Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਭਾਜਪਾ ਦੀ ਵਾਸ਼ਿੰਗ ਮਸ਼ੀਨ

By uscreative Published 5 min read

ਅਜ਼ਾਦੀ ਤੋਂ ਬਾਅਦ ਸ਼ਾਇਦ ਇਹ ਪਹਿਲੀਆਂ ਲੋਕ ਸਭਾ ਚੋਣਾਂ ਹਨ, ਜਦੋਂ ਸੱਤਾਧਾਰੀ ਪਾਰਟੀ ਲੋਕ ਮਸਲਿਆਂ ਦੀ ਥਾਂ ਬੇਤੁਕੇ ਨਾਅਰਿਆਂ ਉੱਤੇ ਚੋਣ ਲੜ ਰਹੀ ਹੈ | ਇਹ ਇਸ ਲਈ ਹੈ ਕਿ ਪਿਛਲੇ ਦਸਾਂ ਸਾਲਾਂ ਦੇ ਰਾਜ ਦੌਰਾਨ ਹਾਕਮ ਪਾਰਟੀ ਭਾਜਪਾ ਕੋਲ ਆਪਣੀ ਕਾਰਗੁਜ਼ਾਰੀ ਦੇ ਨਾਂ ਉੱਤੇ ਸਿਫ਼ਰ ਪ੍ਰਾਪਤੀ ਹੈ | ਉਂਜ ਵੀ ਭਾਜਪਾ ਇਸ ਸਮੇਂ ਇੱਕ ਵਿਅਕਤੀ ਦੇ ਦੁਆਲੇ ਸੁੰਗੜ ਚੁੱਕੀ ਹੈ | ਪ੍ਰਧਾਨ ਮੰਤਰੀ ਮੋਦੀ ਪਾਰਟੀ ਦੇ ਸਰਵੋਸਰਵਾ ਹਨ | ਉ; ਦੇ ਮੂੰਹ ਵਿੱਚੋਂ ਜੋ ਵਾਕ ਨਿਕਲਦਾ ਹੈ, ਸਮੁੱਚੀ ਪਾਰਟੀ ਉਸ ਵਾਕ ਦਾ ਸਿਮਰਨ ਕਰਨ ਲੱਗ ਜਾਂਦੀ ਹੈ | ਪ੍ਰਧਾਨ ਮੰਤਰੀ ਕੋਲ ਇੱਕੋ ਫਾਰਮੂਲਾ ਹੈ, ਝੂਠ ਨੂੰ ਸੱਚ ਬਣਾ ਕੇ ਜਨਤਾ ਸਾਹਮਣੇ ਪੇਸ਼ ਕਰ ਦੇਣਾ | ਕਾਂਗਰਸ ਦਾ ਪਰਵਾਰਵਾਦ ਤੇ ਵਿਰੋਧੀ ਆਗੂਆਂ ਨੂੰ ਮਹਾਂਭਿ੍ਸ਼ਟ ਪੇਸ਼ ਕਰਨਾ ਤਾਂ ਉਸ ਦਾ ਤਕੀਆ ਕਲਾਮ ਬਣ ਚੁੱਕਾ ਹੈ | ਹੁਣ ਤਾਂ ਉਸ ਦੇ ਪਰਵਾਰਵਾਦੀ ਅਸਤਰ ਵੀ ਖੁੰਢੇ ਹੋ ਚੁੱਕੇ ਹਨ, ਕਿਉਂਕਿ ਉਸ ਦੀ ਪਾਰਟੀ ਤੇ ਸਹਿਯੋਗੀ ਦਲਾਂ ਦੇ ਉਮੀਦਵਾਰਾਂ ਦੀ ਜਿਹੜੀ ਲਿਸਟ ਸਾਹਮਣੇ ਆ ਚੁੱਕੀ ਹੈ, ਉਹ ਪਾਰਟੀ ਆਗੂਆਂ ਦੇ ਪੁੱਤਾਂ, ਧੀਆਂ ਤੇ ਭਰਾਵਾਂ ਨਾਲ ਭਰੀ ਪਈ ਹੈ |
ਚੋਣ ਬਾਂਡ ਘਪਲੇ ਨੇ ਉਸ ਦੇ ਵਿਰੋਧੀ ਆਗੂਆਂ ਵਿਰੁੱਧ ਭਿ੍ਸ਼ਟਾਚਾਰ ਦੇ ਮੁੱਦੇ ਦਾ ਵੀ ਜਨਾਜ਼ਾ ਕੱਢ ਦਿੱਤਾ ਹੈ | ਦੇਸ਼ ਦੇ ਇਸ ਚੋਣ ਬਾਂਡ ਘਪਲੇ ਦੀ ਗੂੰਜ ਦੇਸ਼ ਹੀ ਨਹੀਂ, ਵਿਦੇਸ਼ਾਂ ਤੱਕ ਵੀ ਸੁਣੀ ਜਾ ਸਕਦੀ ਹੈ | ਇਸ ਦੇ ਬਾਵਜੂਦ ਹਾਕਮ ਧਿਰ ਈ ਡੀ ਤੇ ਸੀ ਬੀ ਆਈ ਰਾਹੀਂ ਵਿਰੋਧੀ ਦਲਾਂ ਦੇ ਆਗੂਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਉਤੇ ਭਿ੍ਸ਼ਟਾਚਾਰ ਦਾ ਤਮਗਾ ਲਾ ਕੇ ਇਸ ਮੁੱਦੇ ਨੂੰ ਜਿਊਾਦਾ ਰੱਖਣ ਲਈ ਜਤਨਸ਼ੀਲ ਹੈ | ਇਸੇ ਕੜੀ ਅਧੀਨ ਪਹਿਲਾਂ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਫਿਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਦੂਜੇ ਪਾਸੇ ਪਿ੍ੰਟ ਤੇ ਸੋਸ਼ਲ ਮੀਡੀਆ ਦੇ ਕੁਝ ਹਿੱਸੇ ਇਸ ਫਰੰਟ ਉੱਤੇ ਵੀ ਭਾਜਪਾ ਦੀ ਸਚਾਈ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ | ਇੱਕ ਅੰਗਰੇਜ਼ੀ ਅਖ਼ਬਾਰ ਨੇ ਪਿਛਲੇ ਦਿਨੀਂ ਇੱਕ ਰਿਪੋਰਟ ਛਾਪੀ ਸੀ ਕਿ ਕਿਸ ਤਰ੍ਹਾਂ ਭਿ੍ਸ਼ਟਾਚਾਰ ਵਿੱਚ ਲਿੱਬੜੇ ਆਗੂਆਂ ਨੂੰ ਭਾਜਪਾ ਦੀ ਵਾਸ਼ਿੰਗ ਮਸ਼ੀਨ ਰਾਹੀਂ ਸਾਫ਼-ਸੁਥਰੇ ਬਣਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ |
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਜਿਹੜੇ 25 ਆਗੂ ਕੇਂਦਰੀ ਜਾਂਚ ਏਜੰਸੀਆਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਸਨ, ਉਨ੍ਹਾਂ ਵਿੱਚੋਂ 23 ਦੇ ਭਾਜਪਾ ਵਿੱਚ ਸ਼ਾਮਲ ਤੋਂ ਬਾਅਦ ਉਨ੍ਹਾਂ ਨੂੰ ਭਿ੍ਸ਼ਟਾਚਾਰ ਦੇ ਕੇਸਾਂ ਵਿੱਚੋਂ ਰਾਹਤ ਮਿਲ ਚੁੱਕੀ ਹੈ | ਇਨ੍ਹਾਂ ਵਿੱਚ ਤਿੰਨ ਦੇ ਕੇਸ ਬੰਦ ਕਰ ਦਿੱਤੇ ਗਏ ਹਨ ਤੇ 20 ਦੇ ਕੇਸਾਂ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ | ਇਨ੍ਹਾਂ 25 ਵਿੱਚੋਂ ਬਚਦੇ ਦੋ ਵੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ, ਪਰ ਕੇਸਾਂ ਵਿੱਚ ਢਿੱਲ ਦਿੱਤੇ ਜਾਣ ਦਾ ਕੋਈ ਸਬੂਤ ਨਹੀਂ ਹੈ | ਇਨ੍ਹਾਂ ਵਿੱਚੋਂ ਇੱਕ ਜਿਓਤੀ ਮਿਰਧਾ ਨੂੰ ਤਾਂ ਭਾਜਪਾ ਨੇ ਟਿਕਟ ਵੀ ਦੇ ਦਿੱਤੀ ਹੈ |
ਇਹ ਲੋਕ ਜਿਹੜੇ ਭਿ੍ਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਦਿਆਂ ਆਪਣੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ, ਉਨ੍ਹਾਂ ਵਿੱਚ ਦਸ ਕਾਂਗਰਸ, ਚਾਰ-ਚਾਰ ਐਨ ਸੀ ਪੀ ਤੇ ਸ਼ਿਵ ਸੈਨਾ, ਤਿੰਨ ਟੀ ਐਮ ਸੀ, ਦੋ ਤੇਲਗੂ ਦੇਸਮ ਤੇ ਇੱਕ-ਇੱਕ ਸਮਾਜਵਾਦੀ ਪਾਰਟੀ ਤੇ ਵਾਈ ਐਸ ਆਰ ਕਾਂਗਰਸ ਪਾਰਟੀ ਦੇ ਹਨ |
