ਓਂਟਾਰੀਓ- ਕੈਨੇਡੀਅਨ ਐੱਮ.ਐੱਲ. ਏ. ਜਿਨੀ ਸਿਮਸ ਦਾ ਜੱਦੀ ਪਿੰਡ ਜਲੰਧਰ ਜ਼ਿਲੇ ਦੇ ਨੂਰਮਹਿਲ ਇਲਾਕੇ ਦਾ ਬੈਨਾਪੁਰ ਹੈ। ਉਨ੍ਹਾਂ ਦਾ ਜਨਮ 7 ਜੂਨ 1952 ਨੂੰ ਇਸੇ ਪਿੰਡ ਵਿਚ ਹੋਇਆ। 1962 ਵਿਚ ਉਹ ਆਪਣੇ ਪਰਿਵਾਰ ਨਾਲ ਇੰਗਲੈਂਡ ਚਲੇ ਗਏ ਸਨ, ਜਿਥੋਂ 1977 ਵਿਚ ਉਨ੍ਹਾਂ ਦਾ ਪਰਿਵਾਰ ਇੰਗਲੈਂਡ ਛੱਡ ਕੈਨੇਡਾ ਆ ਵੱਸਿਆ। ਜਿਨੀ ਸਿਮਸ ਦੇ ਪਿਤਾ ਸਿਆਸਤ ਵਿਚ ਰੂਚੀ ਰੱਖਦੇ ਸਨ, ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਿਮਸ ਨੇ ਸਿਆਸਤ ਵਿਚ ਆਉਣ ਦਾ ਫੈਸਲਾ ਲਿਆ। ਸ਼ੁਰੂ ਤੋਂ ਹੀ ਇਤਿਹਾਸ ਵਿਚ ਦਿਲਚਸਪੀ ਰੱਖਣ ਵਾਲੀ ਜਿਨੀ ਸਿਮਸ 2017 ਵਿਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ-ਪਨੋਰਮਾ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਵਲੋਂ ਵਿਧਾਇਕ ਚੁਣੀ ਗਈ, ਜਿਸ ਤੋਂ ਬਾਅਦ ਉਹ ਸਿਟੀਜ਼ਨ ਸਰਵੀਸਿਜ਼ ਮੰਤਰਾਲੇ ਦੀ ਮੰਤਰੀ ਚੁਣੀ ਗਈ।
ਜਗ ਬਾਣੀ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਅਤੇ ਨਰੇਸ਼ ਅਰੋੜਾ ਨੇ ਕੈਨੇਡਾ ਵਿਚ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ, ਜਿਸ ਦੌਰਾਨ ਆਪਣੇ ਹੱਕਾਂ ਪ੍ਰਤੀ ਲੜਨ ਦੀ ਗੱਲ ਕਰਦਿਆਂ ਜਿਨੀ ਸਿਮਸ ਨੇ ਕੈਨੇਡਾ ਦੀ ਸਿਆਸਤ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ। ਸਿਟੀਜ਼ਨ ਸਰਵੀਸਿਜ਼ ਮੰਤਰਾਲੇ ਬਾਰੇ ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਵਿਚ 62 ਸਰਵਿਸ ਸੈਂਟਰ ਹਨ, ਜਿਨ੍ਹਾਂ ਦਾ ਲੋਕ ਲਾਭ ਲੈ ਰਹੇ ਹਨ। ਲੋਕ ਸਰਕਾਰ ਦੀ ਹਰ ਤਰ੍ਹਾਂ ਦੀ ਸਰਵਿਸ ਲਈ ਇਨ੍ਹਾਂ ਸੈਂਟਰਾਂ ਨਾਲ ਸੰਪਰਕ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਸਿਰਫ 30 ਫੀਸਦੀ ਇਲਾਕੇ ਵਿਚ ਹਾਈ ਸਪੀਡ ਇੰਟਰਨੈੱਟ ਸੇਵਾਵਾਂ ਮੁਹੱਈਆ ਹਨ। ਕੈਨੇਡਾ ਵਿਚ ਭੰਗ ਨੂੰ ਮਾਨਤਾ ਮਿਲਣ ਦੇ ਮੁੱਦੇ ‘ਤੇ ਸਿਮਸ ਨੇ ਕਿਹਾ ਕਿ ਨਸ਼ਾ ਇਕ ਗੰਭੀਰ ਮਸਲਾ ਹੈ। ਸਾਰੀ ਇੰਟਰਵਿਊ ਦੇਖਣ ਲਈ ਉਪਰ ਦਿੱਤੀ ਵੀਡੀਓ ‘ਤੇ ਕਲਿੱਕ ਕਰੋ।