ਸਟੇਟ ਬਿਊਰੋ, ਜੰਮੂ : ਕਸ਼ਮੀਰ ਦੇ ਉੜੀ ’ਚ ਕੰਟਰੋਲ ਰੇਖਾ (ਐੱਲਓਸੀ) ’ਤੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ। ਦੋ ਧੜਿਆਂ ’ਚ ਅੱਤਵਾਦੀਆਂ ਦੀ ਤਲਾਸ਼ ਦੌਰਾਨ ਛੇ ਪਿਸਤੌਲ, ਚਾਰ ਹੱਥਗੋਲੇ ਸਮੇਤ ਹਥਿਆਰ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਕੰਟਰੋਲ ਰੇਖਾ ’ਤੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਫ਼ੌਜ ਦੇ ਸੂਤਰਾਂ ਮੁਤਾਬਕ ਸ਼ਨਿਚਰਵਾਰ ਰਾਤ ਹਨੇਰੇ ਦੀ ਆੜ ’ਚ ਉੜੀ ਸੈਕਟਰ ’ਚ ਕੰਟਰੋਲ ਰੇਖਾ ਤੋਂ ਘੁਸਪੈਠ ਕਰ ਰਹੇ ਅੱਤਵਾਦੀਆਂ ਨੂੰ ਫ਼ੌਜੀਆਂ ਨੇ ਘੇਰ ਲਿਆ। ਅੱਤਵਾਦੀਆਂ ਨੂੰ ਇਸ ਦੀ ਭਿਣਕ ਲੱਗ ਗਈ। ਉਨ੍ਹਾਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਨੇਰੇ ਅਤੇ ਸੰਘਣੀ ਧੁੰਦ ਦੀ ਆੜ ’ਚ ਅੱਤਵਾਦੀ ਗੋਲੀਬਾਰੀ ਕਰਦੇ ਹੋਏ ਭੱਜ ਗਏ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਦੂਰ-ਦੁਰਾਡੇ ਦਾ ਇਲਾਕਾ ਤੇ ਬਰਫ਼ਬਾਰੀ ਹੋਣ ਕਾਰਨ ਸੁਰੱਖਿਆ ਬਲਾਂ ਨੂੰ ਦਿੱਕਤਾਂ ਆਈਆਂ। ਐਤਵਾਰ ਦਿਨ ਭਰ ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ ਨਾਲ ਲੱਗਦੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਜਾਰੀ ਰੱਖੀ। ਇਲਾਕੇ ਦੀ ਤਲਾਸ਼ੀ ਲਈ ਡ੍ਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਅੱਤਵਾਦੀਆਂ ਦੀ ਗਿਣਤੀ ਤਿੰਨ ਤੋਂ ਪੰਜ ਹੈ, ਜਿਨ੍ਹਾਂ ਦੇ ਇਸੇ ਇਲਾਕੇ ’ਚ ਕਿਤੇ ਲੁਕੇ ਹੋਣ ਦਾ ਖ਼ਦਸ਼ਾ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਨੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ’ਚ 30 ਸਤੰਬਰ ਨੂੰ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।