ਇਸ ਰਿਪੋਰਟ ਮੁਤਾਬਕ ਦਲਬਦਲੀ ਕਰਨ ਵਾਲੇ ਇਨ੍ਹਾਂ ਆਗੂਆਂ ਵਿੱਚ ਅਜੀਤ ਪਵਾਰ, ਪ੍ਰਫੁੱਲ ਪਟੇਲ, ਅਸ਼ੋਕ ਚਵਾਨ, ਹਿੰਮਤ ਬਿਸਵਾ ਸਰਮਾ, ਸੁਭੇਂਦੂ ਅਧਿਕਾਰੀ, ਪ੍ਰਤਾਪ ਸਰਨਾਈਕ, ਹਸਨ ਮੁਸ਼ਰੀਫ ਤੇ ਭਾਵਨਾ ਗਵਲੀ ਵਰਗੇ ਉੱਘੇ ਨਾਂ ਸ਼ਾਮਲ ਹਨ | ਦੂਜੀਆਂ ਪਾਰਟੀਆਂ ਵਿੱਚੋਂ ਆਏ ਇਨ੍ਹਾਂ ਆਗੂਆਂ ਨੂੰ ਭਾਜਪਾ ਲੋਕ ਸਭਾ ਦੀਆਂ ਸੀਟਾਂ ਦੇ ਕੇ ਸਨਮਾਨਤ ਕਰ ਰਹੀ ਹੈ | ਕੁਝ ਆਗੂ ਤਾਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਐਨ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਹਨ | ਇਨ੍ਹਾਂ ਵਿੱਚ ਗੈਰਕਾਨੂੰਨੀ ਖੁਦਾਈ ਘੁਟਾਲੇ ਵਿੱਚ ਸ਼ਾਮਲ ਜਨਾਰਧਨ ਰੈਡੀ ਵੀ ਸ਼ਾਮਲ ਹੈ | ਇੱਕ ਹੋਰ ਰਿਪੋਰਟ ਮੁਤਾਬਕ 2014 ਤੋਂ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਤੰਬਰ 2022 ਤੱਕ ਈ ਡੀ ਨੇ 121 ਆਗੂਆਂ ਉੱਤੇ ਕਾਰਵਾਈ ਕਰਕੇ, ਆਪਣੀ ਜਾਂਚ ਦੇ ਦਾਇਰੇ ਵਿੱਚ ਲਿਆਂਦਾ ਸੀ | ਇਨ੍ਹਾਂ ਵਿੱਚੋਂ 115 ਵਿਰੋਧੀ ਪਾਰਟੀਆਂ ਦੇ ਸਨ | ਉਸ ਤੋਂ ਬਾਅਦ ਦੀਆਂ ਈ ਡੀ ਕਾਰਵਾਈਆਂ ਨੂੰ ਸ਼ਾਮਲ ਕਰ ਲਿਆ ਜਾਵੇ ਤਾਂ ਲਿਸਟ ਹੋਰ ਲੰਮੀ ਹੋ ਜਾਵੇਗੀ | ਰਿਪੋਰਟ ਵਿੱਚ ਇਹ ਜ਼ਿਕਰ ਨਹੀਂ ਹੈ ਕਿ ਇਸ ਦੌਰਾਨ ਕੋਈ ਭਾਜਪਾ ਆਗੂ ਵੀ ਈ ਡੀ ਦੀ ਰਾਡਾਰ ਉੱਤੇ ਆਇਆ ਹੋਵੇ, ਸ਼ਾਇਦ ਕੋਈ ਨਹੀਂ |
ਇਸ ਸਮੇਂ ਭਾਜਪਾ ਦੇ ਦੋ ਮੁੱਖ ਆਗੂ ਹਾਰ ਦੇ ਡਰ ਤੋਂ ਏਨੇ ਡਰੇ ਹੋਏ ਹਨ ਕਿ ਉਹ ਚੋਣ ਜਿੱਤਣ ਲਈ ਹਰ ਘਟੀਆ ਤੋਂ ਘਟੀਆ ਦਾਅ ਖੇਡਣ ਵਿੱਚ ਮਸਰੂਫ ਹਨ | ਮੌਜੂਦਾ ਚੋਣ ਜੰਗ ਵਿੱਚ ਭਾਜਪਾ ਵਿਰੁੱਧ ਵਿਰੋਧੀ ਦਲਾਂ ਤੋਂ ਵੱਧ ਜਨਤਾ ਲੜ ਰਹੀ ਹੈ | ਇਸ ਸਮੇਂ ਸਭ ਤੋਂ ਵੱਡਾ ਸਵਾਲ ਵਿਰੋਧੀ ਦਲਾਂ ਲਈ ਇਹ ਹੈ ਕਿ ਉਹ ਜਨਤਾ ਨੂੰ ਯਕੀਨ ਦਿਵਾ ਦੇਵੇ ਕਿ ਭਾਜਪਾ ਦਾ ਮੁੜ ਸੱਤਾ ਵਿੱਚ ਆਉਣਾ ਦੇਸ਼ ਤੇ ਲੋਕਾਂ ਲਈ ਬੇਹੱਦ ਖ਼ਤਰਨਾਕ ਹੈ | ਹਰ ਵਿਅਕਤੀ ਤੱਕ ਇਹ ਸੁਨੇਹਾ ਪੁੱਜੇ, ਇਸ ਲਈ ਹਰ ਸਾਧਨ ਵਰਤਿਆ ਜਾਣਾ ਜ਼ਰੂਰੀ ਹੈ |
-ਚੰਦ ਫਤਿਹਪੁਰੀ

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp