ਵੈਂਕਟੇਸ਼ਵਰ ਰਾਓ, ਜਮਸ਼ੇਦਪੁਰ : ਜਰਮਨੀ, ਫਿਨਲੈਂਡ, ਇਟਲੀ ਤੇ ਭਾਰਤ ਦੀ ਇਕ ਕੰਪਨੀ ਨੇ ਘਾਟਸ਼ਿਲਾ ਦੇ ਵਿਦਿਆਰਥੀ ਸੁਮਿਤ ਡਾਨ ਦੇ ਸਾਫਟਵੇਅਰ ਨੂੰ ਬਾਜ਼ਾਰ ‘ਚ ਲਾਂਚ ਕਰਨ ਲਈ ਇੱਕ ਐਮਓਯੂ ਸਾਈਨ ਕੀਤਾ ਹੈ।

ਇਸ ਵਿਦਿਆਰਥੀ ਨੇ ਅਜਿਹਾ ਸਾਫਟਵੇਅਰ ਤਿਆਰ ਕੀਤਾ ਹੈ ਜਿਸ ਰਾਹੀਂ ਬਿਨਾਂ ਬਾਹਾਂ ਤੇ ਲੱਤਾਂ ਵਾਲੇ ਲੋਕ ਅੱਖਾਂ ਦੀ ਪੁਤਲੀ ਸਹਾਰੇ ਲੈਪਟਾਪ ਜਾਂ ਕੰਪਿਊਟਰ ਚਲਾ ਸਕਣਗੇ। ਇਸ ਸਾਫਟਵੇਅਰ ਦਾ ਨਾਂ ਆਈ ਕੰਟੈਕਟ ਮਾਊਸ ਕਰਸਰ ਹੈ।

ਅੰਤਰਰਾਸ਼ਟਰੀ ਪ੍ਰਦਰਸ਼ਨੀ ‘ਚ ਕੀਤਾ ਸਾਫਟਵੇਅਰ ਦਾ ਪ੍ਰਦਰਸ਼ਨ

ਵਿਦਿਆਰਥੀ ਨੇ 17 ਤੋਂ 19 ਅਕਤੂਬਰ ਤਕ ਬੈਂਗਲੁਰੂ ‘ਚ ਅੰਤਰਰਾਸ਼ਟਰੀ ਪ੍ਰਦਰਸ਼ਨੀ ‘ਚ ਇਸ ਸਾਫਟਵੇਅਰ ‘ਤੇ ਆਪਣੇ ਪ੍ਰੋਜੈਕਟ ਦਾ ਪ੍ਰਦਰਸ਼ਨ ਕੀਤਾ ਸੀ। ਇਹ ਡੀਆਈਡੀਏਸੀ ਨੇ ਕੀਤਾ ਸੀ ਜਿਸ ਵਿਚ ਭਾਰਤ ਅਤੇ ਵਿਦੇਸ਼ਾਂ ਦੀਆਂ 200 ਤੋਂ ਵੱਧ ਕੰਪਨੀਆਂ ਨੇ ਭਾਗ ਲਿਆ।

ਜਰਮਨੀ, ਫਿਨਲੈਂਡ, ਇਟਲੀ, ਚੀਨ, ਜਾਪਾਨ, ਐਮਾਜ਼ੋਨ ਤੇ ਭਾਰਤ ਦੀਆਂ ਕੰਪਨੀਆਂ ਸਮੇਤ 15 ਕੰਪਨੀਆਂ ਨੇ ਇਸ ਪ੍ਰੋਜੈਕਟ ਅਤੇ ਸਾਫਟਵੇਅਰ ਦੀ ਸ਼ਲਾਘਾ ਕੀਤੀ। ਸਟੈਮ ਇੰਡੀਆ, ਜਰਮਨੀ ਦੀ ਸੈਲ 2 ਕਰਾਊਡ ਤੇ ਫਿਨਲੈਂਡ ਦੀ ਇਕ ਕੰਪਨੀ ਸਮੇਤ ਪੰਜ ਕੰਪਨੀਆਂ ਨੇ ਇਸ ਸਾਫਟਵੇਅਰ ਨੂੰ ਬਾਜ਼ਾਰ ‘ਚ ਲਾਂਚ ਕਰਨ ਲਈ ਘਾਟਸ਼ਿਲਾ ਦੇ ਵਿਦਿਆਰਥੀ ਦੀ ਸਟਾਰਟ ਅੱਪ ਕੰਪਨੀ ਆਂਜਨੇਯ ਇੰਟਰਪ੍ਰਾਈਜਿਜ਼ ਨਾਲ ਇਕ ਐਮਓਯੂ ਸਾਈਨ ਕੀਤਾ ਹੈ।

ਹੁਣ ਇਹ ਸਾਫਟਵੇਅਰ ਜਲਦ ਹੀ ਬਾਜ਼ਾਰ ‘ਚ ਲਾਂਚ ਹੋਣ ਦੀ ਸੰਭਾਵਨਾ ਹੈ। ਵਿਦਿਆਰਥੀ ਕਿਸ ਕੰਪਨੀ ਨਾਲ MOU ਨੂੰ ਅੰਤਿਮ ਰੂਪ ਦੇਵੇਗਾ, ਇਹ ਉਸ ‘ਤੇ ਨਿਰਭਰ ਕਰਦਾ ਹੈ। ਪਤਾ ਲੱਗਾ ਹੈ ਕਿ ਵਿਦਿਆਰਥੀ ਨੇ ਇਸ ਸਾਫਟਵੇਅਰ ਦਾ ਪੇਟੈਂਟ ਆਪਣੇ ਨਾਂ ‘ਤੇ ਦਰਜ ਕਰਵਾਇਆ ਹੈ।

ਇਸ ਤਰ੍ਹਾਂ ਕੰਮ ਕਰੇਗਾ ਸਾਫਟਵੇਅਰ

ਘਾਟਸ਼ਿਲਾ ਦੇ ਕਾਸ਼ਿਦਾ ਦੇ ਰਹਿਣ ਵਾਲੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਵਿਦਿਆ ਮੰਦਰ ਘਾਟਸ਼ਿਲਾ ਦੇ 12ਵੀਂ ਜਮਾਤ ਦੇ ਵਿਦਿਆਰਥੀ ਸੁਮਿਤ ਨੇ ਦੱਸਿਆ ਕਿ ਆਈ ਕਾਂਟੈਕਟ ਮਾਊਸ ਕਰਸਰ ਨਾਂ ਦਾ ਸਾਫਟਵੇਅਰ ਪੈਨਡ੍ਰਾਈਵ ‘ਚ ਲੋਡ ਰਹੇਗਾ। ਇਸ ਪੈਨਡਰਾਈਵ ਨੂੰ ਕੰਪਿਊਟਰ ਜਾਂ ਲੈਪਟਾਪ ‘ਚ ਲਾਉਣਾ ਪਵੇਗਾ।

ਕੰਪਿਊਟਰ ਜਾਂ ਲੈਪਟਾਪ ਨੂੰ ਚਾਲੂ ਕਰਦੇ ਹੀ ਉਸ ਵਿਚ ਲੱਗੇ ਕੈਮਰੇ ਤੁਹਾਡੀਆਂ ਅੱਖਾਂ ਨੂੰ ਰੀਡ ਕਰਨਗੇ। ਇਹ ਬਿਲਕੁੱਲ ਆਧਾਰ ਕਾਰਡ ਸਿਸਟਮ ਵਰਗਾ ਹੋਵੇਗਾ। ਰੀਡ ਹੁੰਦੇ ਹੀ ਸਾਫਟਵੇਅਰ ਆਨ ਹੋ ਜਾਵੇਗਾ। ਸਿਰ ਨੂੰ ਖੱਬੇ ਜਾਂ ਸੱਜੇ ਘੁਮਾਉਣ ਨਾਲ ਵੀ ਕਰਸਰ ਮੂਵ ਹੁੰਦਾ ਰਹੇਗਾ।

ਜਿਵੇਂ ਹੀ ਤੁਸੀਂ ਅੱਖਾਂ ਝਪਕਦੇ ਹੋ ਤਾਂ ਕਰਸਰ ਕਲਿੱਕ ਕਰੇਗਾ ਤੇ ਜਦੋਂ ਤੁਸੀਂ ਪੁਤਲੀ ਨੂੰ ਉੱਪਰ ਤੇ ਹੇਠਾਂ ਲੈ ਜਾਓਗੇ ਤਾਂ ਕਰਸਰ ਸਕ੍ਰੋਲ ਕਰੇਗਾ। ਇੱਥੇ, ਜਿਵੇਂ ਹੀ ਸਾਫਟਵੇਅਰ ਚਾਲੂ ਹੋਵੇਗਾ, ਵਰਚੁਅਲ ਕੀਬੋਰਡ ਵੀ ਚਾਲੂ ਹੋ ਜਾਵੇਗਾ। ਇਸ ਤੋਂ ਬਾਅਦ ਅੱਖਾਂ ਰਾਹੀਂ ਕਰਸਰ ‘ਤੇ ਕਲਿੱਕ ਕਰ ਕੇ ਵੀ ਟਾਈਪਿੰਗ ਕੀਤੀ ਜਾ ਸਕਦੀ ਹੈ। ਇਸ ਸਾਫਟਵੇਅਰ ‘ਚ ਵਾਇਸ ਮੋਡਿਊਲੇਸ਼ਨ ਦੀ ਸਹੂਲਤ ਵੀ ਉਪਲਬਧ ਹੈ।