ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪਿੰਡ ਆਹਲੀ ਕਲਾਂ ਨੇੜੇ ਪਿਛਲੇ ਮਹੀਨੇ ਦਰਿਆ ਬਿਆਸ ਦਾ ਪਾਣੀ ਵੱਧਣ ਕਾਰਨ ਆਰਜੀ ਬੰਨ੍ਹ ਟੁੱਟ ਗਏ ਸਨ। ਸਮੁੱਚਾ ਇਲਾਕਾ ਪਾਣੀ ਦੀ ਮਾਰ ਹੇਠਾ ਆ ਗਿਆ ਸੀ। ਇਸ ਨਾਲ ਇਸ ਇਲਾਕੇ ਦੀਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਗਈਆਂ ਅਤੇ ਬਹੁਤ ਸਾਰੇ ਲੋਕਾਂ ਦੇ ਮਕਾਨ ਵੀ ਢਹਿ ਢੇਰੀ ਹੋ ਗਏ। ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦੀ ਮਾਰ ਕਾਰਨ ਪਿੰਡ ਆਹਲੀ ਕਲਾਂ ਨੇੜੇ ਟੁੱੱਟੇ ਹੋਏ ਬੰਨ੍ਹ ਨੂੰ ਪੂਰਨ ਲਈ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲੇ, ਸੰਤ ਬਾਬਾ ਹਾਕਮ ਸਿੰਘ ਅਤੇ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਵੱਡੀ ਪੱਧਰ ‘ਤੇ ਸੰਗਤ ਦੇ ਸਹਿਯੋਗ ਨਾਲ ਦਿਨ ਰਾਤ ਕਾਰਜ ਚਲਾਏ ਜਾ ਰਹੇ ਹਨ। ਪਿੰਡ ਆਹਲੀ ਕਲਾਂ ਦੇ ਨੇੜੇ ਆਰਜ਼ੀ ਬੰਨ੍ਹ ਦਾ ਜੋ ਪਾੜ ਪਿਆ ਸੀ, ਉਹ ਤਕਰੀਬਨ 10 ਏਕੜ ਦੇ ਕਰੀਬ ਹੈ ਅਤੇ ਇਸ ਦੀ ਡੂੰਘਾਈ 15 ਫੁੱਟ ਦੇ ਕਰੀਬ ਹੈ ਉਸ ਦੀ ਭਰਾਈ ਲਈ ਮਿੱਟੀ ਦੇ ਬੋਰਿਆਂ ਨਾਲ ਰੈਕ ਬਣਾ ਕੇ ਲਾਏ ਜਾ ਰਹੇ ਹਨ। ਇਲਾਕੇ ਭਰ ਦੀ ਸੰਗਤ ਇਨ੍ਹਾਂ ਕਾਰਜਾਂ ਵਿਚ ਵੱਡੀ ਤਾਦਾਦ ‘ਚ ਸੇਵਾ ਕਾਰਜ ਕਰ ਰਹੀਆਂ ਹਨ ਅਤੇ ਮਿੱਟੀ ਦੇ ਬੋਰੇ ਲਗਾਤਾਰ ਭਰੇ ਜਾ ਰਹੇ ਹਨ। ਹੜ੍ਹ ਆਉਣ ਕਾਰਨ ਜੋ ਬੰਨ੍ਹ ਟੁੱਟੇ ਸਨ, ਉਨ੍ਹਾਂ ਨਾਲ ਸਮੁੱਚੀਆਂ ਫਸਲਾਂ ਮਾਰੀਆਂ ਗਈਆਂ ਸਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਮਾਰ ਪਈ ਹੈ। ਹੜ੍ਹ ਪ੍ਰਭਾਵਿਤ ਖੇਤਰ ‘ਚ ਵਾਹੀਯੋਗ ਖੇਤਾਂ ‘ਚ 5 ਫੁੱਟ ਤੋਂ ਲੈ ਕੇ 7 ਫੁੱਟ ਤਕ ਰੇਤਾ ਭਰ ਗਈ ਹੈ ਜਿਸ ਨੂੰ ਬਾਹਰ ਕੱਢਣਾ ਵੀ ਇੱਕ ਵੱਡੀ ਮੁਸ਼ਕਿਲ ਬਣੀ ਪਈ ਹੈ। ਜੇਕਰ ਕਿਸਾਨ ਇਨ੍ਹਾਂ ਖੇਤਾਂ ਵਿਚੋਂ ਰੇਤ ਬਾਹਰ ਕੱਢਣਗੇ ਤਾਂ ਹੀ ਕਿਸਾਨ ਕਣਕ ਅਤੇ ਹੋਰ ਫਸਲਾਂ ਬੀਜ ਸਕਣਗੇ। ਇਸ ਸਬੰਧੀ ਮੰਡ ਖੇਤਰ ਦੇ ਉਘੇ ਕਿਸਾਨ ਗੁਰਜੰਟ ਸਿੰਘ ਸੰਧੂ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਬੰਨ੍ਹ ਪੂਰਨ ਲਈ ਸੇਵਾ ਦੇ ਚੱਲ ਰਹੇ ਇਨ੍ਹਾਂ ਮਹਾਨ ਕਾਰਜਾਂ ‘ਚ ਇਲਾਕੇ ਭਰ ਦੀਆਂ ਸੰਗਤਾਂ ਨਿਰੰਤਰ ਸੇਵਾ ਕਰ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਵੀਰਾਂ ਵੱਲੋਂ ਡੀਜ਼ਲ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਹੜ੍ਹ ਪੀੜਤਾਂ ਦੇ ਹਾਲਾਤ ਸੁਧਾਰੇ ਜਾ ਸਕਣ।