Skip to content
Tuesday, October 27, 2026 7°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਗੁੱਗੂ ਗਿੱਲ ਤੇ ਯੋਗਰਾਜ ਸਿੰਘ ਡੇਢ ਦਹਾਕੇ ਬਾਅਦ ਮੁੜ ਐਕਸ਼ਨ ‘ਚ

By Admin Published 3 min read

ਪੰਜਾਬੀ ਸਿਨੇਮੇ ਦੇ ਬੜਕਾਂ ਵਾਲੇ ਦੌਰ ਦੀਆਂ ਫ਼ਿਲਮਾਂ ਦੀ ਚਰਚਿਤ ਜੋੜੀ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਤਕਰੀਬਨ 16 ਸਾਲਾਂ ਦੇ ਵੱਡੇ ਵਕਫ਼ੇ ਬਾਅਦ ਇੱਕ ਵਾਰ ਫਿਰ 25 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ’25 ਕਿੱਲੇ’ ਰਾਹੀਂ ਮੁੜ ਦਰਸ਼ਕਾਂ ਦੇ ਰੂਬਰੂ ਹੋਵੇਗੀ। ਗੁੱਗੂ ਗਿੱਲ ਤੇ ਯੋਗਰਾਜ ਸਿੰਘ ਲੰਬੇ ਅਰਸੇ ਤੋਂ ਪੰਜਾਬੀ ਫ਼ਿਲਮਾਂ ‘ਚ ਸ਼ਾਨਦਾਰ ਭੂਮਿਕਾਵਾਂ ਨਿਭਾ ਰਹੇ ਹਨ ਪਰ ਜਦੋਂ ਤੋਂ ਇਨ੍ਹਾਂ ਦੇ ਇਕੱਠੇ ਕੰਮ ਕਰਨ ਦੀ ਖਬਰ ਪੰਜਾਬੀ ਫ਼ਿਲਮ ਪ੍ਰੇਮੀਆਂ ਦੇ ਕੰਨੀਂ ਪਈ ਤਾਂ ਉਹ ਉਸ ਵੇਲੇ ਤੋਂ ਹੀ 25 ਕਿੱਲੇ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਗੁੱਗੂ ਗਿੱਲ ਨੇ ਯੋਗਰਾਜ ਸਿੰਘ ਨਾਲ ’25 ਕਿੱਲੇ’ ਫ਼ਿਲਮ ‘ਚ ਇੱਕਠੇ ਕੰਮ ਕਰਨ ਬਾਰੇ ਦੱਸਿਆ ਕਿ ਉੇਨ੍ਹਾਂ ਦੀ ਜੋੜੀ ਨੂੰ ਲੈ ਕੇ ਲੰਬੇ ਅਰਸੇ ਤੋਂ ਕੋਈ ਢੁੱਕਵੀਂ ਕਹਾਣੀ ਨਹੀਂ ਮਿਲ ਰਹੀ ਸੀ। ਜਿਉਂ ਹੀ ਉਨ੍ਹਾਂ ਨੂੰ ਸਿਮਰਨਜੀਤ ਹੁੰਦਲ, ਸੁਰਮੀਤ ਮਾਵੀ ਤੇ ਹਰੀਸ਼ ਗਾਰਗੀ ਦੁਆਰਾ ਲਿਖੀ ਮਿਆਰੀ ਫ਼ਿਲਮ ਦੀ ਕਹਾਣੀ ਸੁਣਾਈ ਗਈ ਤਾਂ ਉਨ੍ਹਾਂ ’25 ਕਿੱਲੇ’ ਫ਼ਿਲਮ ਰਾਹੀਂ ਯੋਗਰਾਜ ਸਿੰਘ ਨਾਲ ਮੁੜ ਕੰਮ ਕਰਨ ‘ਚ ਦੇਰ ਨਾ ਲਗਾਈ। ਗੁੱਗੂ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ ਇਕ ਸਾਂਝੇ ਪਰਿਵਾਰ ਦੇ ਪਿਆਰ ਅਤੇ ਮਿਹਨਤ ਨਾਲ ਅੱਗੇ ਵਧਣ ਦਾ ਸੰਦੇਸ਼ ਦਿੰਦੀ ਹੈ। ਇਸ ਸ਼ਰੀਫ ਪਰਿਵਾਰ ਨੂੰ ਬੇਵਜ੍ਹਾ ਤੰਗ-ਪ੍ਰੇਸ਼ਾਨ ਕਰਕੇ, ਲੜਨ ਭਿੜਨ ਲਈ ਮਜਬੂਰ ਕਰਨ ਵਾਲੇ ਹਾਲਾਤ ਨਾਲ ਫ਼ਿਲਮ ਦੀ ਕਹਾਣੀ ਅੱਗੇ ਵਧਦੀ ਹੈ। ਆਪਣੇ ਕਿਰਦਾਰ ਬਾਰੇ ਗੂੱਗੂ ਗਿੱਲ ਨੇ ਦੱਸਿਆ ਕਿ ਇਸ ਫ਼ਿਲਮ ‘ਚ ਉਸ ਨੇ ਇੱਕ ਅਜਿਹੇ ਵੱਡੇ ਭਰਾ ਦੀ ਭੂਮਿਕਾ ਨਿਭਾਈ ਹੈ ਜੋ ਆਪਣੇ ਛੋਟੇ ਤਿੰਨ ਭਰਾਵਾਂ ਨੂੰ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਬਹੁਤ ਲਾਡ-ਪਿਆਰ ਨਾਲ ਰੱਖਦਾ ਹੈ ਅਤੇ ਜੀਵਨ ਦੇ ਹਰੇਕ ਖੇਤਰ ‘ਚ ਅਗਵਾਈ ਦਿੰਦਾ ਹੈ। ਉਨ੍ਹਾਂ ਦਾ ਪਰਿਵਾਰ ਖੇਤੀਬਾੜੀ ਦੇ ਨਾਲ-ਨਾਲ ਘੋੜਿਆਂ ਦਾ ਵਪਾਰ ਕਰਕੇ ਵਧੀਆਂ ਜ਼ਿੰਦਗੀ ਬਸਰ ਕਰਦਾ ਹੈ। ਗੁੱਗੂ ਗਿੱਲ ਦੇ ਛੋਟੇ ਭਰਾਵਾਂ ਦੀਆਂ ਭੂਮਿਕਾਵਾਂ ਵਿਕਰਮ ਰਾਂਝਾ, ਲਖਵਿੰਦਰ ਲੱਖਾ ਤੇ ਜਿੰਮੀ ਸ਼ਰਮਾ ਨੇ ਨਿਭਾਈਆਂ ਹਨ। ਦੂਸਰੇ ਪਾਸੇ ਯੋਗਰਾਜ ਸਿੰਘ ਤੇ ਹੌਬੀ ਧਾਲੀਵਾਲ ਹੋਰਾਂ ਦਾ ਪਰਿਵਾਰ, ਗੁੱਗੂ ਗਿੱਲ ਹੋਰਾਂ ਦੇ ਪਰਿਵਾਰ ਨੂੰ ਲੜਾਈ-ਝਗੜਿਆਂ ਲਈ ਮਜਬੂਰ ਕਰਦਾ ਹੈ। ਜਿਸ ਕਾਰਨ ਗੁੱਗੂ ਗਿੱਲ ਹੋਰਾਂ ਦੀ ਸ਼ਰਾਫਤ ਦਾ ਬੰਨ੍ਹ ਟੁੱਟ ਜਾਂਦਾ ਹੈ ਅਤੇ ਉਹ ਸਾਰੇ ਭਰਾ ਮਿਲ ਕੇ ਵਿਰੋਧੀਆਂ ਨੂੰ ਜਵਾਬ ਦਿੰਦੇ ਹਨ। ਗੁੱਗੂ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ ਇੱਕ ਐਕਸ਼ਨ ਭਰਪੂਰ ਫ਼ਿਲਮ ਹੈ। ਜਿਸ ਵਿੱਚ ਹਰ ਵਰਗ ਦੇ ਦਰਸ਼ਕਾਂ ਦਾ ਧਿਆਨ ਰੱਖਿਆ ਗਿਆ ਹੈ। ਜੈਦੇਵ ਕੁਮਾਰ ਦੇ ਸੰਗੀਤਬੱਧ ਕੀਤੇ ਗੀਤ ਕਾਫੀ ਹਰਮਨ-ਪਿਆਰੇ ਹੋ ਰਹੇ ਹਨ। ਗੁੱਗੂ ਗਿੱਲ ਦਾ ਕਹਿਣਾ ਹੈ, ‘ਅੱਜ ਪੰਜਾਬੀ ਫ਼ਿਲਮਾਂ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਹੈ। ਕਿਸੇ ਸਮੇਂ ਪੰਜਾਬੀ ਫ਼ਿਲਮਾਂ ਨੂੰ ਪੇਂਡੂ ਦਰਸ਼ਕ ਹੀ ਦੇਖਦੇ ਸਨ ਪਰ ਅੱਜ ਕੀ ਸ਼ਹਿਰੀ ਤੇ ਕੀ ਪੇਂਡੂ, ਹਰੇਕ ਵਰਗ ਦਾ ਦਰਸ਼ਕ ਪੰਜਾਬੀ ਫ਼ਿਲਮਾਂ ਦੇਖਦਾ ਹੈ। ਹਿੰਦੀ ਫ਼ਿਲਮੀ ਅਦਾਕਾਰ ਵੀ ਪੰਜਾਬੀ ਫ਼ਿਲਮਾਂ ‘ਚ ਚੰਗੀਆਂ ਭੂਮਿਕਾਵਾਂ ਨਿਭਾਉਣ ਲਈ ਤੱਤਪਰ ਰਹਿੰਦੇ ਹਨ।’ ਗੁੱਗੂ ਗਿੱਲ ਨੇ ਦੱਸਿਆ, ‘ਉਨ੍ਹਾਂ ਦੀ ਅਗਲੀ ਫ਼ਿਲਮ ‘ਸਰਦਾਰ ਸਾਹਿਬ’ ‘ਚ ਜੈਕੀ ਸ਼ਰਾਫ ਉਨ੍ਹਾਂ ਦੇ ਵੱਡੇ ਭਰਾ ਦੀ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਹੋਰ ਫ਼ਿਲਮਾਂ ਵੀ ਨਿਰਮਾਣ ਅਧੀਨ ਹਨ।’ ਗੁੱਗੂ ਗਿੱਲ ਨੇ ਦੱਸਿਆ, ‘ਉਨ੍ਹਾਂ ਨੂੰ ਉਮੀਦ ਹੈ ਕਿ 25 ਕਿੱਲੇ ਫ਼ਿਲਮ ਪੰਜਾਬੀ ਸਿਨੇਮੇ ਨੂੰ ਹੋਰ ਵੀ ਮਿਆਰ ਬਖਸ਼ੇਗੀ।’

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp