ਗੌਰਵ ਕੁਮਾਰ ਸਲੂਜਾ, ਲੁਧਿਆਣਾ : ਥਾਣਾ ਸਲੇਮਟਾਬਰੀ ਦੇ ਘੇਰੇ ਅੰਦਰ ਪੈਂਦੇ ਭੱਟੀਆਂ ਇਲਾਕੇ ਵਿੱਚੋਂ ਸ਼ਟਰਿੰਗ ਦੀਆਂ ਪਲੇਟਾਂ ਚੋਰੀ ਕਰ ਕੇ ਕਬਾੜੀਏ ਨੂੰ ਵੇਚਣ ਵਾਲੇ ਨੌਜਵਾਨ ਨੂੰ ਪੁਲਿਸ ਵੱਲੋਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਥਾਣਾ ਮੁਖੀ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਮੁਦਈ ਅੰਕੁਰ ਅਰੋੜਾ ਪੁੱਤਰ ਤਜਿੰਦਰਪਾਲ ਅਰੋੜਾ ਨੇ ਬਿਆਨ ਕੀਤਾ ਕਿ ਉਹ ਸ਼ਟਰਿੰਗ ਦਾ ਕੰਮ ਕਰਦਾ ਹੈ। ਉਸ ਦੇ ਪਾਸੋਂ ਠੇਕੇਦਾਰ ਨਵਨੀਤ ਕੰਡਾ ਨੇ ਕੰਮ ਵਾਸਤੇ 2746 ਸ਼ਟਰਿੰਗ ਪਲੇਟਾਂ ਲਈਆਂ ਸਨ ਤੇ ਬੀਤੇ ਦਿਨੀ ਠੇਕੇਦਾਰ ਨਵਨੀਤ ਕੰਡਾ ਦੇ ਮਿਸਤਰੀ ਅਵਧ ਦਾ ਫੋਨ ਆਇਆ ਕਿ ਕੰਸਟ੍ਕਸ਼ਨ ਵਾਲੇ ਕੰਮ ਤੋਂ ਕਾਫੀ ਸ਼ਟਰਿੰਗ ਦੀਆਂ ਪਲੇਟਾਂ ਚੋਰੀ ਹੋ ਗਈਆਂ ਹਨ। ਮੁੱਦਈ ਨੇ ਜਦ ਖ਼ੁਦ ਜਾ ਕੇ ਚੈਕ ਕੀਤਾ ਤਾਂ ਕਾਫੀ ਪਲੇਟਾਂ ਗ਼ਾਇਬ ਸਨ। ਭਾਲ ਕਰਨ ‘ਤੇ ਪਤਾ ਲੱਗਾ ਕਿ ਮੁਲਜ਼ਮ ਰਕੇਸ਼ ਕੁਮਾਰ ਨੇ ਪਲੇਟਾਂ ਚੋਰੀ ਕਰ ਕੇ ਕੁਨਾਲ ਕਬਾੜੀਏ ਤੇ ਬੰਗਾਲੀ ਕਬਾੜੀਏ ਨੂੰ ਵੇਚੀਆਂ ਹਨ, ਜਿਸ ਤੋਂ ਬਾਅਦ ਮੁਦਈ ਦੇ ਬਿਆਨਾਂ ‘ਤੇ ਮੁਲਜ਼ਮ ਰਕੇਸ਼ ਕੁਮਾਰ, ਕੁਨਾਲ ਤੇ ਬੰਗਾਲੀ ਖ਼ਿਲਾਫ਼ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਰਾਕੇਸ਼ ਕੁਮਾਰ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਪਾਸੋਂ ਲੋਹੇ ਦੀਆਂ 10 ਪਲੇਟਾਂ ਤੇ ਇਕ ਈ ਰਿਕਸ਼ਾ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਨੂੰ ਮਾਣਯੋਗ ਕੋਰਟ ‘ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।