ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੀਏਯੂ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ‘ਚ ਵੱਖ-ਵੱਖ ਕਿਸਮਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਦੋ ਰੋਜ਼ਾ ਗੁਲਦਾਉਦੀ ਸ਼ੋਅ ਬੁੱਧਵਾਰ ਨੂੰ ਸ਼ੁਰੂ ਹੋਇਆ। ਇਸ ਸ਼ੋਅ ਨੂੰ ਪੀਏਯੂ ਦੇ ਫਲੋਰੀਕਲਚਰ ਤੇ ਲੈਂਡਸਕੇਪਿੰਗ ਵਿਭਾਗ ਤੇ ਅਸਟੇਟ ਆਰਗੇਨਾਈਜ਼ੇਸ਼ਨ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ। ਇਹ ਸ਼ੋਅ ਆਧੁਨਿਕ ਪੰਜਾਬੀ ਕਵਿਤਾ ਦੇ ਉੱਘੇ ਪੰਜਾਬੀ ਕਵੀ ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਹੈ। ਇਸ ਸ਼ੋਅ ਦੇ ਮੁੱਖ ਮਹਿਮਾਨ ਪੀਏਯੂ ‘ਚ ਫਲੋਰੀਕਲਚਰ ਦੇ ਸਾਬਕਾ ਪੋ੍ਫੈਸਰ ਤੇ ਰਾਸ਼ਟਰੀ ਪੱਧਰ ‘ਤੇ ਫਲੋਰੀਕਲਚਰ ਦੇ ਸਲਾਹਕਾਰ ਡਾ ਏਪੀਐੱਸ ਗਿੱਲ ਸਨ। ਉਨ੍ਹਾਂ ਨੇ ਗੁਲਦਾਉਦੀ ਦੀਆਂ ਇੰਨੀਆਂ ਕਿਸਮਾਂ ਦਾ ਮੇਲਾ ਲਾਉਣ ਲਈ ਪੀਏਯੂ ਦੀ ਪ੍ਰਸ਼ੰਸਾ ਕਰਦਿਆਂ ਫੁੱਲਾਂ ਦੀ ਖੇਤੀ ਸਬੰਧੀ ਯੂਨੀਵਰਸਿਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਖੋਜਾਂ ਪ੍ਰਤੀ ਤਸੱਲੀ ਪ੍ਰਗਟਾਈ।
=====
-ਫੁੱਲਾਂ ਨਾਲ ਜੁੜੀ ਰਹਿੰਦੀ ਹੈ ਸੁਹਜ ਤੇ ਸਹਿਜ ਮਨੁੱਖੀ ਹੋਂਦ : ਵੀਸੀ
ਇਸ ਸ਼ੋਅ ਦੀ ਪ੍ਰਧਾਨਗੀ ਕਰਦਿਆਂ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸੁਹਜ ਤੇ ਸਹਿਜ ਮਨੁੱਖੀ ਹੋਂਦ ਫੁੱਲਾਂ ਨਾਲ ਜੁੜੀ ਰਹਿੰਦੀ ਹੈ। ਉਨ੍ਹਾਂ ਮਨੁੱਖ ਦੀਆਂ ਭਾਵਨਾਵਾਂ ਤੇ ਕੁਦਰਤ ਦੇ ਆਪਸੀ ਜੁੜਾਵ ਦੀ ਗੱਲ ਕੀਤੀ ਤੇ ਅਜੋਕੇ ਤਣਾਅ ਭਰੇ ਮਾਹੌਲ ‘ਚ ਫੁੱਲਾਂ ਰਾਹੀਂ ਸੁੰਦਰਤਾ ਮਾਨਣ ਤੇ ਤਣਾਅ ਤੋਂ ਮੁਕਤੀ ਦਾ ਰਾਹ ਸੁਝਾਇਆ।
ਡਾ. ਗੋਸਲ ਨੇ ਕਿਹਾ ਕਿ ਪੰਜਾਬੀ ਦੇ ਪ੍ਰਸਿੱਧ ਕਵੀ ਤੇ ਕੁਦਰਤ ਪੇ੍ਮੀ ਭਾਈ ਵੀਰ ਸਿੰਘ ਨੇ ਕੁਦਰਤ ਨੂੰ ਆਪਣੀ ਕਾਵਿਕਾਰੀ ਦਾ ਮਾਧਿਅਮ ਬਣਾਇਆ ਤੇ ਗੁਲਦਾਉਦੀ ਦੇ ਫੁੱਲਾਂ ਬਾਰੇ ਜੀਵੰਤ ਕਵਿਤਾ ਲਿਖੀ। ਵਾਈਸ ਚਾਂਸਲਰ ਨੇ ਕਿਹਾ ਕਿ ਫੁੱਲਾਂ ਬਾਰੇ ਸਿਰਫ ਕਵਿਤਾਵਾਂ ਪੜ੍ਹਨੀਆਂ ਹੀ ਲਾਜ਼ਮੀ ਨਹੀਂ ਬਲਕਿ ਫੁੱਲਾਂ ਨੂੰ ਆਪਣੇ ਘਰਾਂ, ਵਿਹੜਿਆਂ ਤੇ ਖੇਤਾਂ ‘ਚ ਲਾਉਣਾ ਸੁੰਦਰਤਾ ਨੂੰ ਪ੍ਰਸਾਰਿਤ ਕਰਨਾ ਹੈ। ਡਾ. ਗੋਸਲ ਨੇ ਕਿਹਾ ਕਿ ਇਸ ਸ਼ੋਅ ਨਾਲ ਭਾਈ ਵੀਰ ਸਿੰਘ ਦਾ ਨਾਮ ਜੋੜ ਕੇ ਯੂਨੀਵਰਸਿਟੀ ਨੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੀ ਆਪਣੀ ਵਿਰਾਸਤ ਨੂੰ ਕਾਇਮ ਰੱਖਿਆ ਹੋਇਆ ਹੈ। ਨਾਲ ਹੀ ਉਨ੍ਹਾਂ ਵਪਾਰਕ ਫੁੱਲਾਂ ਦੀ ਖੇਤੀ ਰਾਹੀਂ ਮੁਨਾਫ਼ੇ ਬਾਰੇ ਪੀਏਯੂ ਦੀਆਂ ਸਿਫਾਰਿਸ਼ਾਂ ‘ਤੇ ਅਮਲ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ। ਫ਼ਸਲੀ ਵਿਭਿੰਨਤਾ ਲਈ ਇੱਕ ਵਿਹਾਰਕ ਬਦਲ ਵੀ ਹੈ।
ਡਾ. ਗੋਸਲ ਨੇ ਕਿਹਾ ਕਿ ਉਹ ਇੰਨੇ ਰੰਗਾਂ, ਵੰਨਾਂ ਤੇ ਕਿਸਮਾਂ ਦੀਆਂ ਗੁਲਦਾਉਦੀ ਦੀਆਂ ਕਿਸਮਾਂ ਦੇਖ ਕੇ ਬੜੇ ਪ੍ਰਸੰਨ ਹੋਏ ਹਨ। ਉਨ੍ਹਾਂ ਨੇ ਸ਼ਹਿਰ ਦੇ ਨਾਲ-ਨਾਲ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਤੇ ਫੁੱਲਾਂ ਦੇ ਇਸ ਮੇਲੇ ਤੋਂ ਸੁੰਦਰਤਾ ਅਤੇ ਸੁਹਜ ਦਾ ਸੁਨੇਹਾ ਆਪਣੇ ਨਾਲ ਲੈ ਕੇ ਜਾਣ।
======
-ਭਿੰਨ-ਭਿੰਨ ਰੰਗਾਂ ‘ਚ ਗੁਲਦਾਉਦੀ ਦੀਆਂ ਕਈ ਕਿਸਮਾਂ ਨੇ ਦਰਸ਼ਕਾਂ ਦੀਆਂ ਅੱਖਾਂ ਨੂੰ ਮੋਹ ਲਿਆ
ਭਿੰਨ-ਭਿੰਨ ਰੰਗਾਂ ‘ਚ ਗੁਲਦਾਉਦੀ ਦੀਆਂ ਕਈ ਕਿਸਮਾਂ ਨੇ ਦਰਸ਼ਕਾਂ ਦੀਆਂ ਅੱਖਾਂ ਨੂੰ ਮੋਹ ਲਿਆ। ਸ਼ੋਅ ਦੌਰਾਨ ਵੱਖ-ਵੱਖ ਗੁਲਦਸਤਿਆਂ ਵਿੱਚ ਸਜੀਆਂ ਕਿਸਮਾਂ ਵਿਲੱਖਣ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਸ਼ੋਅ ਦੇ ਕੋਆਰਡੀਨੇਟਰ ਤੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਪੀਏਯੂ ਕੋਲ ਗੁਲਦਾਉਦੀ ਦੀਆਂ 200 ਦੇ ਕਰੀਬ ਕਿਸਮਾਂ ਦਾ ਜਰਮਪਲਾਜ਼ਮ ਹੈ, ਹੁਣ ਤੱਕ ਵਿਭਾਗ ਨੇ 17 ਕਿਸਮਾਂ ਦਾ ਵਿਕਾਸ ਕੀਤਾ ਸੀ। ਇਸ ਵਰ੍ਹੇ ਗੁਲਦਾਉਦੀ ਦੀਆਂ 19 ਨਵੀਆਂ ਕਿਸਮਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਪੰਜਾਬ ‘ਚ ਆਮ ਖੇਤੀ ਤੇ ਗਮਲਿਆਂ ਲਈ ਜਾਰੀ ਕੀਤੀਆਂ ਗਈਆਂ ਕਿਸਮਾਂ ਸ਼ਾਮਿਲ ਹਨ। ਵਿਭਾਗ ਇਸ ਫੁੱਲ ਬਾਰੇ ਖੋਜ ਕਰਨ ਲਈ ਭਾਰਤੀ ਖੇਤੀ ਖੋਜ ਪ੍ਰਰੀਸ਼ਦ ਦਾ ਪ੍ਰਮੁੱਖ ਕੇਂਦਰ ਹੈ। ਉਨ੍ਹਾਂ ਕਿਹਾ ਕਿ ਇਸ ਸ਼ੋਅ ਦਾ ਮੁੱਖ ਉਦੇਸ਼ ਲੋਕਾਂ ਨੂੰ ਲੈਂਡਸਕੇਪ ਦੀ ਵਰਤੋਂ ਤੇ ਵਪਾਰਕ ਖੇਤੀ ਲਈ ਗੁਲਦਾਉਦੀ ਦੇ ਫੁੱਲ ਉਗਾਉਣ ਲਈ ਪੇ੍ਰਿਤ ਕਰਨਾ ਹੈ।
=======
-ਅੱਜ ਹੋਵੇਗਾ ਇਨਾਮ ਵੰਡ ਸਮਾਰੋਹ
ਇਸ ਸ਼ੋਅ ਦੇ ਇੰਚਾਰਜ ਡਾ. ਸਿਮਰਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਵਰਗਾਂ ‘ਚ 4 ਹਜ਼ਾਰ ਤੋਂ ਵਧੇਰੇ ਗਮਲੇ ਪ੍ਰਦਰਸ਼ਿਤ ਹੋਏ ਹਨ। ਇਸ ਸ਼ੋਅ ਦੌਰਾਨ ਨਿੱਜੀ ਵਿਅਕਤੀਆਂ ਤੇ ਸੰਸਥਾਵਾਂ ਲਈ ਗੁਲਦਸਤੇ ਦਾ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ। ਇਨਾਮ ਵੰਡ ਸਮਾਰੋਹ 7 ਦਸੰਬਰ ਨੂੰ ਕੀਤਾ ਜਾਵੇਗਾ। ਕੈਂਪਸ ਦੇ ਅੰਦਰ ਤੇ ਬਾਹਰੋਂ ਵੱਡੀ ਗਿਣਤੀ ‘ਚ ਲੋਕ ਸ਼ੋਅ ਨੂੰ ਦੇਖਣ ਲਈ ਪਹੁੰਚੇ। ਇਹ ਸ਼ੋਅ 7 ਦਸੰਬਰ ਤਕ ਦਰਸ਼ਕਾਂ ਲਈ ਖੁੱਲ੍ਹਾ ਰਹੇਗਾ। ਸੈਲਾਨੀਆਂ ਲਈ ਗੁਲਦਾਉਦੀ ਦੀਆਂ ਅਨੇਕ ਰੰਗਾਂ ਵਾਲੀਆਂ ਕਿਸਮਾਂ ਸ਼ੋਅ ਦਾ ਮੁੱਖ ਆਕਰਸ਼ਨ ਹਨ। ਇਸ ਮੌਕੇ ਪੀਏਯੂ ਦੇ ਕਾਲਜਾਂ ਦੇ ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ , ਅਧਿਆਪਕ ਤੇ ਵਿਦਿਆਰਥੀ ਵੱਡੀ ਗਿਣਤੀ ‘ਚ ਮੌਜੂਦ ਸਨ।


