ਜਾਗਰਣ ਬਿਊਰੋ, ਨਵੀਂ ਦਿੱਲੀ : ਛੇਤੀ ਹੀ ਦੇਸ਼ ਦੇ ਗ਼ਰੀਬਾਂ ਤੇ ਮੱਧ ਵਰਗ ਦੇ ਪਰਿਵਾਰਾਂ ਲਈ ਸਸਤੇ ਮੁੱਲ ’ਤੇ ਘਰ ਮੁਹਈਆਂ ਕਰਵਾਉਣ ਦੀ ਹੁਣ ਤਕ ਦੀ ਸਭ ਤੋਂ ਵੱਡੀ ਯੋਜਨਾ ਦਾ ਐਲਾਨ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ 2023 ਨੂੰ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ’ਚ ਇਸ ਯੋਜਨਾ ਦੀ ਜਾਣਕਾਰੀ ਦਿੱਤੀ ਸੀ। ਇਸ ਪਿੱਛੋਂ ਸਰਕਾਰ ਦੇ ਕਈ ਮੰਤਰਾਲਿਆਂ ਵੱਲੋਂ ਇਸ ਯੋਜਨਾ ਦਾ ਖ਼ਾਕਾ ਤਿਆਰ ਕੀਤਾ ਜਾ ਰਿਹਾ ਹੈ। ਸ਼ਨਿਚਰਵਾਰ ਨੂੰ ਪੀਐੱਮ ਮੋਦੀ ਨੇ ਯੋਜਨਾ ਦੀ ਸਮੀਖਿਆ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਸ ਯੋਜਨਾ ਦਾ ਆਕਾਰ 60 ਹਜ਼ਾਰ ਕਰੋੜ ਰੁਪਏ ਦਾ ਹੋਵੇਗਾ ਜਿਸ ਤਹਿਤ ਵੱਡੀ ਗਿਣਤੀ ’ਚ ਜਨਤਾ ਨੂੰ ਸਬਸਿਡੀ ਮਿਲੇਗੀ। ਛੇਤੀ ਹੀ ਪੰਜ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਅਗਲੇ ਸਾਲ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਇਸ ਯੋਜਨਾ ਨੂੰ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ।
ਲਾਲ ਕਿਲ੍ਹੇ ਤੋਂ ਪੀਐੱਮ ਮੋਦੀ ਨੇ ਕਿਹਾ ਸੀ ਕਿ ਮੱਧ ਵਰਗ ਦਾ ਆਦਮੀ ਆਪਣਾ ਮਕਾਨ ਖ਼ਰੀਦਣ ਦਾ ਸੁਪਨਾ ਦੇਖ ਰਿਹਾ ਹੈ। ਅਸੀਂ ਛੇਤੀ ਹੀ ਇਕ ਅਜਿਹੀ ਯੋਜਨਾ ਲੈ ਕੇ ਆਵਾਂਗੇ ਜੋ ਸ਼ਹਿਰਾਂ ’ਚ ਕਿਰਾਏ ਦੇ ਮਕਾਨ ਜਾਂ ਚਾਲਾਂ ਜਾਂ ਗ਼ੈਰ-ਕਾਨੂੰਨੀ ਕਾਲੋਨੀਆਂ ’ਚ ਰਹਿਣ ਵਾਲੇ ਪਰਿਵਾਰਾਂ ਨੂੰ ਫ਼ਾਇਦਾ ਪਹੁੰਚਾਏਗੀ। ਇਸ ਯੋਜਨਾ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਆਮਦਨ ਦੇ ਹਿਸਾਬ ਨਾਲ ਇਸ ਯੋਜਨਾ ਤਹਿਤ ਘਰੇਲੂ ਕਰਜ਼ ’ਚ ਸਬਸਿਡੀ ਦਿੱਤੀ ਜਾਵੇਗੀ। ਸਬਸਿਡੀ ਦੀ ਦਰ ਤਿੰਨ ਤੋਂ 6.5 ਪ੍ਰਤੀਸ਼ਤ ਹੋ ਸਕਦੀ ਹੈ। ਸਬਸਿਡੀ ਦੀ ਰਾਸ਼ੀ ਦੀ ਇਕ ਵੱਧ ਤੋਂ ਵੱਧ ਹੱਦ ਵੀ ਹੋਵੇਗੀ ਤੇ ਨਾਲ ਹੀ ਕਿੰਨੀ ਰਾਸ਼ੀ ਤੱਕ ਦੇ ਘਰਾਂ ’ਤੇ ਇਹ ਛੋਟ ਮਿਲੇਗੀ, ਇਸ ਨੂੰ ਵੀ ਤੈਅ ਕੀਤਾ ਜਾਵੇਗਾ। ਸ਼ੁਰੂਆਤ ’ਚ ਪੰਜ ਸਾਲਾਂ ’ਚ ਇਹ ਯੋਜਨਾ ਲਾਗੂ ਕੀਤੀ ਜਾਵੇਗੀ। ਵਧਦੀ ਮਹਿੰਗਾਈ ਤੋਂ ਪਰੇਸ਼ਾਨ ਮੱਧ ਵਰਗ ਨੂੰ ਲੁਭਾਉਣ ਲਈ ਇਹ ਯੋਜਨਾ ਕੰਮ ਆ ਸਕਦੀ ਹੈ। ਸ਼ਨਿਚਰਵਾਰ ਦੀ ਮੀਟਿੰਗ ’ਚ ਹਰ ਘਰ ਨੂੰ ਸੌਰ ਊਰਜਾ ਨਾਲ ਜੋੜਨ ਦੀ ਇਕ ਨੀਤੀ ਦੀ ਵੀ ਸਮੀਖਿਆ ਕੀਤੀ ਗਈ। ਆਜ਼ਾਦੀ ਦਿਵਸ ’ਤੇ ਆਪਣੇ ਭਾਸ਼ਣ ’ਚ ਪੀਐੱਮ ਮੋਦੀ ਨੇ ਸੌਰ ਊਰਜਾ ਖੇਤਰ ’ਚ ਭਾਰਤ ਦੀਆਂ ਉਪਲਬਧੀਆਂ ਦੀ ਤਾਰੀਫ਼ ਕੀਤੀ ਤੇ ਕਿਹਾ ਸੀ ਕਿ ਇਸ ਨੂੰ ਹਰ ਘਰ ਨਾਲ ਜੋੜਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ।



