ਜੇਐੱਨਐੱਨ, ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਕਿਸ਼ਨਗੜ੍ਹ ਇਲਾਕੇ ਦੇ ਪਿੰਡ ਮੁਨਿਰਕਾ ‘ਚ 8 ਅਕਤੂਬਰ ਨੂੰ ਆਪਣੇ ਦੋ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੀ ਵਰਸ਼ਾ ਦੇ ਮਾਮਲੇ ‘ਚ ਹੁਣ ਨਵੇਂ ਖੁਲਾਸੇ ਹੋ ਰਹੇ ਹਨ। ਇਸ ਘਟਨਾ ਨੇ ਪੂਰੇ ਇਲਾਕੇ ਵਿਚ ਸਨਸਨੀ ਫੈਲਾ ਦਿੱਤੀ ਅਤੇ ਹਰ ਕੋਈ ਸੋਚ ਰਿਹਾ ਸੀ ਕਿ ਇਕ ਮਾਂ ਅਜਿਹੀ ਹਰਕਤ ਕਿਵੇਂ ਕਰ ਸਕਦੀ ਹੈ। ਹੁਣ ਵਰਸ਼ਾ ਦੇ ਪਿਤਾ ਵੱਲੋਂ ਆਪਣੇ ਜਵਾਈ ‘ਤੇ ਲਾਏ ਦੋਸ਼ਾਂ ਨੇ ਇਸ ਮਾਮਲੇ ਦੀਆਂ ਕਈ ਪਰਤਾਂ ਖੋਲ੍ਹੀਆਂ ਹਨ।
ਜਵਾਈ ‘ਤੇ ਇਹ ਦੋਸ਼ ਲਗਾ ਰਿਹਾ ਹੈ ਪਿਤਾ
– ਵਰਸ਼ਾ ਦੇ ਪਿਤਾ ਨੇ ਆਪਣੇ ਜਵਾਈ ‘ਤੇ ਕਈ ਦੋਸ਼ ਲਾਏ ਹਨ। ਉਸ ਦਾ ਦਾਅਵਾ ਹੈ ਕਿ ਉਸ ਦੇ ਸਹੁਰੇ ਵਰਸ਼ਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦੇ ਸਨ।
– ਵਰਸ਼ਾ ਦੇ ਪਿਤਾ ਹੇਮੰਤ ਕੁਮਾਰ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਜਵਾਈ ਤੰਤਰ-ਮੰਤਰ ਦੇ ਚੱਕਰ ਵਿਚ ਪਿਆ ਹੋਇਆ ਸੀ, ਜਿਸ ਕਾਰਨ ਉਸ ਦਾ ਵਿਹਾਰ ਅਜੀਬ ਹੋ ਗਿਆ ਸੀ।
– ਵਰਸ਼ਾ ਦੇ ਪਿਤਾ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਹ ਵਰਸ਼ਾ ਨੂੰ ਨਸ਼ਾ ਦਿੰਦਾ ਸੀ, ਜਿਸ ਦਾ ਸੇਵਨ ਕਰਨ ਤੋਂ ਬਾਅਦ ਵਰਸ਼ਾ ਦਾ ਵਿਹਾਰ ਬਦਲ ਜਾਂਦਾ ਸੀ ਅਤੇ ਉਹ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਸੀ।
– ਹੇਮੰਤ ਕੁਮਾਰ ਨੇ ਕਿਹਾ ਹੈ ਕਿ ਵਰਸ਼ਾ ਨੇ ਖੁਦ ਉਨ੍ਹਾਂ ਨੂੰ ਇਹ ਗੱਲਾਂ ਦੱਸੀਆਂ ਸਨ।
– ਪਿਤਾ ਨੇ ਦੱਸਿਆ ਕਿ ਵਰਸ਼ਾ ਨਾਲ ਉਸ ਦੀ ਆਖਰੀ ਗੱਲਬਾਤ 7 ਅਕਤੂਬਰ ਨੂੰ ਹੋਈ ਸੀ, ਜਦੋਂ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਧੀ ਇੰਨਾ ਵੱਡਾ ਕਦਮ ਚੁੱਕੇਗੀ।
– ਪਿਤਾ ਦਾ ਇਹ ਵੀ ਦਾਅਵਾ ਹੈ ਕਿ ਬੇਟੀ ਨੇ ਉਸ ਨੂੰ 8 ਅਕਤੂਬਰ ਨੂੰ ਸਵੇਰੇ ਸੱਤ ਵਜੇ ਉਠਾਉਣ ਲਈ ਕਿਹਾ ਸੀ। ਜਦੋਂ ਉਨ੍ਹਾਂ ਨੇ ਅਗਲੇ ਦਿਨ ਵਰਸ਼ਾ ਨੂੰ ਫੋਨ ਕੀਤਾ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਚੁੱਕ ਕੇ ਦੱਸਿਆ ਕਿ ਫੋਨ ਬਾਹਰ ਹੈ ਅਤੇ ਘਰ ਅੰਦਰੋਂ ਕੁੰਡੀ ਲੱਗੀ ਹੋਈ ਹੈ।
– ਵਰਸ਼ਾ ਦੇ ਪਿਤਾ ਨੇ ਆਪਣੇ ਜਵਾਈ ‘ਤੇ ਦੋਸ਼ ਲਗਾਇਆ ਕਿ ਉਹ ਨਾਰਕੋਟਿਕਸ ਕੰਟਰੋਲ ਬਿਊਰੋ ‘ਚ ਹੈ ਅਤੇ ਕੁਝ ਵੀ ਕਰ ਸਕਦਾ ਹੈ। ਅਜਿਹੇ ‘ਚ ਉਹ ਚਾਹੁੰਦੇ ਹਨ ਕਿ ਜਾਂਚ ਸਹੀ ਅਤੇ ਨਿਰਪੱਖ ਤਰੀਕੇ ਨਾਲ ਹੋਣੀ ਚਾਹੀਦੀ ਹੈ।
ਇਹ ਹੈ ਸਾਰਾ ਮਾਮਲਾ
ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਕਰੀਬ 10.30 ਵਜੇ ਕਿਸ਼ਨਗੜ੍ਹ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਮੁਨਿਰਕਾ ‘ਚ ਇਕ ਔਰਤ ਨੇ ਆਪਣੇ ਦੋ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਆਪਣੇ ਗੁੱਟ ਦੀ ਨਾੜ ਵੱਢ ਕੇ ਖੁਦਕੁਸ਼ੀ ਕਰ ਲਈ ਹੈ।
ਮ੍ਰਿਤਕਾਂ ਦੀ ਪਛਾਣ ਵਰਸ਼ਾ ਸ਼ਰਮਾ (27), ਉਸ ਦੇ ਪੁੱਤਰ ਅਭਿਮਨਿਊ (4) ਅਤੇ ਢਾਈ ਸਾਲ ਦੇ ਆਯੂਸ਼ ਉਰਫ਼ ਵਿਅਮ (2.5) ਵਜੋਂ ਹੋਈ ਹੈ। ਪੁਲਿਸ ਨੂੰ ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਦੋਵਾਂ ਦੇ ਵਿਆਹ ਨੂੰ ਪੰਜ ਸਾਲ ਹੀ ਹੋਏ ਹਨ, ਜਿਸ ਕਾਰਨ ਪੁਲੀਸ ਨੇ ਇਸ ਸਬੰਧੀ ਖੇਤਰੀ ਐਸਡੀਐਮ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।



