ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੇ ਤਹਿਸੀਲ ਰੋਡ ‘ਤੇ ਸਥਿਤ ਇਕਲੌਤੀ ਚਰਚ ‘ਚ ਬੀਤੀ ਰਾਤ ਚੋਰਾਂ ਨੇ ਧਾਵਾ ਬੋਲਿਆ। ਦੇਰ ਰਾਤ ਇਸ ਚੋਰਾਂ ਨੇ ਚਰਚ ਦੇ ਜਿੰਦਰੇ ਤੋੜ ਕੇ ਗੋਲਕ ‘ਚ ਪਈ ਹਜ਼ਾਰਾਂ ਦੀ ਨਕਦੀ ਚੁੱਕ ਲਈ। ਇਹੀ ਨਹੀਂ ਚਰਚ ‘ਚ ਲੱਗੇ ਸਪੀਕਰ ਸਿਸਟਮ ਦਾ ਐਂਪਲੀਫਾਈਲਰ ਵੀ ਚੋਰੀ ਕਰਕੇ ਲੈ ਗਏ। ਅੱਜ ਸਵੇਰੇ ਚਰਚ ‘ਚ ਹੋਈ ਚੋਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਚਰਚ ਦਾ ਇਕ ਸ਼ਰਧਾਲੂ ਕ੍ਰਿਸਮਸ ਦੇ ਚੱਲਦਿਆਂ ਰੋਜ਼ਾਨਾ ਵਾਂਗ ਭਜਨ ਲਗਾਉਣ ਆਇਆ ਸੀ।

ਉਸ ਨੇ ਚੋਰੀ ਸਬੰਧੀ ਮੈਂਬਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਪੁੱਜੇ ਜੋਨਸਨ ਮਸੀਹ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਪੁਲਿਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਸੁਖਵਿੰਦਰ ਸਿੰਘ, ਥਾਣੇਦਾਰ ਬਲਰਾਜ ਸਿੰਘ ਨੇ ਮੈਂਬਰਾਂ ਨਾਲ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਕ ਨੌਜਵਾਨ ਨਜ਼ਰ ਆਇਆ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜੇ ਵਿਚ ਲੈਂਦਿਆਂ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਉਧਰ ਚਰਚ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਚਰਚ ਦੀ ਗੋਲਕ ਹਰ ਸਾਲ ਇਕ ਵਾਰ ਕ੍ਰਿਸਮਸ ਤੋਂ ਬਾਅਦ ਖੋਲ੍ਹੀ ਜਾਂਦੀ ਹੈ। ਇਸ ਵਾਰ ਉਸ ਤੋਂ ਪਹਿਲਾਂ ਹੀ ਚੋਰੀ ਦੀ ਇਹ ਵਾਰਦਾਤ ਵਾਪਰ ਗਈ। ਉਨ੍ਹਾਂ ਦੇ ਅੰਦਾਜ਼ੇ ਅਨੁਸਾਰ ਗੋਲਕ ‘ਚ 20 ਤੋਂ 25 ਹਜ਼ਾਰ ਰੁਪਏ ਨਕਦੀ ਸੀ।