ਲੰਡਨ (ਏਜੰਸੀ) : ਭਾਰਤਵੰਸ਼ੀ ਅਰਥ ਸ਼ਾਸਤਰੀ ਤੇ ਲੇਖਕ ਲਾਰਡ ਮੇਘਨਾਦ ਦੇਸਾਈ ਨੇ ਬਰਤਾਨੀਆ ਦੀ ਵਿਰੋਧੀ ਲੇਬਰ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਨੇ ਪਾਰਟੀ ‘ਤੇ ਨਸਲਵਾਦ ਨਾਲ ਅਸਾਨੀ ਨਾਲ ਨਜਿੱਠਣ ‘ਚ ਨਾਕਾਮ ਰਹਿਣ ਦਾ ਦੋਸ਼ ਲਗਾਉਂਦਿਆਂ ਅਸਤੀਫ਼ਾ ਦਿੱਤਾ ਹੈ। ਹੁਣ ਉਹ ਬਰਤਾਨਵੀ ਸੰਸਦ ਦੇ ਉੱਚ ਸਦਨ ‘ਚ ਇਕ ਆਜ਼ਾਦ ਮੈਂਬਰ ਦੇ ਤੌਰ ‘ਤੇ ਬੈਠਣਗੇ। 80 ਸਾਲਾ ਦੇਸਾਈ ਨੇ ਕਿਹਾ ਕਿ ਮੈਂ ਲੇਬਰ ਪਾਰਟੀ ਦਾ ਲੰਬੇ ਸਮੇਂ ਤੋਂ ਸਮਰਥਕ ਰਿਹਾ ਹਾਂ, ਪਰ 49 ਸਾਲ ਬਾਅਦ ਵੀਰਵਾਰ ਨੂੰ ਆਪਣੀ ਮੈਂਬਰਸ਼ਿਪ ਖ਼ਤਮ ਕਰਨ ਦਾ ਫ਼ੈਸਲਾ ਲਿਆ। ਅਜਿਹਾ ਕਰਨ ਪਿੱਛੇ ਮੂਲ ਕਾਰਨ ਸਾਬਕਾ ਪਾਰਟੀ ਨੇਤਾ ਜੇਰੇਮੀ ਕਾਰਬਿਨ ਨੂੰ ਮੁੜ ਪਾਰਟੀ ‘ਚ ਸ਼ਾਮਲ ਕਰਨਾ ਹੈ। ਦੇਸਾਈ ਨੇ ਕਿਹਾ ਕਿ ਦੇਸ਼ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਕਾਰਿਆਂ ਲਈ ਜ਼ਿੰਮੇਵਾਰ ਦੱਸਿਆ ਸੀ, ਪਰ ਮੁਅੱਤਲੀ ਦੇ 19 ਦਿਨ ਬਾਅਦ ਉਨ੍ਹਾਂ ਨੂੰ ਪਾਰਟੀ ‘ਚ ਫਿਰ ਸ਼ਾਮਿਲ ਕਰ ਲਿਆ ਗਿਆ। ਦੇਸਾਈ ਨੇ ਕਿਹਾ ਕਿ ਬਗ਼ੈਰ ਕਿਸੇ ਮਾਫ਼ੀ ਦੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਿਲ ਕੀਤੇ ਜਾਣ ਦਾ ਇਹ ਬਹੁਤ ਹੀ ਅਜੀਬ ਫ਼ੈਸਲਾ ਹੈ। ਉਨ੍ਹਾਂ ਹਾਊਸ ਆਫ ਕਾਮਨਜ਼ ‘ਚ ਪਾਰਟੀ ਵਿ੍ਹਪ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਯਹੂਦੀ ਸੰਸਦ ਮੈਂਬਰਾਂ ਨਾਲ ਨਾ ਸਿਰਫ਼ ਮਾੜਾ ਵਿਹਾਰ ਕੀਤਾ ਗਿਆ ਸੀ ਬਲਕਿ ਮਹਿਲਾ ਸੰਸਦ ਮੈਂਬਰਾਂ ਨੂੰ ਟ੍ਰੋਲ ਕੀਤਾ ਗਿਆ। ਉਨ੍ਹਾਂ ਨੇ ਆਪਣਾ ਅਸਤੀਫ਼ਾ ਹਾਊਸ ਆਫ ਲਾਰਡਸ ‘ਚ ਲੇਬਰ ਪਾਰਟੀ ਦੀ ਨੇਤਾ ਬੈਰੋਨੇਸ ਏਂਜੇਲਾ ਸਮਿਥ ਨੂੰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲੇਬਰ ਪਾਰਟੀ ‘ਤੇ ਨਸਲਵਾਦ ਦੇ ਦੋਸ਼ ਲੱਗਦੇ ਰਹੇ ਹਨ।