Skip to content
Tuesday, October 27, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Blog

 ਸਰਬੱਤ ਖ਼ਾਲਸਾ ਬਨਾਮ ਸਿੱਖ ਜ਼ਜ਼ਬਾਤ…

By Admin Published 4 min read

…ਜਸਪਾਲ ਸਿੰਘ ਹੇਰਾਂ (ਪਹਿਰੇਦਾਰ)

ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਨਾਲ ਕਿਸੇ ਦੇ ਲੱਖ ਮੱਤਭੇਦ, ਗਿਲੇ, ਸ਼ਿਕਵੇ ਅਤੇ ਸ਼ਿਕਾਇਤਾਂ ਹੋਣਗੀਆਂ। ਪ੍ਰੰਤੂ ਸਿੱਖਾਂ ਦੇ ਮਨਾਂ ‘ਚ ਸਰਬੱਤ ਖ਼ਾਲਸਾ ਪ੍ਰਤੀ ਕੀ ਭਾਵਨਾ ਹੈ? ਕਿੰਨੀ ਸ਼ਰਧਾ ਹੈ? ਇਸ ਦੀ ਭਾਵਪੂਰਤ ਤਸਵੀਰ ਦਮਦਮਾ ਸਾਹਿਬ ਨੇੜੇ ਹੋਏ ਸਰਬੱਤ ਖ਼ਾਲਸਾ ਨੇ ਐਨੀ ਗੂੜੀ ਉਂਕਰ ਦਿੱਤੀ ਕਿ ਸਾਡੀ ਕਲਮ ‘ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ’ ਆਖ਼ਣ ਲਈ ਬੇਮੁਹਾਰੀ ਹੋ ਗਈ। ਕੌਮ ਜਿੳੂਂਦੀ ਹੈ, ਕੌਮ ਦੀ ਜ਼ਮੀਰ ਜਾਗਦੀ ਹੈ, ਉਹ ਆਪਣੇ ਗੁਰੂ ਦੇ ਲਈ ਹਰ ਜ਼ਾਬਰ ਤਾਕਤ ਨਾਲ ਟਕਰਾਉਣ ਲਈ ਕਾਹਲੀ ਹੈ, ਇਹ ਸੁਨੇਹਾ ਵੀ ਦਮਦਮਾ ਸਾਹਿਬ ਦੇ ਸਰਬੱਤ ਖ਼ਾਲਸਾ ਨੇ ਦਿੱਤਾ। ਬਾਦਲ ਦੀ ਜ਼ਾਬਰ ਸਰਕਾਰ ਵਲੋਂ ਸਰਬੱਤ ਖ਼ਾਲਸਾ ਨੂੰ ਰੋਕਣ ਲਈ ਸਖ਼ਤ ਨਾਕੇਬੰਦੀਆਂ ਅਤੇ ਗ੍ਰਿਫ਼ਤਾਰੀਆਂ ਦੀ ਦਹਿਸ਼ਤ ਪੈਦਾ ਕੀਤੀ ਗਈ। ਖ਼ੁਦ ਮੁੱਖ ਮੰਤਰੀ ਨੇ ਸਰਬੱਤ ਖ਼ਾਲਸਾ ਸਬੰਧੀ ਸਖ਼ਤ ਬਿਆਨ ਵੀ ਦਿੱਤਾ। ਉਧਰ ਕੁਦਰਤ ਨੇ 8 ਦਸੰਬਰ ਦੀ ਸਵੇਰ ਨੂੰ ਗੂੜੀ ਧੁੰਦ ਨਾਲ ਘੁੱਪ ਹਨੇਰਾ ਕਰ ਦਿੱਤਾ। ਪ੍ਰੰਤੂ ਇਨਾਂ ਸਾਰੀਆਂ ਰੋਕਾਂ ਦੇ ਬਾਵਜੂਦ ਜਿਸ ਤਰਾਂ ਸਿੱਖ ਸੰਗਤ, ਜਿਧਰੋਂ ਵੀ ਰਾਹ ਤੇ ਮੌਕਾ ਮਿਲਿਆ, ਸਰਬੱਤ ਖ਼ਾਲਸਾ ਲਈ ਉਮੜੀਆਂ। ਇਹ ਗੁਰੂ ਦੇ ਕੌਤਕ ਤੋਂ ਬਿਨਾਂ ਹੋਰ ਕੁਝ ਨਹੀਂ ਆਖਿਆ ਜਾ ਸਕਦਾ। ਸਰਬੱਤ ਖ਼ਾਲਸਾ ਕਿਉਂ ਸੱਦਿਆਂ ਗਿਆ? ਇਸ ਦਾ ਵਿਧੀ ਵਿਧਾਨ ਕੀ ਹੋਣਾ ਚਾਹੀਦਾ ਹੈ? ਕਿਹੜੇ ਮਤੇ ਪਾਸ ਕੀਤੇ ਜਾਣ? ਕੀ ਹਾਸਲ ਕੀਤਾ ਜਾਵੇ? ਇਹ ਸਾਰੇ ਸੁਆਲ ਜ਼ਾਬਰ ਹਾਕਮਾਂ ਦਾ ਹੰਕਾਰ ਤੋੜਣ ਦੀ ਭਾਵਨਾ ਅੱਗੇ ਬੋਣੇ ਹੋ ਗਏ।

