ਰਾਕੇਸ਼ ਸ਼ਰਮਾ, ਕਟੜਾ : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਹੁਣ ਭਵਨ ’ਤੇ ਨਾ ਤਾਂ ਆਪਣਾ ਸਾਮਾਨ ਰੱਖਣ ਰੱਖਣ ਲਈ ਪਰੇਸ਼ਾਨ ਹੋਣਾ ਪਵੇਗਾ ਅਤੇ ਨਾ ਹੀ ਸਾਮਾਨ ਚੋਰੀ ਦਾ ਡਰ ਰਹੇਗਾ ਕਿਉਂਕਿ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਆਧੁਨਿਕ ਡਿਜੀਟਲ ਲਾਕਰ ਦੀ ਸਹੂਲਤ ਸ਼ੁਰੂ ਕਰਨ ਜਾ ਰਿਹਾ ਹੈ। ਇਸ ਤਹਿਤ ਲਾਕਰ ’ਚ ਸਾਮਾਨ ਜਮ੍ਹਾਂ ਕਰਵਾਉਣ ਤੋਂ ਬਾਅਦ ਸ਼ਰਧਾਲੂ ਦੇ ਗੁੱਟ ’ਤੇ ਇਕ ਡਿਜੀਟਲ ਬੈਂਡ ਬੰਨਿ੍ਹਆ ਜਾਵੇਗਾ, ਜਿਸ ’ਤੇ ਲਾਕਰ ਦਾ ਨੰਬਰ ਅੰਕਿਤ ਹੋਵੇਗਾ। ਇਹ ਬੈਂਡ ਸ਼ਰਧਾਲੂ ਦੇ ਆਰਐੱਫਆਈਡੀ (ਰੇਡੀਓ ਫਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ) ਯਾਤਰਾ ਕਾਰਡ ਦੇ ਨਾਲ ਵੀ ਕੁਨੈਕਟ ਹੋਵੇਗਾ। ਵਾਪਸੀ ’ਤੇ ਬੈਂਡ ਦਾ ਸ਼ਰਧਾਲੂ ਦੇ ਆਰਐੱਫਆਈਡੀ ਯਾਤਰਾ ਕਾਰਡ ਨਾਲ ਮਿਲਾਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਾਮਾਨ ਵਾਪਸ ਕਰ ਦਿੱਤਾ ਜਾਵੇਗਾ। ਆਧੁਨਿਕ ਡਿਜੀਟਲ ਲਾਕਰ ਦਾ ਇਹ ਪ੍ਰਬੰਧ ਭਵਨ ’ਤੇ ਸ਼੍ਰਾਈਨ ਬੋਰਡ ਦੇ ਪਾਰਬਤੀ ਭਵਨ ’ਚ 15 ਅਕਤੂਬਰ ਤੋਂ ਸ਼ੁਰੂ ਹੋ ਰਹੇ ਨਰਾਤਿਆਂ ਮੌਕੇ ਮੁਹੱਈਆ ਕਰਵਾ ਦਿੱਤਾ ਜਾਵੇਗਾ। ਭਵਨ ’ਤੇ ਸ਼੍ਰਾਈਨ ਬੋਰਡ ਦੀਆਂ ਹੋਰ ਇਮਾਰਤਾਂ ’ਚ ਵੀ ਲਾਕਰ ਦਾ ਪ੍ਰਬੰਧ ਹੈ ਪਰ ਪਾਰਬਤੀ ਭਵਨ ’ਚ ਪਹਿਲੀ ਵਾਰ ਡਿਜੀਟਲ ਲਾਕਰ ਮੁਹੱਈਆ ਕਰਵਾਏ ਜਾ ਰਹੇ ਹਨ।
ਚਾਰ ਮੰਜ਼ਿਲਾ ਪਾਰਬਤੀ ਭਵਨ ’ਚ ਸ਼ਰਧਾਲੂਆਂ ਨੂੰ ਆਧੁਨਿਕ ਡਿਜੀਟਲ ਲਾਕਰ ਨਾਲ ਕਈ ਹੋਰ ਸਹੂਲਤਾਂ ਵੀ ਮਿਲਣ ਜਾ ਰਹੀਆਂ ਹਨ। ਪਾਰਬਤੀ ਭਵਨ ਦੇ ਭੂ ਤਲ ’ਤੇ ਵੇਟਿੰਗ ਹਾਲ ਬਣਾਇਆ ਗਿਆ ਹੈ, ਜਿੱਥੇ ਇਕ ਸਮੇਂ 800 ਤੋਂ 1000 ਸ਼ਰਧਾਲੂ ਆਰਾਮ ਕਰ ਸਕਦੇ ਹਨ। ਪਹਿਲੇ ਤਲ ’ਤੇ ਸ਼ਰਧਾਲੂਆਂ ਲਈ ਕਰੀਬ 1500 ਆਧੁਨਿਕ ਡਿਜੀਟਲ ਲਾਕਰ ਮੁਹੱਈਆ ਰਹਿਣਗੇ। ਭਵਨ ਦੇ ਦੂਜੇ ਤਲ ’ਤੇ ਔਰਤ ਸ਼ਰਧਾਲੂਆਂ ਲਈ ਇਸ਼ਨਾਨਘਰ ਅਤੇ ਪਖਾਨਾ ਹੋਵੇਗਾ। ਇਸੇ ਤਰ੍ਹਾਂ ਤੀਜੇ ਤਲ ’ਤੇ ਪੁਰਸ਼ ਸ਼ਰਧਾਲੂਆਂ ਲਈ ਇਸ਼ਨਾਨਘਰ ਦੇ ਨਾਲ ਪਖਾਨੇ ਦੀ ਸਹੂਲਤ ਰਹੇਗੀ। ਇਮਾਰਤ ਦੇ ਚੌਥੇ ਤਲ ’ਤੇ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਪੂਰੇ ਭਵਨ ’ਚ ਸੀਸੀਟੀਵੀ ਲਾਏ ਜਾ ਰਹੇ ਹਨ ਤਾਂ ਕਿ ਸੁਰੱਖਿਆ ਯਕੀਨੀ ਕੀਤੀ ਜਾ ਸਕੇ। ਸ਼੍ਰਾਈਨ ਬੋਰਡ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਦੇਖ-ਰੇਖ ’ਚ ਇਨਾਂ ਸਾਰੇ ਪ੍ਰਬੰਧਾਂ ਨੂੰ ਆਖ਼ਰੀ ਰੂਪ ਦਿੱਤਾ ਜਾ ਰਿਹਾ ਹੈ।
ਰੋਜ਼ਾਨਾ ਸੱਤ ਤੋਂ ਅੱਠ ਹਜ਼ਾਰ ਸ਼ਰਧਾਲੂਆਂ ਨੂੰ ਮਿਲੇਗਾ ਲਾਭ
ਪਾਰਬਤੀ ਭਵਨ ’ਤੇ ਲਾਕਰ ਵਾਲੀ ਥਾਂ ’ਤੇ ਸ਼੍ਰਾਈਨ ਬੋਰਡ ਦੇ ਮੁਲਾਜ਼ਮ 24 ਘੰਟੇ ਤਾਇਨਾਤ ਰਹਿਣਗੇ। ਸ਼ਰਧਾਲੂ ਜਿਉਂ ਹੀ ਇਨ੍ਹਾਂ ਲਾਕਰਾਂ ’ਚ ਸਾਮਾਨ ਰੱਖਣ ਲਈ ਪਹੁੰਚਣਗੇ ਤਾਂ ਸ਼੍ਰਾਈਨ ਬੋਰਡ ਦੇ ਮੁਲਾਜ਼ਮ ਸਾਮਾਨ ਰੱਖ ਕੇ ਉਨ੍ਹਾਂ ਨੂੰ ਡਿਜੀਟਲ ਬੈਂਡ ਮੁਹੱਈਆ ਕਰਵਾਉਣਗੇ। ਵਾਪਸੀ ’ਚ ਉਸੇ ਸ਼ਰਧਾਲੂ ਨੂੰ ਸਾਮਾਨ ਵਾਪਸ ਲੈਣ ਵੀ ਆਉਣਾ ਪਵੇਗਾ, ਜਿਸ ਨੂੰ ਬੈਂਡ ਦਿੱਤਾ ਗਿਆ ਸੀ। ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਾਮਾਨ ਨਹੀਂ ਵਾਪਸ ਕੀਤਾ ਜਾਵੇਗਾ ਕਿਉਂਕਿ ਬੈਂਡ ਦਾ ਆਰਐੱਫਆਈਡੀ ਯਾਤਰਾ ਕਾਰਡ ਨਾਲ ਮਿਲਾਨ ਕੀਤਾ ਜਾਵੇਗਾ। ਸ਼੍ਰਾਈਨ ਬੋਰਡ ਦੇ ਮੁਲਾਜ਼ਮ ਡਿਜੀਟਲ ਪ੍ਰਣਾਲੀ ਨਾਲ ਇਹ ਯਕੀਨੀ ਬਣਾਉਣਗੇ ਕਿ ਸਾਮਾਨ ਉਸੇ ਸ਼ਰਧਾਲੂ ਦਾ ਹੀ ਹੈ। ਇਸ ਸਹੂਲਤ ਦਾ ਰੋਜ਼ਾਨਾ ਸੱਤ ਤੋਂ ਅੱਠ ਹਜ਼ਾਰ ਸ਼ਰਧਾਲੂ ਲਾਭ ਉਠਾ ਸਕਣਗੇ।
‘‘ਸ਼ਰਧਾਲੂਆਂ ਲਈ ਆਧੁਨਿਕ ਡਿਜੀਟਲ ਲਾਕਰ ਪ੍ਰਣਾਲੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਇਸ ਨੂੰ ਨਰਾਤਿਆਂ ’ਚ ਸ਼ਰਧਾਲੂਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਨਾਲ ਸ਼ਰਧਾਲੂਆਂ ਦਾ ਸਾਮਾਨ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ। ਲਾਕਰ ਦੀ ਦੇਖਰੇਖ ਦਾ ਜ਼ਿੰਮਾ ਸ਼੍ਰਾਈਨ ਬੋਰਡ ਪ੍ਰਸ਼ਾਸਨ ਕੋਲ ਹੋਵੇਗਾ।’’
ਅੰਸ਼ੁਲ ਗਰਗ, ਸ੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਸੀਈਓ



