ਨਿਸ਼ਾ ਬਾਨੋ ਪੰਜਾਬੀ ਮਨੋਰੰਜਨ ਇੰਡਸਟਰੀ ਦਾ ਇਕ ਜਾਣਿਆ-ਪਛਾਣਿਆ ਚਿਹਰਾ ਹੈ। ਉਸ ਦੀ ਆਪਣੀ ਫੈਨ ਫਾਲੋਇੰਗ ਹੈ। ਉਹ ਕੰਮ ਘੱਟ ਕਰਦੀ ਹੈ ਪਰ ਜਿੰਨਾ ਵੀ ਕਰਦੀ ਹੈ, ਉਸ ਦੀ ਚਰਚਾ ਰਹਿੰਦੀ ਹੈ। ਉਨ੍ਹਾਂ ਹੁਣ ਤਕ ‘ਮੈਂ ਛੱਡਤਾ’, ‘ਅੜਬ ਜੱਟੀ’, ‘ਓਹੀ ਬੋਲਦੀ’, ‘ਭੂਤ ਭੰਗੜਾ’, ‘ਮੇਰਾ ਵਾਲਾ ਜੱਟ’, ‘ਮੋਰਨੀ’, ‘ਐਂਡਲੈਸ ਜੱਟੀ’, ‘ਨੱਚਦੀ’, ‘ਰਪੀਟ’, ‘ਸੂਟ’, ‘ਤੇਰੇ ਕਰ ਕੇ’, ‘ਮੇਰਾ ਜਾਨੂੰ’ ਆਦਿ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ‘ਜੱਟ ਐਂਡ ਜੂਲੀਅਟ’, ‘ਨਿੱਕਾ ਜੈਲਦਾਰ’, ‘ਅੰਗਰੇਜ਼’, ‘ਮੰਜੇ ਬਿਸਤਰੇ’, ‘ਵਿਸਾਖੀ ਲਿਸਟ’, ‘ਲਾਵਾਂ ਫੇਰੇ’, ‘ਨਿੱਕਾ ਜੈਲਦਾਰ 3’, ‘ਜੱਟ ਏਅਰਵੇਜ਼’, ‘ਨੀਂ ਮੈਂ ਸੱਸ ਕੁੱਟਣੀ’, ‘ਰਾਂਝਾ ਰਫਿਊਜ਼ੀ’, ‘ਸੁਰਖੀ ਬਿੰਦੀ’, ‘ਡੰਗਰ ਡਾਕਟਰ ਜੈਲੀ’, ‘ਦੋ ਦੂਣੀ ਪੰਜ’, ‘ਪੁਆੜਾ’, ‘ਸ਼ਾਵਾ ਨੀ ਗਿਰਧਾਰੀ ਲਾਲ’ ਆਦਿ ਫਿਲਮਾਂ ਵਿਚ ਸ਼ਾਨਦਾਰ ਅਦਾਕਾਰੀ ਕਰ ਕੇ ਪੰਜਾਬੀ ਫਿਲਮ ਤੇ ਸੰਗੀਤ ਇੰਡਸਟਰੀ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ। ਪਿਛਲੇ ਦਿਨੀਂ ਉਨ੍ਹਾਂ ਨਾਲ ਮੁਲਾਕਾਤ ਹੋਈ, ਪੇਸ਼ ਹਨ ਉਸ ਦੇ ਕੁਝ ਅੰਸ਼:-

– ਆਪਣੇ ਸ਼ੁਰੂਆਤੀ ਜੀਵਨ ਬਾਰੇ ਕੁਝ ਦੱਸੋ?

ਮੇਰਾ ਜਨਮ ਮਾਨਸਾ ਵਿਖੇ ਹੋਇਆ। ਮੇਰੇ ਪਿਤਾ ਦਾ ਨਾਮ ਸਵ. ਈਦੂ ਖਾਨ ਤੇ ਮਾਤਾ ਦਾ ਨਾਮ ਮਾਜੀਦਾ ਹੈ। ਮੇਰਾ ਅਸਲ ਨਾਮ ਨਿਸ਼ਾਂਤ ਬਾਨੋ ਹੈ। ਮੈਂ ਆਪਣੇ ਸਕੂਲ ਦੀ ਪੜ੍ਹਾਈ ਯੋਗੇਸ਼ ਮੈਮੋਰੀਅਲ ਪਬਲਿਕ ਸਕੂਲ ਤੋਂ ਪੂਰੀ ਕੀਤੀ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਐੱਸਡੀ ਕਾਲਜ ਮਾਨਸਾ ਤੋਂ ਪੂਰੀ ਕੀਤੀ। ਅਦਾਕਾਰੀ ਤੇ ਸਿਗਿੰਗ ਦਾ ਸ਼ੌਕ ਬਚਪਨ ਤੋਂ ਹੀ ਸੀ। ਸਕੂਲ ਤੇ ਕਾਲਜ ਵਿਚ ਕਈ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਤੇ ਯੁਵਕ ਮੇਲਿਆਂ ਦੌਰਾਨ ਕਈ ਇਨਾਮ ਵੀ ਜਿੱਤੇ। ਮੇਰੇ ਮਾਤਾ-ਪਿਤਾ ਨੇ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਆ ਤੇ ਹਰ ਦੁੱਖ-ਸੁੱਖ ਵਿਚ ਉਹ ਮੇਰੇ ਨਾਲ ਢਾਲ ਬਣ ਕੇ ਖੜ੍ਹੇ ਰਹੇ ਅਤੇ ਹੁਣ ਉਹੀ ਰੋਲ ਮੇਰੇ ਪਤੀ ਸਮੀਰ ਮਾਹੀ ਅਦਾ ਕਰ ਰਹੇ ਹਨ।

– ਆਪਣੀ ਮੰਜ਼ਿਲ ਨੂੰ ਹਾਸਲ ਕਰਨ ਲਈ ਕਿੰਨਾ ਕੁ ਸੰਘਰਸ਼ ਕਰਨਾ ਪਿਆ?

ਮੰਜ਼ਿਲ ਕਦੇ ਵੀ ਸੌਖਿਆਂ ਨਹੀਂ ਮਿਲਦੀ। ਹਰ ਇਨਸਾਨ ਨੂੰ ਆਪਣੀ ਮੰਜ਼ਿਲ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਜੇਕਰ ਆਪਣੀ ਮੰਜ਼ਿਲ ਹਾਸਲ ਕਰਨੀ ਹੈ ਤਾਂ ਸਾਨੂੰ ਦਿਨ-ਰਾਤ ਇਕ ਕਰ ਕੇ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀ ਸਫਲਤਾ ਦਾ ਢੋਲ ਪੂਰੀ ਦੁਨੀਆ ਵਿਚ ਵਜਾ ਸਕੀਏ। ਮੈਂ ਆਪਣੀ ਗੱਲ ਕਰਾਂ ਤਾਂ ਮੈਂ ਅਜੇ ਵੀ ਆਪਣੀ ਮੰਜ਼ਿਲ ਹਾਸਲ ਕਰਨ ਲਈ ਸੰਘਰਸ਼ ਕਰ ਰਹੀ ਹਾਂ ਅਤੇ ਮੇਰੇ ਰੱਬ ਵਰਗੇ ਸਰੋਤੇ ਇਸ ਵਿਚ ਮੇਰਾ ਪੂਰਾ ਸਾਥ ਦੇ ਰਹੇ ਹਨ।

– ਅਦਾਕਾਰੀ ਤੇ ਸਿਗਿੰਗ ਨੂੰ ਇਕੱਠੇ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ?

ਮੈਂ ਅਦਾਕਾਰੀ ਜਾਂ ਸਿਗਿੰਗ ਦੀ ਗੱਲ ਹੀ ਨਹੀਂ ਕਰਦੀ ਸਗੋਂ ਕਿਸੇ ਵੀ ਖੇਤਰ ਵਿਚ ਆਪਣਾ ਨਾਂ ਬਣਾਉਣ ਲਈ ਤੁਹਾਡੇ ਵਿਚ ਇਕ ਜਨੂੰਨ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਵਿਚ ਕੁਝ ਕਰ ਦਿਖਾਉਣ ਦਾ ਜਨੂੰਨ ਹੈ ਤਾਂ ਉਸ ਨੂੰ ਪੂਰੀ ਸ਼ਿੱਦਤ ਨਾਲ ਕਰਨਾ ਚਾਹੀਦਾ ਹੈ। ਜੇਕਰ ਅਸੀਂ ਕਿਸੇ ਕੰਮ ਨੂੰ ਸ਼ਿੱਦਤ ਨਾਲ ਕਰਦੇ ਹਾਂ ਤਾਂ ਉਹ ਤੁਹਾਡੇ ਲਈ ਕੁਝ ਨਵੇਂ ਅਨੁਭਵ ਲੈ ਕੇ ਆਉਂਦਾ ਹੈ। ਤੁਹਾਡੀ ਕੀਤੀ ਹੋਈ

ਮਿਹਨਤ ਤੁਹਾਡੇ ਲਈ ਹਰ ਚੀਜ਼ ਕਾਫੀ ਸੌਖੀ ਕਰ ਦਿੰਦੀ ਹੈ ਪਰ ਜੇਕਰ ਤੁਸੀਂ ਮਿਹਨਤ ਤੋਂ ਬਗੈਰ ਕੋਈ ਚੀਜ਼ ਹਾਸਲ ਕਰਨ ਦੀ ਚਾਹਤ ਰੱਖਦੇ ਹੋ ਤਾਂ ਇਹ ਤੁਹਾਡੇ ਲਈ ਕਾਫੀ ਪਰੇਸ਼ਾਨੀਆਂ ਲੈ ਕੇ ਆਵੇਗੀ। ਅਦਾਕਾਰੀ ਤੇ ਸਿਗਿੰਗ ਨੂੰ ਮੈਂ ਹਮੇਸ਼ਾ ਹੀ ਆਪਣੀ ਮਿਹਨਤ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਅੱਗੋਂ ਵੀ ਜਾਰੀ ਰਹੇਗੀ।

– ਗਾਇਕੀ ਤੋਂ ਬਾਅਦ ਅਦਾਕਾਰੀ ਦੇ ਖੇਤਰ ’ਚ ਆਉਣ ਦੀ ਕਿਸ ਤਰ੍ਹਾਂ ਸੋਚੀ?

ਸੱਚ ਦੱਸਾਂ ਤਾਂ ਮੈਂ ਆਪਣੇ ਪੱਧਰ ’ਤੇ ਅਦਾਕਾਰੀ ਵਿਚ ਆਉਣ ਦੀ ਨਹੀਂ ਸੋਚੀ ਸੀ। ਸ਼ਾਇਦ ਇਹ ਕੁਦਰਤ ਨੂੰ ਮਨਜ਼ੂਰ ਸੀ। ਮੈਂ ਜਦੋਂ ਸਿਗਿੰਗ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਸਮੇਂ ਮੈਨੂੰ ਕਈ ਫਿਲਮਾਂ ਦੀ ਆਫਰ ਆਈ ਪਰ ਕਿਸੇ ਕਾਰਨ ਮੈਂ ਉਹ ਫਿਲਮਾਂ ਨਹੀਂ ਕਰ ਸਕੀ ਪਰ ਫਿਰ ‘ਜੱਟ ਐਂਡ ਜੂਲੀਅਟ’ ਫਿਲਮ ਰਾਹੀਂ ਮੇਰੇ ਫਿਲਮੀ ਸਫ਼ਰ ਦੀ ਸ਼ੁਰੂਆਤ ਹੋਈ ਤੇ ਉਸ ਤੋਂ ਬਾਅਦ ‘ਨਿੱਕਾ ਜੈਲਦਾਰ’ ਵਿਚ ਸ਼ਾਂਤੀ ਦਾ ਕਿਰਦਾਰ ਲੋਕਾਂ ਨੇ ਕਾਫੀ ਪਸੰਦ ਕੀਤਾ। ਉਸ ਦਿਨ ਤੋਂ ਲੈ ਕੇ ਅੱਜ ਤਕ ਮੇਰੀ ਹਰ ਫਿਲਮ ਨੂੰ ਦਰਸ਼ਕ ਪਿਆਰ ਦੇ ਰਹੇ ਹਨ।

– ਕੀ ਤੁਸੀਂ ਭਵਿੱਖ ਲਈ ਕੋਈ ਖ਼ਾਸ ਪਲਾਨਿੰਗ ਕਰਦੇ ਹੋ?

ਨਹੀਂ ਮੈਂ ਆਪਣੇ ਕਰੀਅਰ ਜਾਂ ਭਵਿੱਖ ਦੇ ਪ੍ਰਾਜੈਕਟਾਂ ਲਈ ਕੋਈ ਖ਼ਾਸ ਪਲਾਨਿੰਗ ਨਹੀਂ ਕਰਦੀ। ਮੇਰਾ ਮੰਨਣਾ ਹੈ ਕਿ ਇਸ ਵਿਚ ਕੋਈ ਪਲਾਨਿੰਗ ਕੰਮ ਨਹੀਂ ਆਉਂਦੀ, ਇਹ ਬੱਸ ਕੁਦਰਤ ਦੀ ਖੇਡ ਹੈ ਕਿ ਤੁਸੀਂ ਭਵਿੱਖ ਵਿਚ ਕਿਸ ਥਾਂ ਉਤੇ ਹੋਣਾ ਹੈ। ਮੈਂ ਦੇਖਿਆ ਕਿ ਇਹ ਹਰ ਇਕ ਦੀ ਵੱਖੋ-ਵੱਖਰੀ ਕਿਸਮਤ ਹੈ। ਕੋਈ ਕਲਾਕਾਰ ਆਪਣੀ ਸਾਰੀ ਉਮਰ ਸਫਲਤਾ ਹਾਸਲ ਕਰਨ ਲਈ ਕੱਢ ਦਿੰਦਾ ਹੈ ਤੇ ਉਸ ਨੂੰ ਅੰਤਿਮ ਦਿਨਾਂ ਵਿਚ ਸਫਲਤਾ ਹਾਸਲ ਹੁੰਦੀ ਹੈ ਤੇ ਕੁਝ ਆਪਣੇ ਪਹਿਲੇ ਕਦਮ ਵਿਚ ਹੀ ਸਫਲਤਾ ਹਾਸਲ ਕਰ ਲੈਂਦੇ ਹਨ। ਇਹ ਸਭ ਕਿਸੇ ਕਲਾਕਾਰ ਦੇ ਹੱਥ ਵਿਚ ਨਹੀਂ ਸਗੋਂ ਰੱਬ ਦੇ ਹੱਥ ਵਿਚ ਹੈ। ਗੱਲ ਭਵਿੱਖ ਦੇ ਪ੍ਰਾਜੈਕਟ ਦੀ ਕਰਾਂ ਤਾਂ ਮੈਂ ਬਾਲੀਵੁਡ ਫਿਲਮ ‘ਚਮਕੀਲਾ’ ਵਿਚ ਵੀ ਅਦਾਕਾਰੀ ਕਰ ਰਹੀ ਹਾਂ। ਇਸ ਤੋਂ ਇਲਾਵਾ ਨਵੇਂ ਗੀਤ ਤੇ ਹੋਰ ਪੰਜਾਬੀ ਫਿਲਮਾਂ ਨਾਲ ਦਰਸ਼ਕਾਂ ਦੀ ਕਚਹਿਰੀ ਵਿਚ ਪੇਸ਼ ਹੋਵਾਂਗੀ।

– ਸਮਾਜ ਦੀਆਂ ਘਟਨਾਵਾਂ ਤੁਹਾਨੂੰ ਕਿੰਨਾ ਕੁ ਪ੍ਰਭਾਵ ਕਰਦੀਆਂ ਹਨ?

