Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Literature

ਮਨ ਦਾ ਖਿੰਡਾਓ

By Admin Published 3 min read


ਇਸ ਜਿੰਨੀ ਸਪੀਡ ਹਾਲੇ ਤਕ ਨਾ ਬਣੀ। ਸਾਇੰਸ ਸਾਰੀ ਹਯਾਤੀ ਖਪਦੀ ਰਹੇ ਪਰ ਇਸ ਜਿੰਨਾ ਦੌੜਨ ਵਾਲਾ ਕੋਈ ਰਾਕਟ ਪੈਦਾ ਨਾ ਕਰ ਸਕੂ।
ਤੁਸੀ ਹਵਾ ਨੂੰ ਤਾਂ ਹਾਲੇ ਫੜ ਲਓਂਗੇ ਫੜ ਹੀ ਲਈ ਬੰਦੇ ਪਰ ਇਸ ਨੂੰ ਨਾ। ਹਵਾ ਤੋਂ ਵੀ ਬਰੀਕ, ਬਿਜਲੀ ਤੋਂ ਵੀ ਤੇਜ।
ਤੁਸੀਂ ਬਾਹਰਲੀਆਂ ਤੇਜੀਆਂ, ਸਪੀਡਾਂ, ਜਹਾਜ, ਰਾਕਟ, ਬੁਲਟ ਟਰੇਨਾਂ ਦੇਖ ਰਹੇ ਓਂ ਇਹ ਪੈਦਾ ਪਤਾ ਕਿਥੋਂ ਹੋਏ? ਤੁਹਾਡੇ ਮਨ ਦੀ ਹੀ ਸਪੀਡ ਚੋਂ। ਹਾਲੇ ਹੋਰ ਕੋਸ਼ਿਸ਼ਾਂ ਜਾਰੀ, ਹਾਲੇ ਹੋਰ ਤੇਜੀ ਚਾਹੀਦੀ, ਹਾਲੇ ਹੋਰ ਸਪੀਡ ਚਾਹੀਦੀ, ਹਾਲੇ ਵੀ ਪੈਂਡਾ ਖੋਟਾ ਹੋ ਰਿਹਾ, ਸਮਾ ਬਰਬਾਦ ਹੋਣਾ ਜਾਪ ਰਿਹਾ ਕਿਓਂਕਿ ਮਨ ਨਾਲ ਬਾਹਰਲੀ ਸਪੀਡ ਹਾਲੇ ਵੀ ਨਹੀ ਮੈਚ ਕਰ ਰਹੀ ਜਿਹੜੀ ਕੇ ਕਰਨੀ ਵੀ ਨਹੀ ਅਤੇ ਬੰਦੇ ਪੀਹੜੀ ਦਰ ਪੀਹੜੀ ਦੌੜਦੇ ਹੀ ਖਪ ਜਾਣਾ।
ਇਹ ਸਾਰਾ ਮਨ ਦਾ ਖਿੰਡਾਓ ਹੈ ਪਰ ਬੰਦੇ ਇਸ ਦਾ ਨਾਂ ਤਰੱਕੀ ਰਖ ਲਿਆ ਹੋਇਆ ਜਦਕਿ ਇਸ ਤਰੱਕੀ ਨੇ ਬੰਦੇ ਦੀ ਬਰਬਾਦੀ ਦੇ ਸਾਰੇ ਦਰਵਾਜੇ ਖੋਹਲ ਛਡੇ ਹੋਏ।
ਰੁਹਾਨੀਅਤ ਸੰਸਾਰ ਮਨ ਉਪਰ ਬੜਾ ਜੋਰ ਦਿਦਾ। ਰੁਹਾਨੀਅਤ ਇਸ ਦੀ ਸਪੀਡ ਘਟ ਕਰਨਾ ਚਾਹੁੰਦੀ ਤਾਂ ਕਿ ਸੰਸਾਰ ਉਪਰਲੇ ਐਕਸੀਡੈਂਟ ਘਟਣ ਪਰ ਬਾਹਰ ਦਾ ਸੰਸਾਰ ਹਾਲੇ ਹੋਰ ਤੇਜ ਕਰਨ ਤੇ ਲਗਾ ਹੋਇਆ ਅਤੇ ਉਸ ਨੇ ਇਨਾ ਤੇਜ ਕਰ ਦਿਤਾ ਇਸ ਨੂੰ ਕਿ ਹੁਣ ਬੰਦੇ ਨੂੰ ਕੁਝ ਪਲ ਹੌਲੀ ਹੋਣ ਖਾਤਰ ਸਮੁੰਦਰਾਂ ਦੇ ਸਮੁੰਦਰ ਸ਼ਰਾਬ ਦੇ ਅਪਣੇ ਅੰਦਰ ਡੋਹਲਣੇ ਪੈ ਰਹੇ ਨੇ ਤਾਂ ਕਿ ਅਗਾਂ ਵਰਾਂਓਂਦਾ ਫਿਰਦਾ ਮਨ ਰਤਾ ਠੰਡਾ ਹੋ ਸਕੇ। ਇਸ ਦੀ ਭਟਕਣਾ ਦੀ ਹੀ ਇੰਤਹਾ ਸੀ ਜਦ ਇਹ ਸੰਭੋਗ ਵਿਚੋਂ ਹੀ ਸਮਾਧੀ ਲਭਣ ਦੀਆਂ ਝਖਾਂ ਮਾਰਨ ਵੰਨੀ ਤੁਰ ਪਿਆ ਯਣੀ ਅਗ ਚੋਂ ਹੀ ਬਰਫ ਲਭਣ।
ਬਾਬਾ ਜੀ ਅਪਣੇ ਤਾਂ ਤਰਲੇ ਲੈ ਰਹੇ ਨੇ ਕਿ ਪ੍ਰਦੇਸੀ ਮਨ ਘਰ ਆ ਅਪਣੇ। ਥਿਰ ਹੋ ਕੇ ਘਰ ਬੈਠ ਅਪਣੇ। ਮੇਰੇ ਜੀਅੜਿਆ, ਮੇਰੇ ਪਰਦੇਸੀਆ। ਕੰਮ ਕਰਨੋ ਕੋਣ ਰੋਕਦਾ ਪਰ ਮਨ ਦੀਆਂ ਤਾਂ ਲਗਾਮਾ ਖਿਚ ਕੇ ਰਖ।
ਬੰਨ੍ਹਾ ਵਿਚ ਵਗਦੇ ਦਰਿਆ ਹੀ ਵਹਿਣ ਹੁੰਦੇ ਨੇ ਖਿਲਰਿਆ ਪਾਣੀ ਤੇ ਨਾਲਾ, ਖਾਲ ਜਾਂ ਛਪੜ ਹੋ ਨਿਬੜਦਾ।
ਪਰ ਮੈਂ ਬੰਨ ਤੋੜ ਦਿਤੇ ਹੋਏ ਨੇ ਯਾਣੀ ਮਨ ਦੀ ਇਗਾਰਤਾ ਵੰਨਿਓ ਪਿਠ ਕਰ ਲਈ ਹੋਈ ਅਤੇ ਖਿੰਡਿਆ ਹੋਇਆ ਮਨ ਗੰਦੇ ਨਾਲੇ ਵਿਚ ਜਾ ਡਿਗਾ । ਨਾ ਵਹਿਣ ਰਿਹਾ ਨਾ ਵਹਾ ਨਾ ਨਿਰਮਲਤਾ ਨਾ ਠੰਡਕ । ਜਿਹੜਾ ਆਓਂਦਾ ਟਿਕ ਟਾਕ ਜਾਂ ਫੇਸ ਬੁਕ ਜਾਂ ਇੰਸਟਾਗਰਾਮ ਜਾਂ ਟਿਊਟਰ ਜਾਂ ਟੀ ਵੀ ਜਾਂ ਡਰਾਮਾ ਜਾਂ ਮੂਵੀ ਜੋ ਮਰਜੀ ਕੂੜਾ ਸੁਟ ਜਾਏ ਮੈਨੂੰ ਪ੍ਰਵਾਨ ਕਿਓਂਕਿ ਮੈਂ ਦਰਿਆ ਨਾਲੋਂ ਨਾਤਾ ਤੋੜ ਚੁਕਾ ਹੋਇਆਂ ਅਤੇ ਨਾ ਹੁਣ ਦਰਿਆ ਬਣਨ ਦੀ ਮੇਰੀ ਕੋਈ ਚਾਹਤ ਹੀ ਬਚੀ।
ਮੈਨੂੰ ਪਤੈ ਮਨ ਫੜ ਨਹੀ ਹੁੰਦਾ ਪਰ ਜਦ ਮੈਂ ਮਨ ਨੂੰ ਦੇਖਣ ਦੀ ਆਦਤ ਪਾ ਲਈ ਇਸ ਦੀ ਸਪੀਡ ਘਟਣੀ ਸ਼ੁਰੂ ਹੋ ਜਾਏਗੀ ਅਤੇ ਜਿਸ ਦਿਨ ਕਿਤੇ ਚੇਤਨਾ ਦੇ ਸਟਾਪ ਤੇ ਕੁਝ ਪਲ ਵੀ ਆਕੇ ਰੁਕ ਗਿਆ ਓਸੇ ਰੁਕਣ ਨੂੰ ਹੀ ਬਾਬਿਆਂ ਅਪਣਿਆਂ ਕਿਹਾ
ਨਿਹਾਲ, ਨਿਹਾਲ, ਨਿਹਾਲ।
ਗੁਰਦੇਵ ਸਿੰਘ ਸੱਧੇਵਾਲੀਆ

Admin Punjab Guardian · Surrey
ਸੰਬੰਧਿਤ ਖ਼ਬਰਾਂ Related Literature →
Share on WhatsApp