ਸਟਾਫ ਰਿਪੋਰਟਰ, ਖੰਨਾ : ਭਾਜਪਾ ਕਿਸਾਨ ਮੋਰਚਾ ਦੇ ਆਰਟੀਆਈ ਸੈੱਲ ਦੇ ਸੂਬਾ ਪ੍ਰਧਾਨ ਸਤੀਸ਼ ਸ਼ਰਮਾ ਨੇ ਖੰਨਾ ਨਗਰ ਕੌਂਸਲ ਵੱਲੋਂ ਜਾਰੀ ਕੀਤੇ ਟੈਂਡਰਾਂ ‘ਚ ਵਿੱਤੀ ਬੇਨਿਯਮੀਆਂ ਦੇ ਦੋਸ਼ ਲਾਏ ਹਨ। ਸ਼ਰਮਾ ਨੇ ਦੱਸਿਆ ਮਿਲੀਭੁਗਤ ਨਾਲ ਕਰੀਬ 20 ਕਰੋੜ ਰੁਪਏ ਦੀ ਲਾਗਤ ਵਾਲੇ 97 ਵਿਕਾਸ ਕਾਰਜਾਂ ਦੇ ਟੈਂਡਰ ਕਟੌਤੀ ‘ਤੇ ਪਾ ਦਿੱਤੇ ਗਏ ਹਨ, ਜਿਸ ਕਾਰਨ ਕਰੀਬ ਛੇ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਟੈਂਡਰ 23 ਅਕਤੂਬਰ ਨੂੰ ਖੋਲ੍ਹੇ ਜਾਣੇ ਸਨ ਪਰ ਇੱਕ ਸਾਜਿਸ਼ ਤਹਿਤ ਇਸ ‘ਚ 25 ਦਿਨ ਦੀ ਦੇਰੀ ਕੀਤੀ ਗਈ। ਸ਼ਰਮਾ ਦਾ ਕਹਿਣਾ ਹੈ ਕਿ ਟੈਂਡਰਾਂ ‘ਤੇ 25 ਤੋਂ 30 ਫੀਸਦੀ ਦੀ ਦਰ ਨਾਲ ਕੰਮ ਹੋਣਾ ਚਾਹੀਦਾ ਸੀ। ਪਰ ਮਿਲੀਭੁਗਤ ਕਰਕੇ ਘੱਟ ਰਿਆਇਤ ‘ਤੇ ਕੰਮ ਅਲਾਟ ਕੀਤਾ ਗਿਆ।

ਸ਼ਰਮਾ ਨੇ ਆਪਣੇ ਦਸਤਾਵੇਜ਼ਾਂ ‘ਚ ਕਮੀਆਂ ਦਿਖਾ ਕੇ ਵੱਧ ਛੋਟ ਦੇਣ ਵਾਲੇ ਠੇਕੇਦਾਰਾਂ ਦੇ ਟੈਂਡਰ ਰੱਦ ਕਰਨ ਦੇ ਵੀ ਦੋਸ਼ ਲਾਏ ਹਨ। ਦੂਜੇ ਪਾਸੇ ਈਓ ਚਰਨਜੀਤ ਸਿੰਘ ਤੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਆਨਲਾਈਨ ਟੈਂਡਰ ਪ੍ਰਕਿਰਿਆ ਹੈ, ਕੋਈ ਵੀ ਟੈਂਡਰ ਜਮ੍ਹਾਂ ਕਰਵਾ ਸਕਦਾ ਹੈ। ਟੈਂਡਰਾਂ ‘ਚ ਕਿਸੇ ਕਿਸਮ ਦੀ ਕੋਈ ਬੇਨਿਯਮੀ ਨਹੀਂ ਹੈ ਤੇ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ। ਜਾਂਚ ਕਿਸੇ ਵੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ।