ਸੁਸ਼ੀਲ ਕੁਮਾਰ ਸੁਸ਼ੀ, ਲੁਧਿਆਣਾ : 22 ਵਰ੍ਹਿਆਂ ਦੀ ਮੁਟਿਆਰ ਆਪਣੇ ਸ਼ਰਾਬੀ ਪਤੀ ਦੇ ਤਸੀਹਿਆਂ ਤੋਂ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸਨੇ ਘਰ ਦੇ ਕਮਰੇ ‘ਚ ਆਪਣੀ ਚੁੰਨੀ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਵਿਆਹੁਤਾ ਨੇ ਆਪਣੇ ਪਿਤਾ ਨੂੰ ਫੋਨ ਕਰ ਕੇ ਆਪਣੇ ‘ਤੇ ਹੋ ਰਹੇ ਜ਼ੁਲਮਾਂ ਬਾਰੇ ਦੱਸਿਆ। ਇਸ ਮਾਮਲੇ ‘ਚ ਥਾਣਾ ਸਦਰ ਦੀ ਪੁਲਿਸ ਨੇ ਬਚਿੱਤਰ ਨਗਰ ਦੇ ਰਹਿਣ ਵਾਲੇ ਨੀਟੂ ਕਲਿਆਣ ਦੀ ਸ਼ਿਕਾਇਤ ‘ਤੇ ਪਿੰਡ ਮਾਣਕਵਾਲ ਦੇ ਵਾਸੀ ਰੋਹਿਤ ਕੁਮਾਰ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਨੀਟੂ ਨੇ ਦੱਸਿਆ ਕਿ ਉਸ ਦੀ ਬੇਟੀ ਪ੍ਰੀਤੀ (22) ਆਪਣੇ ਪਤੀ ਰੋਹਿਤ ਕੁਮਾਰ ਤੋਂ ਬੇਹਦ ਪਰੇਸ਼ਾਨ ਸੀ। ਸ਼ਰਾਬੀ ਹਾਲਤ ‘ਚ ਰੋਹਿਤ ਉਸ ਦੀ ਬੇਟੀ ਦੀ ਅਕਸਰ ਕੁੱਟਮਾਰ ਕਰਦਾ ਸੀ। ਦੀਵਾਲੀ ਵਾਲੀ ਦੁਪਹਿਰ ਵੀ ਕੁਝ ਅਜਿਹਾ ਹੀ ਹੋਇਆ। ਨਸ਼ੇ ‘ਚ ਟੱਲੀ ਹੋਏ ਰੋਹਿਤ ਨੇ ਪ੍ਰੀਤੀ ਨੂੰ ਬੁਰੀ ਤਰ੍ਹਾਂ ਕੁੱਟਿਆ। ਪਰੇਸ਼ਾਨ ਹੋਈ ਲੜਕੀ ਨੇ ਆਪਣੇ ਪਿਤਾ ਨੂੰ ਫੋਨ ਕਰ ਕੇ ਆਖਿਆ ਕਿ ਉਸ ਕੋਲੋਂ ਹੁਣ ਬਰਦਾਸ਼ਤ ਨਹੀਂ ਹੋ ਰਿਹਾ ਤੇ ਉਹ ਖੁਦਕੁਸ਼ੀ ਕਰ ਲਵੇਗੀ। ਸ਼ਾਮ ਪੌਣੇ ਪੰਜ ਵਜੇ ਦੇ ਕਰੀਬ ਨੀਟੂ ਕਲਿਆਣ ਜਿਸ ਤਰ੍ਹਾਂ ਹੀ ਮਾਣਕਵਾਲ ਪਹੁੰਚਿਆ, ਉਸਨੇ ਦੇਖਿਆ ਕਿ ਉਸਦੀ ਬੇਟੀ ਨੇ ਪੱਖੇ ਨਾਲ ਫਾਹਾ ਲਗਾ ਕੇ ਆਪਣੇ ਜੀਵਨ ਲੀਲ੍ਹਾ ਖ਼ਤਮ ਕਰ ਲਈ ਸੀ। ਇਸ ਮਾਮਲੇ ‘ਚ ਥਾਣਾ ਸਦਰ ਦੀ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐਸਆਈ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਰੋਹਿਤ ਕੁਮਾਰ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


