ਧਰਤੀ ਦਾ ‘ਸੁਰਗ’ ਅਖਵਾਉਣ ਵਾਲੀ ਕਸ਼ਮੀਰ ਵਾਦੀ ’ਚੋਂ ਦਹਿਸ਼ਤਗਰਦੀ ਦਾ ਖ਼ਾਤਮਾ ਹਾਲੇ ਤੱਕ ਨਹੀਂ ਹੋ ਸਕਿਆ ਹੈ। ਮੁਹਾਲੀ ਦੇ ਕਰਨਲ ਮਨਪ੍ਰੀਤ ਸਿੰਘ ਅਤੇ ਦੋ ਹੋਰ ਫ਼ੌਜੀ ਜਵਾਨਾਂ ਦੀ ਸ਼ਹਾਦਤ ਇਸ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਅਜਿਹੀਆਂ ਅੱਤਵਾਦੀ ਵਾਰਦਾਤਾਂ ਤੋਂ ਇਲਾਵਾ ਵੀ ਇਸ ਪਰਬਤੀ ਸੂਬੇ ’ਚ ਬਹੁਤ ਕੁਝ ਗ਼ਲਤ ਵਾਪਰ ਰਿਹਾ ਹੈ।

ਬੀਤੀ 25 ਅਗਸਤ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ 59 ਸਾਲਾ ਸਰਕਾਰੀ ਅਧਿਕਾਰੀ ਗੁਰਮੀਤ ਸਿੰਘ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ ਸੀ। ਉਸ ਤੋਂ ਅੱਠ ਦਿਨਾਂ ਬਾਅਦ ਦੱਖਣੀ ਕਸ਼ਮੀਰ ਦੇ ਤ੍ਰਾਲ ’ਚ 75 ਸਾਲਾ ਸੇਵਾ-ਮੁਕਤ ਸਰਕਾਰੀ ਅਫ਼ਸਰ ਕਰਨ ਸਿੰਘ ਦੀ ਲਾਸ਼ ਮਿਲ ਗਈ। ਜੰਮੂ-ਕਸ਼ਮੀਰ ਪੁਲਿਸ ਨੂੰ ਕਾਤਲਾਂ ਦੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ ਮਿਲ ਸਕੀ ਹੈ। ਇਹ ਇਕ ਹਕੀਕਤ ਹੈ ਕਿ ਕਸ਼ਮੀਰ ਵਾਦੀ ’ਚ ਜੋ ਕੁਝ ਵੀ ਵਾਪਰਦਾ ਹੈ, ਉਸ ਦਾ ਨੋਟਿਸ ਕੌਮਾਂਤਰੀ ਪੱਧਰ ’ਤੇ ਜ਼ਰੂਰ ਲਿਆ ਜਾਂਦਾ ਹੈ।

ਖ਼ਾਸ ਤੌਰ ’ਤੇ ਪਾਕਿਸਤਾਨ ’ਚ ਬੈਠੇ ਭਾਰਤ-ਵਿਰੋਧੀ ਦਹਿਸ਼ਤਗਰਦ ਅਨਸਰਾਂ ਨੂੰ ਵੀ ਨਾਂਹ-ਪੱਖੀ ਟਿੱਪਣੀਆਂ ਕਰਨ ਦਾ ਮੌਕਾ ਮਿਲ ਜਾਂਦਾ ਹੈ ਜਦਕਿ ਵਾਦੀ ’ਚ ਅੱਤਵਾਦੀ ਵਾਰਦਾਤਾਂ ਨੂੰ ਉਹੀ ਲੋਕ ਅੰਜਾਮ ਦਿੰਦੇ ਹਨ। ਲਗਪਗ 135 ਕਿਲੋਮੀਟਰ ਲੰਬੀ ਖ਼ੂਬਸੂਰਤ ਵਾਦੀ ਪੀਰ ਪੰਜਾਲ ਦੀ ਪਰਬਤ-ਲੜੀ ਨਾਲ ਭਰਪੂਰ ਹੈ। ਇਹ ਪਰਬਤ ਹੀ ਪਾਕਿਸਤਾਨ ਤੇ ਚੀਨ ਦੀ ਕੌਮਾਂਤਰੀ ਸਰਹੱਦ ਵੀ ਬਣ ਜਾਂਦੇ ਹਨ। ਜਿਹਲਮ ਦਰਿਆ ਵਾਦੀ ਨੂੰ ਸਿੰਜਦਾ ਹੈ।

ਇਸ ਖੇਤਰ ਦੇ ਖ਼ੂਬਸੂਰਤ ਕੁਦਰਤੀ ਨਜ਼ਾਰੇ ਵੇਖਦਿਆਂ ਹੀ ਬਣਦੇ ਹਨ। ਪਾਕਿਸਤਾਨ ਵੱਲੋਂ ਭਾਰਤ ਤੋਂ ਬੰਗਲਾਦੇਸ਼ ਦਾ ਬਦਲਾ ਲੈਣ ਲਈ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਬਿਨਾਂ ਵਜ੍ਹਾ ਕਸ਼ਮੀਰ ਦਾ ਮੁੱਦਾ ਕੌਮਾਂਤਰੀ ਪੱਧਰ ’ਤੇ ਚੁੱਕਿਆ ਜਾਂਦਾ ਹੈ। ਉਸ ਦੇਸ਼ ਦੇ ਆਗੂ ਇਸੇ ਨੂੰ ਮੁੱਖ ਮੁੱਦਾ ਬਣਾ ਕੇ ਚੋਣਾਂ ਵੀ ਲੜਦੇ ਹਨ ਤੇ ਕਸ਼ਮੀਰੀ ਅਵਾਮ ਦੇ ਅਸਲ ਹਮਾਇਤੀ ਹੋਣ ਦੇ ਦਮਗਜੇ ਮਾਰਦੇ ਹਨ। ਭਾਰਤ ਸਰਕਾਰ ਨੇ ਜਦੋਂ ਪੰਜ ਅਗਸਤ 2019 ਨੂੰ ਧਾਰਾ 370 ਖ਼ਤਮ ਕੀਤੀ ਸੀ ਤਦ ਵੀ ਪਾਕਿ ਦੇ ਅਖੌਤੀ ਆਗੂਆਂ ਨੇ ਕਸ਼ਮੀਰ ਦੀ ਜਨਤਾ ਨੂੰ ਭੜਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ।

ਉਦੋਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਜਾ ਕੇ ਵੀ ਅਪੀਲ ਕੀਤੀ ਸੀ ਪਰ ਭਾਰਤ ਸਰਕਾਰ ਨੇ ਸਪਸ਼ਟ ਕਰ ਦਿੱਤਾ ਸੀ ਕਿ ਕਿਸੇ ਹੋਰ ਦੇਸ਼ ਨੂੰ ਸਾਡੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਦੀ ਲੋੜ ਨਹੀਂ ਹੈ। ਦੋ ਕਸ਼ਮੀਰੀ ਸਿੱਖਾਂ ਦੀ ਭੇਤਭਰੀ ਹਾਲਤ ’ਚ ਮੌਤ ਲਈ ਜ਼ਿੰਮੇਵਾਰ ਕਾਤਲਾਂ ਨੂੰ ਹਾਲੇ ਤੱਕ ਕਿਉਂ ਗਿ੍ਰਫ਼ਤਾਰ ਨਹੀਂ ਕੀਤਾ ਗਿਆ? ਕੀ ਪੁਲਿਸ ਤੇ ਹੋਰ ਜਾਂਚ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਲੱਗਾ ਕਿ ਜੰਮੂ-ਕਸ਼ਮੀਰ ਸਰਕਾਰ ਦੇ ਮਾਰਗ ਤੇ ਭਵਨ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਗੁਰਮੀਤ ਸਿੰਘ ’ਤੇ ਕੁਝ ਉੱਚ ਅਧਿਕਾਰੀਆਂ ਨੇ ਲਗਾਤਾਰ ਦਬਾਅ ਬਣਾਇਆ ਹੋਇਆ ਸੀ ਕਿਉਂਕਿ ਉਹ ਇਕ ਸਥਾਨਕ ਠੇਕੇਦਾਰ ਨੂੰ ਲਾਭ ਪਹੁੰਚਾਉਣਾ ਚਾਹੁੰਦੇ ਸਨ।

ਕੁਝ ਵਿਅਕਤੀਆਂ ਨੂੰ ਗਿ੍ਰਫ਼ਤਾਰ ਵੀ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਥੋੜ੍ਹੀ ਪੁੱਛ-ਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਅਜਿਹੇ ਹਾਲਾਤ ’ਚ ਵਾਦੀ ਦੇ ਸਿੱਖਾਂ ’ਚ ਸਹਿਮ ਦਾ ਮਾਹੌਲ ਹੈ। ਸਥਾਨਕ ਵਾਸੀ ਪਿਛਲੇ ਕਾਲ਼ੇ ਦੌਰ ਦੇ ਸਮਿਆਂ ਵਾਂਗ ਦੁਬਾਰਾ ਹਿਜਰਤ ਕਰ ਕੇ ਨਾ ਜਾਣ, ਹੁਣ ਇਹ ਯਕੀਨੀ ਬਣਾਉਣ ਦੀ ਲੋੜ ਜਾਪਦੀ ਹੈ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੀ ਅਗਵਾਈ ਹੇਠਲੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਹ ‘ਜੰਨਤ’ ਕਿਤੇ ‘ਦੋਜ਼ਖ਼’ ਨਾ ਬਣ ਜਾਵੇ।