ਪੁਰਾਤਨ ਇਤਿਹਾਸ ਨੂੰ ਵਰਤਮਾਨ ਸਮੇਂ ‘ਚ ਸਾਕਾਰ ਹੁੰਦਾ ਵੇਖਣਾ, ਆਪਣੇ ਆਪ ‘ਚ ਅਲੌਕਿਕ ਤੇ ਕ੍ਰਿਸ਼ਮਈ ਨਜ਼ਾਰਾ ਸੀ। ਸਿੱਖ ਪੰਥ ਨੇ ਸਮੇਂ ਦੀਆਂ ਜ਼ਾਬਰ ਸਰਕਾਰਾਂ ਤੇ ਖ਼ਾਸ ਕਰਕੇ ਸਿੱਖ ਦੁਸ਼ਮਣ ਤਾਕਤਾਂ ਨੂੰ ਇਹ ਸੁਨੇਹਾ ਸਫ਼ਲਤਾ ਪੂਰਵਕ ਦਿੱਤਾ ਕਿ ਸਿੱਖ ਕੌਮ ਕਿਸੇ ਜ਼ੋਰ-ਜ਼ਬਰ ਅੱਗੇ ਝੁਕਣ ਵਾਲੀ ਨਹੀਂ। ਜ਼ਾਬਰ ਹਾਕਮਾਂ ਦੀ ਟੈਂਅ ਮੰਨਣਾ, ਸਿੱਖ ਕੌਮ ਦੇ ਸ਼ੁਭਾਅ ਦਾ ਹਿੱਸਾ ਨਹੀਂ। ਅਸੀਂ ਅੱਜ ਦੇ ਇਸ ਅਦਭੁੱਤ ਨਜ਼ਾਰੇ ਤੋਂ ਬਾਅਦ ਕੌਮ ਦੇ ਆਗੂਆਂ ਲਈ ਇਕ ਵਾਰ ਫਿਰ ਇਹ ਹੋਕਾ ਜ਼ਰੂਰ ਦਿਆਂਗੇ ਕਿ ਕੌਮ ਦੇ ਜਜ਼ਬਾਤਾਂ ਨਾਲ ਖੇਡੋ ਨਾਂਹ। ਇਨਾਂ ਦੀ ਕਦਰ ਕਰੋ। ਲੋਭ-ਲਾਲਸਾ, ਚੌਧਰਪੁਣੇ ਦੀ ਭੁੱਖ, ਨਿੱਜੀ ਹੳੂਮੈ ਤੇ ਈਰਖਾ ਦਾ ਤਿਆਗ ਕਰਕੇ ਸਿਰਫ਼ ਪੰਥ ਦੀ ਚੜਦੀ ਕਲਾਂ ਦੀ ਭਾਵਨਾ ਨਾਲ ਇਕੱਠੇ ਹੋ ਜਾਓ। ਕੌਮ ਦੀ ਖ਼ੁਆਰੀ, ਸਿਰਫ਼ ਫੁੱਟ ਤੇ ਧੜੇਬੰਦੀ ਕਰਵਾ ਰਹੀ ਹੈ। ਇਹ ਹਕੀਕਤ ਹੈ ਕਿ ਕੌਮ ਸਿਰਫ਼ ਤੇ ਸਿਰਫ਼ ਗੁਰੂ ਦੀ ਹੈ। ਉਹ ਕਿਸੇ ਦੀ ਨਿੱਜੀ ਜਾਗੀਰ ਨਹੀਂ। ਇਸ ਲਈ ਚੰਗਾ ਹੋਵੇ ਜੇ ਸਾਰੇ ਪੰਥਕ ਆਗੂ, ਇਸ ਸੱਚ ਨੂੰ ਪ੍ਰਵਾਨ ਕਰ ਲੈਣ। ਭਾਵੇਂ ਕਿ ਕੌਮ ਤਾਂ ਪਹਿਲਾ ਹੀ ਬਾਦਲਕਿਆਂ ਨੂੰ ਨਕਾਰ ਚੁੱਕੀ ਹੈ। ਪ੍ਰੰਤੂ ਇਸ ਸਰਬੱਤ ਖ਼ਾਲਸਾ ਨੇ ਬਾਦਲ ਪਿਉ-ਪੁੱਤ, ਜਿਹੜੇ ਸਿੱਖੀ ਅਤੇ ਪੰਜਾਬ ਦੀ ਤਬਾਹੀ ਲਈ ਸਭ ਤੋਂ ਵੱਡੇ ਦੋਸ਼ੀ ਹਨ, ਉਨਾਂ ਨੂੰ ਪੰਥ ‘ਚੋਂ ਛੇਕ ਕੇ, ਕੌਮ ਧਰੋਹੀ ਆਗੂਆਂ ਨੂੰ ਨਸੀਹਤ ਦਿੱਤੀ ਹੈ।

ਪੰਥ ਦੇ ਨਾਮ ‘ਤੇ ਰਾਜਸੀ ਰੋਟੀ ਸੇਕ ਕੇ, ਫਿਰ ਪੰਥ ਦੀਆਂ ਜੜਾਂ ਵੱਢਣ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਦੁਸ਼ਟ ਖੇਡ ਲੰਬਾ ਸਮਾਂ ਨਹੀਂ ਚੱਲਦੀ। ਦਮਦਮਾ ਸਾਹਿਬ ਵਾਲੇ ਸਰਬੱਤ ਖ਼ਾਲਸਾ ‘ਚ ਸ਼ਾਮਲ ਸਿੱਖਾਂ ਦਾ ਹਿਰਦਿਆਂ ਵਲੂੰਧਰਿਆਂ ਹੋਇਆ ਸੀ, ਉਨਾਂ ਦੇ ਮਨ ‘ਚੋਂ ਨਿਕਲੀ ਆਹ ਨੂੰ ਗੁਰੂ ਵੀ ਬਰਦਾਸ਼ਤ ਨਹੀਂ ਕਰ ਸਕੇਗਾ। ‘ਜ਼ਬਰ ਦਾ ਮੁਕਾਬਲਾ ਸਬਰ ਨਾਲ’ ਸਿੱਖੀ ਦੇ ਇਸ ਬੁਨਿਆਦੀ ਸਿਧਾਂਤ ਨੂੰ ਵੀ ਅੱਜ ਦੇ ਸਰਬੱਤ ਖ਼ਾਲਸਾ ਨੇ ਸਾਕਾਰ ਕੀਤਾ। ਇਸੇ ਸਬਰ ਤੇ ਸਿੱਦਕ ਦਿਲੀ ਅੱਗੇ ਬਾਦਲ ਦੀ ਜਾਬਰ ਸਰਕਾਰ ਨੂੰ ਆਖ਼ਰ ਝੁਕਣਾ ਪਿਆ ਤੇ ਗ੍ਰਿਫ਼ਤਾਰ ਕੀਤੇ ਜਥੇਦਾਰਾਂ ਤੇ ਪੰਥਕ ਆਗੂਆਂ ਨੂੰ ਤੁਰੰਤ ਰਿਹਾਅ ਕਰਕੇ, ਸੰਗਤਾਂ ਦੇ ਸਾਹਮਣੇ ਲਿਆਉਣਾ ਪਿਆ। ਭਾਵੇਂ ਕਿ ਹਰ ਸੰਘਰਸ਼ ਆਪਣੇ ਪਿੱਛੇ ਕਈ ਸਬਕ ਛੱਡ ਜਾਂਦਾ ਹੈ। ਇਸੇ ਤਰਾਂ ਦਮਦਮਾ ਸਾਹਿਬ ਦਾ ਸਰਬੱਤ ਖ਼ਾਲਸਾ ਸਿੱਖ ਕੌਮ ਦੇ ਜ਼ਬਰ ਅੱਗੇ ਨਾਂਹ ਝੁਕਣ ਦੇ ਵਿਰਾਸਤੀ ਗੁਣ ਨੂੰ ਗੂੜਾ ਕਰ ਗਿਆ, ਜਿਸ ਬਾਰੇ ਹਰ ਹਾਕਮ, ਸਿੱਖਾਂ ‘ਤੇ ਜ਼ੁਲਮ ਕਰਨ ਤੋਂ ਪਹਿਲਾ ਇਕ ਵਾਰ ਵਿਚਾਰ ਜ਼ਰੂਰ ਕਰੂੰਗਾ, ਪ੍ਰੰਤੂ ਉਸ ਤੋਂ ਵੱਧ ਜ਼ਰੂਰੀ ਕੌਮ ‘ਚ ਏਕਤਾ ਹੈ। ਜਾਗੀ ਹੋਈ ਕੌਮ ਨਹੀਂ ਤਾਂ ਫਿਰ ਆਪਣੇ ਰਾਹ ‘ਤੇ ਚੱਲਣ ਦਾ ਫ਼ੈਸਲਾ ਖੁਦ ਆਪ ਮੁਹਾਰਾ ਹੀ ਕਰ ਲਵੇਗੀ। ਇਹ ਸਾਡਾ ਭਰੋਸਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp