹਰ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਨਿਆਂ ਦੀ ਮੰਗ ਕੀਤੀ। ਮਿ੍ਤਕ ਦੇ ਪਿਤਾ ਸੋਨੂੰ, ਭਰਾ ਆਕਾਸ਼ਦੀਪ ਅਤੇ ਮਾਤਾ ਪ੍ਰਵੀਨ ਕੁਮਾਰੀ ਨੇ ਦੋਸ਼ ਲਾਇਆ ਕਿ ਬੀਤੀ 7 ਸਤੰਬਰ ਨੂੰ ਉਨ੍ਹਾਂ ਦੇ ਲੜਕੇ ਰੋਹਿਤ ਦਾ ਕਤਲ ਕਰ ਦਿੱਤਾ ਗਿਆ। ਰੋਹਿਤ ਇਕ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਸੀ, ਜਿਸ ਦੇ ਮਾਲਕ ਦਾ ਉਸ ਰਾਤ ਕਰੀਬ 8:00 ਵਜੇ ਫੋਨ ਆਇਆ ਕਿ ਰੋਹਿਤ ਉਨ੍ਹਾਂ ਦੇ ਘਰ ਹੈ। 8:30 ਵਜੇ ਰੋਹਿਤ ਦਾ ਵੀ ਫੋਨ ਆਇਆ ਕਿ ਉਹ ਰੋਟੀ ਖਾ ਰਿਹਾ ਹੈ ਅਤੇ ਜਨਮ ਅਸ਼ਟਮੀ ਦਾ ਸਮਾਗਮ ਵੇਖ ਕੇ ਹੀ ਵਾਪਸ ਆਵੇਗਾ ਪਰ ਬਾਅਦ ‘ਚ ਉਨ੍ਹਾਂ ਨੂੰ ਕਿਸੇ ਦਾ ਫੋਨ ਆਉਂਦਾ ਹੈ ਕਿ ਉਨ੍ਹਾਂ ਦਾ ਲੜਕਾ ਸਿਵਲ ਹਸਪਤਾਲ ਵਿਚ ਹੈ। ਜਿੱਥੋਂ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ। ਜਦੋਂ ਉਹ ਰੋਹਿਤ ਨੂੰ ਇਲਾਜ ਲਈ ਅੰਮਿ੍ਤਸਰ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ। ਰੋਹਿਤ ਕੋਈ ਵੀ ਨਸ਼ਾ ਨਹੀਂ ਕਰਦਾ ਸੀ, ਸਗੋਂ ਉਸ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਮਾਰਿਆ ਗਿਆ ਹੈ। ਉਨ੍ਹਾਂ ਪੁਲਿਸ ‘ਤੇ ਦੂਸਰੇ ਧੜੇ ਨਾਲ ਮਿਲੀਭੁਗਤ ਦੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਬਣਦੀ ਕਾਰਵਾਈ ਨਹੀਂ ਕਰ ਰਹੀ, ਜਿਸ ਕਰ ਕੇ ਮਜਬੂਰਨ ਉਨ੍ਹਾਂ ਨੂੰ ਇਹ ਰੋਸ ਧਰਨਾ ਦੇਣਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਨਿਆਂ ਨਾ ਮਿਲਿਆ ਤਾਂ ਅੱਜ ਸ਼ੁੱਕਰਵਾਰ ਇਕ ਵਜੇ ਤਲਵੰਡੀ ਚੌਕ ਵਿਖੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪੰਜਾਬ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਏਕਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਮਾਨ, ਦਿਨੇਸ਼ ਕੁਮਾਰ ਬੂਟਾ ਸਿੰਘ, ਪ੍ਰਵੀਨ, ਰਜਤ, ਸੋਮਕਾਂਤ, ਪਰਦੀਪ ਸਿੰਘ, ਸਰਪੰਚ ਡਾਕਟਰ ਮਨੋਹਰ ਨਾਲ, ਸਾਬਕਾ ਸਰਪੰਚ ਤਰਨਜੀਤ ਸਿੰਘ, ਰਾਹੁਲ, ਅਵਿਨਾਸ਼, ਨਰਿੰਦਰ, ਊਸ਼ਾ ਅਤੇ ਵੱਡੀ ਗਿਣਤੀ ‘ਚ ਪਰਿਵਾਰਕ ਮੈਂਬਰ ਹਾਜ਼ਰ ਸਨ।
———-
ਜਾਂਚ ਕਰ ਕੇ ਮੁਲਜ਼ਮਾਂ ਖ਼ਿਲਾਫ਼ ਹੋਵੇਗੀ ਕਾਰਵਾਈ : ਐੱਸਐੱਚਓ
ਇਸ ਸਬੰਧ ‘ਚ ਐੱਸਐੱਚਓ ਲਖਵਿੰਦਰ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 8 ਸਤੰਬਰ ਨੂੰ ਉਨ੍ਹਾਂ ਨੂੰ ਆਕਾਸ਼ਦੀਪ ਵੱਲੋਂ ਇਕ ਸ਼ਿਕਾਇਤ ਮਿਲੀ ਸੀ ਜਿਸ ਵਿਚ ਉਸ ਨੇ ਆਪਣੇ ਭਰਾ ਦੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਸੀ। ਉਨਾਂ ਦੱਸਿਆ ਕਿ ਰੋਹਿਤ ਦਾ ਸਸਕਾਰ ਕਰਨ ਤੋਂ ਬਾਅਦ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਪਰ ਪੁਲਿਸ ਉਕਤ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਕਾਲ ਡਿਟੇਲ ਕਟਵਾਈ ਜਾ ਰਹੀ ਹੈ ਅਤੇ ਮਾਮਲੇ ਦੀ ਪੜਤਾਲ ਉਪਰੰਤ ਦੋਸ਼ੀ ਪਾਏ ਜਾਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



