ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤ ਦੇ ਸਾਬਕਾ ਧਮਾਕੇਦਾਰ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ 2011 ਵਿਸ਼ਵ ਕੱਪ ‘ਚ ਪਾਕਿਸਤਾਨ ਖਿਲਾਫ ਸੈਮੀਫਾਈਨਲ ਮੈਚ ਤੋਂ ਇਕ ਦਿਲਚਸਪ ਕਿੱਸੇ ਦਾ ਖੁਲਾਸਾ ਕੀਤਾ ਹੈ। ਸਹਿਵਾਗ ਨੇ ਦੱਸਿਆ ਕਿ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨਾਲ ਉਨ੍ਹਾਂ ਦੀ ਮਜ਼ੇਦਾਰ ਗੱਲਬਾਤ ਹੋਈ ਸੀ।
ਸਚਿਨ ਤੇਂਦੁਲਕਰ 2011 ਵਿਸ਼ਵ ਕੱਪ ਸੈਮੀਫਾਈਨਲ ‘ਚ ਭਾਰਤੀ ਟੀਮ ਦੇ ਸਰਵੋਤਮ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ। ਉਹ 85 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਸਹਿਵਾਗ ਉਦੋਂ ਡਗਆਊਟ ‘ਚ ਬੈਠੇ ਸਨ। ਉਹ ਸਚਿਨ ਤੇਂਦੁਲਕਰ ਨੂੰ ਦੇਖ ਕੇ ਮੁਸਕਰਾਏ ਤੇ ਪਲਟ ਕੇ ਮਾਸਟਰ ਬਲਾਸਟਰ ਵੀ ਮੁਸਕਰਾਏ।
ਸਚਿਨ ਤੇਂਦੁਲਕਰ ਨਾਲ ਸਹਿਵਾਗ ਦੀ ਗੱਲਬਾਤ
ਸਚਿਨ ਤੇਂਦੁਲਕਰ ਨੇ ਮੈਨੂੰ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਸੀਂ ਕਿਉਂ ਹੱਸ ਰਹੇ ਹੋ। ਮੈਂ ਪੁੱਛਿਆ ਕਿਉਂ? ਉਨ੍ਹਾਂ ਕਿਹਾ ਕਿ ਤੁਸੀਂ ਸੋਚ ਰਹੇ ਹੋ ਕਿ ਚੰਗਾ ਹੋਇਆ ਕਿ ਮੈਂ ਸੈਂਕੜਾ ਬਣਾਉਣ ਤੋਂ ਪਹਿਲਾਂ ਆਊਟ ਹੋ ਗਿਆ। ਜੇਕਰ ਮੈਂ ਸੈਂਕੜਾ ਜੜਿਆ ਹੁੰਦਾ ਤਾਂ ਅਸੀਂ ਹਾਰ ਸਕਦੇ ਸੀ। ਮੈਂ ਕਿਹਾ ਕਿ ਤੁਸੀਂ ਮੇਰਾ ਦਿਲ ਕਿਵੇਂ ਪੜ੍ਹਿਆ। ਤੁਸੀਂ ਦੋ ਸੈਂਕੜੇ ਜੜੇ, ਇਕ ਵਿੱਚ ਅਸੀਂ ਮੈਚ ਹਾਰ ਗਏ ਅਤੇ ਦੂਜੇ ਵਿਚ ਮੈਚ ਡਰਾਅ ਹੋ ਗਿਆ। ਰੱਬ ਦਾ ਸ਼ੁਕਰ ਹੈ ਕਿ ਤੁਸੀਂ ਸੈਂਕੜਾ ਨਹੀਂ ਜੜਿਆ ਤੇ ਅਸੀਂ ਵਿਸ਼ਵ ਕੱਪ ਜਿੱਤਣ ਵਿਚ ਸਫਲ ਰਹੇ।
ਭਾਰਤ ਬਣਿਆ ਚੈਂਪੀਅਨ
ਤੁਹਾਨੂੰ ਯਾਦ ਕਰਾ ਦੇਈਏ ਕਿ ਸੈਮੀਫਾਈਨਲ ‘ਚ ਪਾਕਿਸਤਾਨ ਨੂੰ ਹਰਾ ਕੇ ਟੀਮ ਇੰਡੀਆ ਨੇ 2 ਅਪ੍ਰੈਲ 2011 ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸ਼੍ਰੀਲੰਕਾ ਨੂੰ ਹਰਾ ਕੇ ਵਿਸ਼ਵ ਕੱਪ ਦੀ ਟਰਾਫੀ ਆਪਣੇ ਨਾਂ ਕੀਤੀ ਸੀ। ਭਾਰਤੀ ਟੀਮ ਨੇ ਵਨਡੇ ਫਾਰਮੈਟ ‘ਚ 28 ਸਾਲ ਦਾ ਸੋਕਾ ਖਤਮ ਕਰਦੇ ਹੋਏ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਸਚਿਨ ਤੇਂਦੁਲਕਰ ਨੇ ਆਪਣੇ ਛੇਵੇਂ ਵਿਸ਼ਵ ਕੱਪ ‘ਚ ਚੈਂਪੀਅਨ ਬਣ ਕੇ ਪਹਿਲੀ ਵਾਰ ਟਰਾਫੀ ਜਿੱਤੀ।
ਇਸ ਵਾਰ ਰੋਹਿਤ ਬ੍ਰਿਗੇਡ ਤੋਂ ਉਮੀਦ
ਟੀਮ ਇੰਡੀਆ ਨੂੰ ਵਨਡੇ ਵਿਸ਼ਵ ਕੱਪ 2023 ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਵਿਸ਼ਵ ਕੱਪ 2023 ਦੀ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸ਼ਕਤੀਸ਼ਾਲੀ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਟੀਮ ਇੰਡੀਆ ਬੁੱਧਵਾਰ ਨੂੰ ਅਫਗਾਨਿਸਤਾਨ ਨੂੰ ਹਰਾਉਣ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ। ਭਾਰਤੀ ਟੀਮ 12 ਸਾਲਾਂ ਦੇ ਸੋਕੇ ਨੂੰ ਖਤਮ ਕਰਕੇ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰੇਗੀ।



