ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤੀ ਅਰਥ ਵਿਵਸਥਾ ਚਾਲੂ ਵਿੱਤੀ ਸਾਲ ‘ਚ 6.3 ਫੀਸਦੀ ਦੀ ਦਰ ਨਾਲ ਵਿਕਾਸ ਕਰ ਸਕਦੀ ਹੈ। ਇਸ ਦਾ ਕਾਰਨ ਦੇਸ਼ ਵਿੱਚ ਲਗਾਤਾਰ ਵੱਧ ਰਿਹਾ ਨਿਵੇਸ਼ ਅਤੇ ਵਧਦੀ ਘਰੇਲੂ ਮੰਗ ਹੈ। ਵਿਸ਼ਵ ਬੈਂਕ ਵੱਲੋਂ ਮੰਗਲਵਾਰ ਨੂੰ ਜਾਰੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਭਾਰਤੀ ਅਰਥ ਵਿਵਸਥਾ ‘ਚ ਸਥਿਰਤਾ
ਵਿਸ਼ਵ ਬੈਂਕ ਦੀ ਇੰਡੀਆ ਡਿਵੈਲਪਮੈਂਟ ਅਪਡੇਟ (ਆਈਡੀਯੂ) ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਅਰਥ ਵਿਵਸਥਾ ਵਿਸ਼ਵ ਅਰਥ ਵਿਵਸਥਾ ਦੇ ਮੁਕਾਬਲੇ ਲਚਕੀਲੀ ਬਣੀ ਹੋਈ ਹੈ। ਇਸ ਕਾਰਨ ਭਾਰਤੀ ਅਰਥਚਾਰੇ ਦੀ ਰਫ਼ਤਾਰ ਬਰਕਰਾਰ ਰਹੇਗੀ।
ਘਟੇਗੀ ਮਹਿੰਗਾਈ
ਵਿਸ਼ਵ ਬੈਂਕ ਨੇ ਕਿਹਾ ਕਿ ਦੱਖਣੀ ਏਸ਼ੀਆ ਖੇਤਰ ਦੇ ਵਿਕਾਸ ਵਿਚ ਭਾਰਤ ਦਾ ਸਭ ਤੋਂ ਵੱਡਾ ਹਿੱਸਾ ਹੋਵੇਗਾ। ਵਿੱਤੀ ਸਾਲ 2023-24 ‘ਚ ਭਾਰਤ 6.3 ਫੀਸਦੀ ਦੀ ਦਰ ਨਾਲ ਵਿਕਾਸ ਕਰ ਸਕਦਾ ਹੈ। ਮਹਿੰਗਾਈ ਦੇ ਮੋਰਚੇ ‘ਤੇ ਰਿਪੋਰਟ ‘ਚ ਕਿਹਾ ਗਿਆ ਹੈ ਕਿ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ‘ਚ ਗਿਰਾਵਟ ਆ ਸਕਦੀ ਹੈ। ਸਰਕਾਰ ਵੱਲੋਂ ਚੁੱਕੇ ਗਏ ਢੁੱਕਵੇਂ ਕਦਮਾਂ ਤੇ ਸਪਲਾਈ ਵਿਚ ਵਾਧੇ ਕਾਰਨ ਕੀਮਤਾਂ ‘ਚ ਕਮੀ ਆਵੇਗੀ।
IBI MPC ਦੀ ਮੀਟਿੰਗ
ਵਿਆਜ ਦਰਾਂ ਦੀ ਸਮੀਖਿਆ ਕਰਨ ਲਈ RBI MPC ਦੀ ਦੋ-ਮਾਸਿਕ ਬੈਠਕ ਇਸ ਹਫਤੇ 4 ਅਕਤੂਬਰ ਤੋਂ 6 ਅਕਤੂਬਰ ਤੱਕ ਹੋਣੀ ਹੈ। RBI MPC ਦੇ ਫੈਸਲਿਆਂ ਦਾ ਐਲਾਨ RBI ਦੇ ਗਵਰਨਰ ਸ਼ਕਤੀਕਾਂਤ ਦਾਸ 6 ਅਕਤੂਬਰ ਨੂੰ ਕਰਨਗੇ। ਇਸ ਵਾਰ ਵੀ ਇਸ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਰਿਜ਼ਰਵ ਬੈਂਕ ਵੱਲੋਂ ਰੇਪੋ ਦਰ ਨੂੰ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਜਾਵੇਗਾ।
ਮਹਿੰਗਾਈ ਨੂੰ ਘਟਾਉਣ ਲਈ, ਮਈ 2022 ਤੋਂ ਫਰਵਰੀ 2023 ਤੱਕ ਆਰਬੀਆਈ ਦੁਆਰਾ ਰੇਪੋ ਦਰ ਵਿੱਚ 2.5 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਇਸ ਕਾਰਨ ਰੈਪੋ ਦਰ 4.00 ਫੀਸਦੀ ਤੋਂ ਵਧ ਕੇ 6.50 ਫੀਸਦੀ ਹੋ ਗਈ ਹੈ।



