ਪੀਟੀਆਈ, ਬੈਂਗਲੁਰੂ : ਬੈਂਗਲੁਰੂ ‘ਚ ਪਤੀ-ਪਤਨੀ ‘ਚ ਲੜਾਈ ਹੋਈ, ਜਿਸ ‘ਚ ਪਤੀ ਨੇ ਪਤਨੀ ਦਾ ਫੋਨ ਤੋੜ ਦਿੱਤਾ। ਇਸ ਤੋਂ ਪਤਨੀ ਗੁੱਸੇ ‘ਚ ਆ ਗਈ ਅਤੇ ਬਦਲਾ ਲੈਣ ਲਈ ਉਸ ਨੇ ਆਪਣੇ ਪਤੀ ਦੇ ਮੋਬਾਈਲ ਨੰਬਰ ਤੋਂ ਪੁਲਿਸ ਅਧਿਕਾਰੀ ਨੂੰ ਬੰਬ ਦੀ ਧਮਕੀ ਭਰਿਆ ਸੁਨੇਹਾ ਭੇਜਿਆ। ਇਸ ਮਾਮਲੇ ‘ਚ ਪੁਲਿਸ ਨੇ ਹੁਣ 32 ਸਾਲਾ ਔਰਤ (ਪਤਨੀ) ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਮੁਤਾਬਕ ਪਤੀ ਨੂੰ ਆਪਣੀ ਪਤਨੀ ਦੇ ਸੋਸ਼ਲ ਮੀਡੀਆ ਦੋਸਤਾਂ ਦਾਪਤਾ ਲੱਗਾ। ਪਤੀ ਨੇ ਇਸ ‘ਤੇ ਇਤਰਾਜ਼ ਕੀਤਾ ਅਤੇ ਪਤਨੀ ਦਾ ਫੋਨ ਤੋੜ ਦਿੱਤਾ। ਇਸ ਨਾਲ ਔਰਤ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਬਦਲਾ ਲੈਣ ਦਾ ਫ਼ੈਸਲਾ ਕੀਤਾ।
ਜਦੋਂ ਔਰਤ ਨੇ ਇਹ ਗੱਲ ਬਿਹਾਰ ‘ਚ ਰਹਿੰਦੇ ਆਪਣੇ ਮਰਦ ਦੋਸਤ ਨੂੰ ਦੱਸੀ ਤਾਂ ਔਰਤ ਦੇ ਦੋਸਤ ਨੇ ਇਕ ਹੋਰ ਵਿਅਕਤੀ ਨਾਲ ਮਿਲ ਕੇ ਔਰਤ ਦੇ ਪਤੀ ਨੂੰ ਫਸਾਉਣ ਦੀ ਯੋਜਨਾ ਬਣਾਈ। ਇਸ ਦੌਰਾਨ ਜਦੋਂ ਔਰਤ ਨੂੰ ਆਪਣੇ ਪਤੀ ਦਾ ਫੋਨ ਆਇਆ ਤਾਂ ਉਸ ਦੇ ਦੋਸਤ ਨੇ ਉਸ ਨੂੰ ਬੰਬ ਦੀ ਧਮਕੀ ਵਾਲਾ ਸੰਦੇਸ਼ ਭੇਜਣ ਦੀ ਯੋਜਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਔਰਤ ਨੇ ਅਜਿਹਾ ਹੀ ਕੀਤਾ।
3 ਦਸੰਬਰ ਨੂੰ, ਆਪਣੇ ਦੋਸਤ ਦੇ ਕਹਿਣ ‘ਤੇ, ਔਰਤ ਨੇ ਆਪਣੇ ਪਤੀ ਦੇ ਫ਼ੋਨ ਤੋਂ ਪੁਲਿਸ ਅਧਿਕਾਰੀ ਨੂੰ ਬੰਬ ਦੀ ਝੂਠੀ ਧਮਕੀ ਭੇਜੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ਼ਹਿਰ ਵਿੱਚ ਕਈ ਆਰਡੀਐਕਸ ਬੰਬ ਧਮਾਕੇ ਕੀਤੇ ਜਾਣਗੇ। ਇਸ ਤੋਂ ਬਾਅਦ ਪਤਨੀ ਨੇ ਪਤੀ ਦੇ ਨੰਬਰ ਤੋਂ ਮੈਸੇਜ ਹਿਸਟਰੀ ਡਿਲੀਟ ਕਰ ਦਿੱਤੀ, ਤਾਂ ਜੋ ਪਤੀ ਨੂੰ ਪਤਾ ਨਾ ਲੱਗ ਸਕੇ।
ਇਸ ਮਾਮਲੇ ‘ਚ ਪੁਲਿਸ ਨੇ ਪਤਨੀ ਨੂੰ ਹਿਰਾਸਤ ‘ਚ ਲੈ ਲਿਆ ਅਤੇ ਪੁੱਛਗਿੱਛ ਦੌਰਾਨ ਔਰਤ ਨੇ ਸਾਰੀ ਕਹਾਣੀ ਦੱਸ ਦਿੱਤੀ। ਔਰਤ ਨੇ ਕਬੂਲ ਕੀਤਾ ਕਿ ਉਸ ਨੇ ਫੋਨ ਤੋੜਨ ਦਾ ਬਦਲਾ ਲੈਣ ਲਈ ਆਪਣੇ ਪਤੀ ਨੂੰ ਧਮਕੀ ਭਰਿਆ ਸੰਦੇਸ਼ ਭੇਜਿਆ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ ਮਹਿਲਾ ਅਤੇ ਉਸਦੇ ਦੋਸਤਾਂ ਦੇ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ-ਨਾਲ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


