ਸ਼ਾਟਪੁਟਰ ਇੰਦਰਜੀਤ ਸਿੰਘ ‘ਤੇ ਲੱਗੀ ਪਾਬੰਦੀ, ਰਿਓ ਉਲੰਪਿਕ ‘ਚ ਨਹੀਂ ਲੈ ਸਕਣਗੇ ਹਿੱਸਾ
ਭਿਵਾਨੀ, (ਏਜੰਸੀ) – ਸ਼ਾਟਪੁਟਰ ਇੰਦਰਜੀਤ ਸਿੰਘ ਦਾ ਬੀ ਨਮੂਨਾ ਪਾਜ਼ੀਟਿਵ ਪਾਏ ਜਾਣ ਕਰਕੇ ਉਹ ਰੀਓ ਉਲੰਪਿਕ ‘ਚ ਹਿੱਸਾ ਨਹੀਂ ਲੈ ਸਕਣਗੇ। ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ਡੋਪ ਟੈਸਟ ‘ਚ ਫੇਲ੍ਹ ਹੋ ਗਏ ਸਨ। ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਬੀਤੀ 24 ਜੂਨ ਨੂੰ ਇੰਦਰਜੀਤ ਸਿੰਘ ਦਾ ਟੈਸਟ ਲਿਆ ਸੀ ਅਤੇ ਉਨ੍ਹਾਂ ਦੇ ਨਮੂਨੇ ‘ਚ ਸਟੀਰਾਇਡ ਮਿਲਿਆ ਸੀ ।28 ਸਾਲਾ ਇੰਦਰਜੀਤ ਨੇ ਪਿਛਲੇ ਸਾਲ ਮੈਂਗਲੁਰੂ ‘ਚ ਹੋਏ ਫੈਡਰੇਸ਼ਨ ਕੱਪ ਅਥਲੈਟਿਕਸ ਮੁਕਾਬਲੇ ‘ਚ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 20.65 ਮੀਟਰ ਗੋਲਾ ਸਿੱਟ ਕੇ ਵਿਸ਼ਵ ਚੈਂਪੀਅਨਸ਼ਿਪ ਅਤੇ ਰੀਓ ਉਲੰਪਿਕ ਦਾ ਟਿਕਟ ਹਾਸਿਲ ਕੀਤਾ ਸੀ। ਇੰਦਰਜੀਤ 2014 ਨੇ ਇੰਚੀਓਨ ਏਸ਼ੀਆਈ ਖੇਡਾਂ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇੰਦਰਜੀਤ ਨੇ ਕਿਹਾ ਕਿ ‘ਇਹ ਮੇਰੇ ਖਿਲਾਫ਼ ਸਾਜ਼ਿਸ਼ ਹੈ ਅਤੇ ਜ਼ਰੂਰ ਕਿਤੇ ਕੋਈ ਗੜਬੜ ਹੈ। ਡਾਕਟਰ ਇਸ ਦੀ ਜਾਂਚ ਕਰ ਲੈਣਗੇ। ਮੈਂ ਇਸ ‘ਤੇ ਅਜੇ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਜਿਸ ਨੇ ਵੀ ਆਪਣੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਦਬਾ ਦਿੱਤਾ ਗਿਆ ਹੈ। ਮੇਰੇ ਨਮੂਨੇ ਦੇ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ‘ਕੋਈ ਖਿਡਾਰੀ ਅਜਿਹੀ ਦਵਾਈ ਕਿਉਂ ਲਵੇਗਾ ਜਿਸ ਨਾਲ ਉਸ ਦੀ ਸਿਹਤ ਨੂੰ ਨੁਕਸਾਨ ਹੋਵੇ’।