ਇਕ ਕਲਾਕਾਰ ਤੇ ਔਰਤ ਹੋਣ ਦੇ ਨਾਤੇ ਮੈਂ ਰੱਬ ਕੋਲ ਹਮੇਸ਼ਾ ਇਹ ਹੀ ਦੁਆ ਕਰਦੀ ਹਾਂ ਕਿ ਸਮਾਜ ਵਿਚ ਕੋਈ ਅਜਿਹੀ ਘਟਨਾ ਨਾ ਹੋਵੇ ਜਿਸ ਨਾਲ ਮਨੁੱਖਤਾ ਦਾ ਘਾਣ ਹੋਵੇ। ਸਮਾਜ ਵਿਚ ਫੈਲੀਆਂ ਕੁਰੀਤੀਆਂ ਕਲਾਕਾਰ ਦੇ ਮਨ ’ਤੇ ਡੂੰਘਾ ਪ੍ਰਭਾਵ ਛੱਡਦੀਆਂ ਹਨ। ਅਸੀਂ ਇਹ ਦੁਆ ਕਰਦੇ ਹਾਂ ਕਿ ਲੋਕ ਇਕ ਦੂਜੇ ਨਾਲ ਪਿਆਰ ਕਰਨ ਤੇ ਹਰ ਉਸ ਕਲਾਕਾਰ ਚਾਹੇ ਉਹ ਕਿਸੇ ਵੀ ਖੇਤਰ ਵਿਚ ਕਿਉਂ ਨਾ ਹੋਵੇ, ਦੀ ਕਲਾ ਦੀ ਕਦਰ ਪਵੇ। ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਪੰਜਾਬ ਤੇ ਦੇਸ਼ ਨੂੰ ਕੋਈ ਤੱਤੀ ਵਾ ਨਾ ਲੱਗੇ ਤੇ ਸਾਡਾ ਦੇਸ਼ ਹਮੇਸ਼ਾ ਤਰੱਕੀ ਦੀ ਰਾਹ ’ਤੇ ਰਹੇ।

– ਤੁਹਾਨੂੰ ਕਿਸ ਤਰ੍ਹਾਂ ਦੇ ਰੋਲ ਕਰਨੇ ਪਸੰਦ ਹਨ?

ਕੋਈ ਵੀ ਕਲਾਕਾਰ ਇਕੋ ਤਰ੍ਹਾਂ ਦੇ ਰੋਲ ਕਰਦੇ ਹੋਏ ਕਦੀ ਖ਼ੁਸ਼ ਨਹੀਂ ਰਹਿ ਸਕਦਾ। ਹਰ ਕਲਾਕਾਰ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਦਰਸ਼ਕ ਉਸ ਦੇ ਹੁਨਰ ਦੇ ਸਾਰੇ ਰੰਗੇ ਦੇਖੇ। ਚਾਹੇ ਉਹ ਰੋਲ ਕਾਮੇਡੀ ਹੋਵੇ, ਐਕਸ਼ਨ ਹੋਵੇ, ਸਮਾਜ ਨੂੰ ਸੇਧ ਦੇਣ ਵਾਲਾ ਹੋਵੇ ਜਾਂ ਕਿਸੇ ਅਲੱਗ ਸੁਭਾਅ ਨਾਲ ਜੁੜਿਆ ਹੋਇਆ। ਮੈਂ ਆਪ ਸਫ਼ਰ ਵਿਚ ਹਰ ਉਹ ਰੋਲ ਕਰਨ ਦੀ ਇੱਛਾ ਰੱਖਦੀ ਹਾਂ, ਜਿਸ ਨਾਲ ਦਰਸ਼ਕ ਮੈਨੂੰ ਯਾਦ ਰੱਖਣ।

ਲਖਵਿੰਦਰ ਸੰਧੂ