ਮਦਨ ਭਾਰਦਵਾਜ, ਜਲੰਧਰ
ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਪਰੇਸ਼ਾਨ ਹੋਏ ਬਲਦੇਵ ਤੇ ਨਿਜਾਤਮ ਨਗਰ ਦੀ ਗਲੀ ਨੰ. 6 ਦੇ ਲੋਕਾਂ ਨੇ ਰੋਸ ਵਿਖਾਵਾ ਕੀਤਾ। ਬਲਦੇਵ ਨਗਰ ਦੇ ਲੋਕਾਂ ਨੇ ਰੋਸ ਪ੍ਰਗਟ ਕਰਨ ਲਈ ਕਿਸ਼ਨਪੁਰਾ ਚੌਕ ‘ਚ ਜਾਮ ਵੀ ਲਾਇਆ। ਇਸ ਕਾਰਨ ਦੋਮੋਰੀਆ ਪੁਲ ਤੋਂ ਕਿਸ਼ਨਪੁਰਾ ਚੌਕ ਤੱਕ ਵੱਡਾ ਜਾਮ ਲੱਗ ਗਿਆ। ਲੋਕਾਂ ਨੇ ਦੋਸ਼ ਲਾਇਆ ਕਿ ਬਲਦੇਵ ਨਗਰ ‘ਚ ਪਿਛਲੇ ਤਿੰਨ ਮਹੀਨਿਆਂ ਤੋਂ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਤੇ ਇਸ ਸਬੰਧੀ ਉਹ ਨਗਰ ਨਿਗਮ ਜਾ ਕੇ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਤੇ ਮੰਗ ਪੱਤਰ ਵੀ ਦੇ ਚੁੱਕੇ ਹਨ। ਇਸ ਕਰ ਕੇ ਵੀਰਵਾਰ ਨੂੰ ਕਿਸ਼ਨਪੁਰਾ ਚੌਕ ਵਿਖੇ ਧਰਨਾ ਲਾਇਆ ਗਿਆ। ਇਸੇ ਤਰ੍ਹਾਂ ਹੀ ਪਿਛਲੇ ਦੋ ਹਫਤਿਆਂ ਤੋਂ ਪਾਣੀ ਦੀ ਸਪਲਾਈ ਬੰਦ ਹੋਣ ਵਿਰੁੱਧ ਵਿਖਾਵਾ ਕੀਤਾ ਤੇ ਚਿਤਾਵਨੀ ਦਿੱਤੀ ਕਿ ਜੇ ਸੋਮਵਾਰ ਤਕ ਪਾਣੀ ਦੀ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਉਹ ਫੁੱਟਬਾਲ ਚੌਕ ਦਾ ਿਘਰਾਓ ਕਰਨਗੇ, ਜਿਸ ਦੀ ਜ਼ਿੰਮੇਦਾਰ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ। ਉਕਤ ਗਲੀ ਦੇ ਨਿਵਾਸੀਆਂ ਮੋਨੂੰ ਭਾਟੀਆ, ਕਾਕਾ, ਦੀਪਕ, ਬੰਟੀ, ਰਾਜੂ ਤੇ ਰਮਨ ਆਦਿ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਾਬਕਾ ਕੌਂਸਲਰ ਕਮਲੇਸ਼ ਗਰੋਵਰ ਤੇ ਉਨ੍ਹਾਂ ਦੇ ਲੜਕੇ ਅਨਮੋਲ ਗਰੋਵਰ ‘ਤੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੂੰ ਪਾਣੀ ਦੀ ਸਪਲਾਈ ਨਾ ਆਉਣ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਨੇ ਰਲ ਕੇ ਪੈਸੇ ਇਕੱਠੇ ਕਰਕੇ ਖੁਦ ਪਾਣੀ ਦਾ ਟੈਂਕਰ ਮੰਗਵਾਇਆ। ਜਦੋਂ ਪਤਾ ਲੱਗਾ ਤਾਂ ਕਿਹਾ ਗਿਆ ਕਿ ਟਿਊਬਵੈੱਲ ਦੀ ਮੋਟਰ ਸੜ ਗਈ ਹੈ ਤੇ ਉਸ ਦੀ ਅਜੇ ਤਕ ਮੁਰੰਮਤ ਨਹੀਂ ਹੋਈ, ਜਿਸ ਕਾਰਨ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ। ਉਕਤ ਗਲੀ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਸੋਮਵਾਰ ਤਕ ਪਾਣੀ ਦੀ ਸਪਲਾਈ ਬਹਾਲ ਨਹੀਂ ਹੁੰਦੀ ਤਾਂ ਉਹ ਫੁੱਟਬਾਲ ਚੌਕ ਦਾ ਿਘਰਾਓ ਕਰ ਕੇ ਰੋਸ ਪਰਗਟ ਕਰਨਗੇ ਜਿਸ ਦੀ ਜ਼ਿੰਮੇਦਾਰੀ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ।
—
ਸੜਕ ਬਣਾਉਣ ਦੀ ਕੀਤੀ ਮੰਗ
ਵੈਸਟ ਹਲਕੇ ‘ਚ ਇਕ ਸਾਲ ਪਹਿਲਾਂ ਬਣੀ ਸੜਕ ਟੁੱਟਣ ਕਾਰਨ ਆਸ ਪਾਸ ਦੀਆਂ ਆਬਾਦੀਆਂ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਸੜਕ ਬਸਤੀ ਸ਼ੇਖ, ਘਾਹ ਮੰਡੀ ਚੁੰਗੀ, ਸ਼ਮਸ਼ਾਨਘਾਟ ਰੋਡ ਦੇ ਨਾਲ ਹੀ ਦਸਮੇਸ਼ ਨਗਰ, ਮੇਜਰ ਕਾਲੋਨੀ, ਏਐੱਸ ਵਿਲਾ ਕਾਲੋਨੀ, ਤਿਲਕ ਨਗਰ ਤੇ ਨਾਖਾਂ ਵਾਲਾ ਬਾਗ ਰੋਡ ਆਦਿ ਨਾਲ ਜੁੜਦੀ ਹੈ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਤੇ ਕਈ ਵਾਰ ਲੋਕ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਉਕਤ ਸੜਕ ਦੇ ਆਸ-ਪਾਸ ਦੇ ਦੁਕਾਨਦਾਰਾਂ ਨੇ ਮਲਬਾ ਪਾ ਕੇ ਸੜਕ ਨੂੰ ਆਵਾਜਾਈ ਯੋਗਾ ਬਣਾਇਆ ਸੀ ਪਰ ਬਰਸਾਤ ਕਾਰਨ ਉਥੇ ਟੋਏ ਪੈ ਜਾਣ ਕਾਰਨ ਹੁਣ ਹਾਦਸਿਆਂ ਦੀ ਸੰਭਾਵਨਾ ਬਣੀ ਰਹਿੰਦੀ ਹੈ। ਲੋਕਾਂ ਨੇ ਸੜਕ ਬਣਾਉਣ ਦੀ ਮੰਗ ਕੀਤੀ ਹੈ।



