ਹਰਪ੍ਰਰੀਤ ਸਿੰਘ ਲਾਡੀ, ਰਾਏਕੋਟ : ਡਾ. ਅਮਰ ਸਿੰਘ ਐੱਮਪੀ ਫਤਹਿਗੜ੍ਹ ਸਾਹਿਬ ਨੇ ਕੱਲ੍ਹ ਦਿੱਲੀ ਵਿਖੇ ਐੱਫਸੀਆਈ ਦੇ ਚੇਅਰਮੈਨ ਅਸ਼ੋਕ ਮੀਨਾ ਨਾਲ ਮੁਲਾਕਾਤ ਕੀਤੀ। ਉਨਾਂ੍ਹ ਐੱਫਸੀਆਈ ਦੇ ਚੇਅਰਮੈਨ ਨੂੰ ਦੱਸਿਆ ਕਿ ਜਦੋਂ ਤੋਂ ਮਿੱਲ ਮਾਲਕਾਂ ਅਤੇ ਆੜ੍ਹਤੀਆਂ ਦੀ ਹੜਤਾਲ ਸ਼ੁਰੂ ਹੋਈ ਹੈ, ਉਦੋਂ ਤੋਂ ਉਹ ਆਪਣੇ ਹਲਕੇ ਦੀਆਂ ਮੰਡੀਆਂ ਦਾ ਦੌਰਾ ਕਰ ਰਹੇ ਹਨ। ਡਾ. ਅਮਰ ਸਿੰਘ ਨੇ ਮੰਗ ਕੀਤੀ ਕਿ ਝੋਨੇ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਝੋਨੇ ਦੀ ਨਮੀ ਦੀ ਸੀਮਾ ਵਧਾਈ ਜਾਵੇ। ਉਨਾਂ੍ਹ ਇਹ ਵੀ ਕਿਹਾ ਕਿ ਐੱਫਸੀਆਈ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ 25 ਫੀਸਦੀ ਵਾਧਾ ਕਰੇ ਕਿਉਂਕਿ ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਉਨਾਂ੍ਹ ਨਾਲ ਇਹ ਵਾਅਦਾ ਕੀਤਾ ਗਿਆ ਸੀ। ਡਾ. ਅਮਰ ਸਿੰਘ ਨੇ ਚੇਅਰਮੈਨ ਨੂੰ ਦੱਸਿਆ ਕਿ ਪੂਸਾ ਕਿਸਮ ਦੀ ਜ਼ਿਆਦਾ ਨਮੀ ਹੋਣ ਕਾਰਨ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ‘ਆਪ’ ਰਾਜ ਸਰਕਾਰ ਦੀ ਬਿਜਾਈ ਵਿੱਚ ਦੇਰੀ ਕਰਨ ਦੀ ਨੁਕਸਦਾਰ ਨੀਤੀ ਇੱਕ ਕਾਰਨ ਹੈ। ਇਕ ਹੋਰ ਕਾਰਕ ਇਹ ਹੈ ਕਿ ਇਹ ਕਿਸਮ ਸਾਲ ਦਰ ਸਾਲ ਦੂਜੀਆਂ ਕਿਸਮਾਂ ਦੇ ਮੁਕਾਬਲੇ ਨਮੀ ਦੀ ਮਾਤਰਾ ਜ਼ਿਆਦਾ ਰੱਖਦੀ ਹੈ। ਨਤੀਜੇ ਵਜੋਂ 17 ਫੀਸਦੀ ਨਮੀ ਦੀ ਸੀਮਾ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਚੌਲ ਸ਼ੈਲਰ ਮਾਲਕਾਂ ਨੂੰ ਭਾਰੀ ਅਸੁਵਿਧਾ ਦਾ ਕਾਰਨ ਬਣਦੀ ਹੈ। ਅੰਤ ‘ਚ ਸਾਰਾ ਨੁਕਸਾਨ ਆਮ ਤੌਰ ‘ਤੇ ਕਿਸਾਨ ‘ਤੇ ਹੀ ਪਾਇਆ ਜਾਂਦਾ ਹੈ। ਉਨਾਂ੍ਹ ਕਿਹਾ ਕਿ ਜਦੋਂ ਸਰਕਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਮਦਨ ਵਧਾਉਣ ਦੀ ਗੱਲ ਕਰਦੀਆਂ ਹਨ ਤਾਂ ਖ਼ਰੀਦ ਨਿਯਮ ਉਨ੍ਹਾਂ ਦੀ ਆਮਦਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਨਾਂ੍ਹ ਮੰਗ ਕੀਤੀ ਕਿ ਜੇਕਰ ਨਮੀ ਦੀ ਸੀਮਾ ਨੂੰ 20 ਫੀਸਦੀ ਤੋਂ ਵੱਧ ਕੀਤਾ ਜਾ ਸਕਦਾ ਹੈ ਤਾਂ ਇਸ ਨਾਲ ਝੋਨੇ ਦੀ ਖ਼ਰੀਦ ਨਾਲ ਸਬੰਧਤ ਬਹੁਤੇ ਮਸਲੇ ਹੱਲ ਹੋ ਜਾਣਗੇ।