Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਕੋਈ ਕੀ ਖਾਵੇ, ਕੀ ਨਾ ਖਾਵੇ, ਦਾ ਹੁਕਮ ਦੇਣਾ ਸਾਡਾ ਸੱਭਿਆਚਾਰ ਨਹੀਂ : ਮੋਦੀ

By Admin Published 5 min read

ਨਵੀਂ ਦਿੱਲੀ/ਸ੍ਰੀਨਗਰ:–ਸੰਘ ਅਤੇ ਭਾਜਪਾ ਦੇ ਕੱਟੜ ਆਗੂਆਂ ਦੇ ਦਬਾਅ ਹੇਠ ਜੰਮੂ ਕਸ਼ਮੀਰ, ਗਊ ਮਾਸ ਅਤੇ ਗਊਆਂ ਦੀ ਰੱਖਿਆ ਦੇ ਨਾਲ-ਨਾਲ ਸਹਿਣਸ਼ੀਲਤਾ ਦੇ ਮਾਮਲੇ ਵਿੱਚ ਆਪਣੀਆਂ ਹੀ ਮਨ ਦੀਆਂ ਕਰਨ ‘ਤੇ ਉਤਾਰੂ ਕੇਂਦਰ ਦੀ ਮੋਦੀ ਸਰਕਾਰ ਹਵਾ ਦਾ ਰੁੱਖ ਦੇਖ ਕੇ ਹੁਣ ਵਿਵਾਦਤ ਮਾਮਲਿਆਂ ਬਾਰੇ ਸਮਝੌਤੇ ਵਾਲੀ ਪਹੁੰਚ ਅਖਤਿਆਰ ਕਰਨ ਲਈ ਮਜ਼ਬੂਰ ਹੋ ਗਈ ਹੈ। ਸਰਕਾਰ ਵੱਲੋਂ ਇਨ੍ਹਾਂ ਵਿਵਾਦਤ ਮਾਮਲਿਆਂ ‘ਤੇ ਯੂ ਟਰਨ ਲੈਣ ਲਈ ਲੰਘਿਆ ਸੋਮਵਾਰ ਦਾ ਦਿਨ ਮਹੱਤਵਪੂਰਨ ਰਿਹਾ। ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨ ਭਵਨ ਵਿੱਚ ਨੌਜਵਾਨ ਭਾਰਤ, ਨਵਾਂ ਭਾਰਤ ਵਿਸ਼ੇ ‘ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਖਾਣ-ਪੀਣ ਨੂੰ ਲੈ ਕੇ ਚੱਲ ਰਹੀ ਬਹਿਸ ਬੇਅਰਥ ਹੈ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਵੀ ਕਿਹਾ ਸੀ ਕਿ ਕੌਣ ਕੀ ਖਾਵੇ ਅਤੇ ਕੀ ਨਾ ਖਾਵੇ? ਇਹ ਫੈਸਲਾ ਕਰਨਾ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੋ ਸਕਦਾ।

ਮੋਦੀ ਨੇ ਕਿਹਾ ਕਿ ਅਸੀਂ ਸਮੇਂ ਅਨੁਸਾਰ ਬਦਲ ਜਾਣ ਦੇ ਪੱਖ ਵਿੱਚ ਹਾਂ। ਮੋਦੀ ਨੇ ਇਹ ਵੀ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਸਾਰੀ ਦੁਨੀਆਂ ਨੂੰ ਸਪੱਸ਼ਟ ਕਹਿ ਦਿੱਤਾ ਸੀ ਕਿ ਖਾਣ-ਪੀਣ ਦਾ ਮਾਮਲਾ ਸਮਾਜਿਕ ਵਿਵਸਥਾ ਦੇ ਤਹਿਤ ਆ ਸਕਦਾ ਹੈ, ਪਰ ਸੱਭਿਆਚਾਰ ਵਿੱਚ ਸ਼ਾਮਲ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਖੁਦ ਉਸ ਧਰਮ ਨੂੰ ਮੰਨਣ ਵਾਲੇ ਲੋਕ ਹਾਂ, ਜਿਸ ਧਰਮ ਦੇ ਲੋਕ ਸਾਰਿਆਂ ਵਿੱਚ ਆਪਣਾ ਹੀ ਰੂਪ ਦੇਖਦੇ ਹਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ਸਵਾਮੀ ਵਿਵੇਕਾਨੰਦ ਵੱਲੋਂ ਵਿਸ਼ਵ ਪ੍ਰਸਿੱਧ ਸ਼ਿਕਾਗੋ ਭਾਸ਼ਣ ਦੀ 125ਵੀਂ ਵਰ੍ਹੇਗੰਢ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਸਾਲ 2001 ਵਿੱਚ ਹੋਏ 9/11 ਦੇ ਹਮਲੇ ਨੂੰ ਯਾਦ ਕਰ ਰਿਹਾ ਹੈ, ਪਰ ਭਾਰਤ ਨੇ 125 ਸਾਲ ਪਹਿਲਾਂ ਸ਼ਿਕਾਗੋ ਵਿੱਚ 9/11 ਕਰਕੇ ਸਮੁੱਚੀ ਦੁਨੀਆਂ ਨੂੰ ਕੰਬਾ ਦਿੱਤਾ ਸੀ। ਉਸ ਸਮੇਂ ਵਿਵੇਕਾਨੰਦ ਨੇ ਆਪਣੇ ਭਾਸ਼ਣ ਰਾਹੀਂ ਅਜਿਹੀ ਊਰਜਾ ਭਰੀ ਸੀ ਕਿ ਉਸ ਦੀ ਸ਼ਕਤੀ ਅੱਜ ਵੀ ਸਾਨੂੰ ਭਰਪੂਰ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਨੌਜਵਾਨਾਂ ਵੱਲੋਂ ਕਾਲਜਾਂ, ਯੂਨੀਵਰਸਿਟੀਆਂ ਵਿੱਚ ਗੁਲਾਬ ਦਿਵਸ ਮਨਾਉਣ ਦਾ ਵਿਰੋਧੀ ਨਹੀਂ ਹਾਂ, ਪਰ ਸਾਨੂੰ ਉਹ ਦਿਨ ਵੀ ਮਨਾਉਣੇ ਚਾਹੀਦੇ ਹਨ, ਜੋ ਸਾਡੀ ਕੌਮੀ ਏਕਤਾ ਨੂੰ ਮਜ਼ਬੂਤ ਬਣਾਉਣ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸੁਭਾਸ਼ ਚੰਦਰ ਬੋਸ ਅਤੇ ਸਵਾਮੀ ਵਿਵੇਕਾਨੰਦ ਦੇ ਦਿਹਾੜੇ ਮਨਾਉਂਦਿਆਂ ਸਾਨੂੰ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਵੀ ਗੰਭੀਰ ਹੋਣਾ ਚਾਹੀਦਾ ਹੈ।
ਵੰਦੇ ਮਾਤਰਮ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਸਾਨੂੰ ਵੰਦੇ ਮਾਤਰਮ ਉਸ ਹਾਲਤ ਵਿੱਚ ਕਹਿਣ ਦਾ ਕੋਈ ਹੱਕ ਨਹੀਂ, ਜਦੋਂ ਸਾਡੇ ਮੂੰਹ ਵਿੱਚ ਪਾਨ ਭਰੀ ਹੋਵੇ ਅਤੇ ਅਸੀਂ ਇਸ ਦੀ ਪਿਚਕਾਰੀ ਮਾਰ ਕੇ ਵੰਦੇ ਮਾਤਰਮ ਕਹੀਏ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੋਈ ਨਸ਼ਿਆਂ ਵਿੱਚ ਡੁੱਬਿਆ ਰਹੇ, ਭਾਰਤ ਮਾਂ ਉੱਪਰ ਚਿੱਕੜ ਸੁੱਟਦਾ ਰਹੇ, ਉਸ ਦਾ ਵੰਦੇ ਮਾਤਰਮ ਕਹਿਣਾ ਵੀ ਸਾਨੂੰ ਮਨਜੂਰ ਨਹੀਂ ਹੈ। ਮੋਦੀ ਨੇ ਕਿਹਾ ਕਿ ਅੱਜ ਸਾਡੇ ਆਲੇ ਦੁਆਲੇ ਗੰਦਗੀ ਦੀ ਭਰਮਾਰ ਹੈ। ਹਸਪਤਾਲਾਂ ਵਿੱਚ ਬਿਮਾਰਾਂ ਦੀ ਭਰਮਾਰ ਹੈ, ਸਰਕਾਰੀ ਦਫਤਰਾਂ, ਅਦਾਲਤਾਂ ਅਤੇ ਹੋਰ ਜਨਤਕ ਥਾਵਾਂ ਤੇ ਰਿਸ਼ਵਤਖੋਰੀ, ਭਰਿਸ਼ਟਾਚਾਰ ਦੀ ਭਰਮਾਰ ਹੈ। ਇਸ ਹਾਲਤ ਵਿੱਚ ਵੰਦੇ ਮਾਤਰਮ ਕਹਿਣਾ ਭਾਰਤ ਦੀ ਸ਼ੋਭਾ ਵਧਾਉਣ ਦੀ ਥਾਂ ਅਪਮਾਨ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਪੱਖੋਂ ਸਵੱਛ ਹੋ ਕੇ ਹੀ ਵੰਦੇ ਮਾਤਰਮ ਕਹਿਣ ਦਾ ਹੱਕ ਮਿਲ ਸਕਦਾ ਹੈ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿਮਰ ਹੋ ਕੇ ਨਵੇਂ ਭਾਰਤ ਦਾ ਨਿਰਮਾਣ ਕਰਨ ਦਾ ਸੱਦਾ ਦੇਣ ਦੇ ਇਸ ਭਾਸ਼ਣ ਦੇ ਨਾਲ ਹੀ ਜੰਮੂ ਕਸ਼ਮੀਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਕਸ਼ਮੀਰ ਮਸਲਾ ਹੱਲ ਕਰਨ ਲਈ ਹਰ ਕਿਸੇ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਇਸ ਤੋਂ ਕੁੱਝ ਸਮਾਂ ਪਹਿਲਾਂ ਕੇਂਦਰ ਸਰਕਾਰ ਇੱਥੋਂ ਤੱਕ ਕਿ ਸੁਪਰੀਮ ਕੋਰਟ ਵੀ ਇਸ ਗੱਲ ਤੇ ਅੜੀ ਹੋਈ ਸੀ ਕਿ ਵੱਖਵਾਦੀਆਂ ਨਾਲ ਜਾਂ ਪੱਥਰ ਮਾਰਨ ਵਾਲਿਆਂ ਨਾਲ ਕਿਸੇ ਵੀ ਹਾਲਤ ਵਿੱਚ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਅੱਜ ਰਾਜਨਾਥ ਸਿੰਘ ਨੇ ਕਿਹਾ ਕਿ ਕਸ਼ਮੀਰ ਵਿੱਚ ਅਮਨ ਸ਼ਾਂਤੀ ਦੀ ਬਹਾਰ ਲਿਆਉਣ ਵਾਲੇ ਦਰੱਖਤ ਹਾਲੇ ਸੁੱਕੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਮੈਨੂੰ ਅਮਨ ਸ਼ਾਂਤੀ ਦੇ ਦਰੱਖਤਾਂ ਉੱਪਰ ਨਵੇਂ ਪੱਤੇ ਨਿਕਲਦੇ ਵਿਖਾਈ ਦੇ ਰਹੇ ਹਨ। ਰਾਜਨਾਥ ਸਿੰਘ ਨੇ ਇਹ ਵੀ ਕਿਹਾ ਕਿ ਕਸ਼ਮੀਰ ਦੇ ਲੋਕ ਆਪਣਾ ਮੁਕੱਦਰ ਆਪਣੀ ਮਿਹਨਤ ਨਾਲ ਖੁਦ ਹੀ ਸੰਵਾਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਧਾਰਾ 35-ਏ ਦੇ ਮਾਮਲੇ ਵਿੱਚ ਅਸੀਂ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਦੇ ਖਿਲਾਫ ਬਿਲਕੁਲ ਨਹੀਂ ਜਾਵਾਂਗੇ।
ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਸ਼ਾਂਤੀ ਬਹਾਲੀ ਲਈ ਅਸੀਂ ਹਰ ਕਿਸੇ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੰਦਾ ਹਾਂ, ਜੋ ਲੋਕ ਕਸ਼ਮੀਰ ਸਮੱਸਿਆ ਦੇ ਹੱਲ ਲਈ ਸਾਡੀ ਮੱਦਦ ਕਰਨਾ ਚਾਹੁੰਦੇ ਹਨ। ਰਾਜਨਾਥ ਸਿੰਘ ਨੇ ਨਾਲ ਹੀ ਕਿਹਾ ਕਿ ਵਾਦੀ ਵਿੱਚ ਫੈਲੀ ਹਿੰਸਾ ਨੇ ਕਈ ਪੀੜ੍ਹੀਆਂ ਨੂੰ ਬਰਬਾਦ ਕੀਤਾ ਹੈ। ਗਰੀਬ ਲੋਕ ਇਸ ਦੇ ਸਭ ਤੋਂ ਵੱਧ ਸ਼ਿਕਾਰ ਹੋਏ ਹਨ। ਨਵੀਂ ਪੀੜ੍ਹੀ ਨੂੰ ਅਸੀਂ ਹੁਣ ਇਸ ਅੱਤਵਾਦ ਦਾ ਸ਼ਿਕਾਰ ਨਹੀਂ ਹੋਣ ਦੇਵਾਂਗੇ। ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਕਸ਼ਮੀਰ ਆਉਣ ਦਾ ਸੱਦਾ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦ ਦੀਆਂ ਘਟਨਾਵਾਂ ਨੂੰ ਸਮੁੱਚੇ ਵਿਸ਼ਵ ਦੇ ਸੈਲਾਨੀਆਂ ਨੂੰ ਡਰਾ ਦਿੱਤਾ ਹੈ ਕਿ ਇੱਥੋਂ ਦੇ ਹਾਲਾਤ ਠੀਕ ਨਹੀਂ ਹਨ। ਉਨ੍ਹਾਂ ਕਿਹਾ ਕਿ ਮੈਂ ਗਰੰਟੀ ਦਿੰਦਾ ਹਾਂ ਕਿ ਕਸ਼ਮੀਰ ਦੇ ਲੋਕ ਦੇਸ਼ ਵਿਦੇਸ਼ ਦੇ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ ਬੈਠੇ ਹਾਂ। ਕਸ਼ਮੀਰ ਦੇ ਲੋਕ ਇਸ ਵਾਦੀ ਨੂੰ ਫਿਰ ਤੋਂ ਜੰਨਤ ਬਣਾਉਣਾ ਚਾਹੁੰਦੇ ਹਾਂ। ਰਾਜਨਾਥ ਸਿੰਘ ਨੇ ਕਿਹਾ ਕਿ ਇੱਥੇ ਸ਼ਾਂਤੀ ਬਹਾਲੀ ਲਈ ਮੈਂ ਦੋ ਸਾਲਾਂ ਵਿੱਚ 3-4 ਵਾਰ ਆ ਚੁੱਕਿਆ ਹਾਂ ਅਤੇ ਜੇ ਲੋੜ ਪਈ ਤਾਂ 50 ਵਾਰ ਵੀ ਆਉਣ ਲਈ ਤਿਆਰ ਰਹਾਂਗਾ। ਉਨ੍ਹਾਂ ਕਿਹਾ ਕਿ ਕਿੰਨੀਆਂ ਵੀ ਰੁਕਾਵਟਾਂ ਆਉਣ, ਹਰ ਖਤਰਾ ਝੱਲ ਕੇ ਅਸੀਂ ਕਸ਼ਮੀਰ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹਾਂ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp