ਪੀਟੀਆਈ, ਤਿਰੂਨੇਲਵੇਲੀ : ਤਾਮਿਲਨਾਡੂ ਦੇ ਤਿਰੂਨੇਲਵੇਲੀ ‘ਚ ਦੋ ਅਨੁਸੂਚਿਤ ਜਾਤੀ ਦੇ ਨੌਜਵਾਨਾਂ ‘ਤੇ ਕਥਿਤ ਤੌਰ ‘ਤੇ ਹਮਲਾ ਕਰ ਕੇ ਉਨ੍ਹਾਂ ਦੇ ਕੱਪੜੇ ਲਾਹ ਕੇ ਉਨ੍ਹਾਂ ‘ਤੇ ਪਿਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਕੁੱਲ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸ਼ਰਾਬ ਦੇ ਨਸ਼ੇ ਵਿੱਚ ਸਨ ਸਾਰੇ ਮੁਲਜ਼ਮ
ਪੁਲਸ ਨੇ ਦੱਸਿਆ ਕਿ ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਸਾਰੇ ਲੋਕ 21 ਤੋਂ 25 ਸਾਲ ਦੀ ਉਮਰ ਦੇ ਹਨ, ਜੋ ਘਟਨਾ ਦੇ ਸਮੇਂ ਸ਼ਰਾਬ ਦੇ ਨਸ਼ੇ ‘ਚ ਸਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਨੇ ਨੌਜਵਾਨਾਂ ‘ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਜਾਤੀ ਪਛਾਣ ਦੱਸਣ ਲਈ ਵੀ ਕਿਹਾ।
ਨਦੀ ‘ਚ ਨਹਾ ਕੇ ਪਰਤ ਰਹੇ ਸਨ ਘਰ
ਪੁਲਿਸ ਅਨੁਸਾਰ ਆਪਣੀ ਪਛਾਣ ਜ਼ਾਹਰ ਕਰਨ ਤੋਂ ਬਾਅਦ ਛੇ ਦੇ ਇੱਕ ਗਰੋਹ ਨੇ ਦੋ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੋਸ਼ੀਆਂ ਨੇ ਉਨ੍ਹਾਂ ਦੇ ਕੱਪੜੇ ਉਤਾਰ ਦਿੱਤੇ ਅਤੇ ਉਨ੍ਹਾਂ ‘ਤੇ ਪਿਸ਼ਾਬ ਕਰ ਦਿੱਤਾ। ਥਚਨਲੂਰ ਪੁਲਿਸ ਨੇ ਦੱਸਿਆ ਕਿ ਦੋਵੇਂ ਨੌਜਵਾਨ ਥਮੀਰਾਬਰਾਨੀ ਨਦੀ ਵਿੱਚ ਨਹਾ ਕੇ ਵਾਪਸ ਪਰਤ ਰਹੇ ਸਨ। ਪੁਲਿਸ ਨੇ ਅੱਗੇ ਦੱਸਿਆ ਕਿ ਸਾਰਿਆਂ ‘ਤੇ SC/ST ਅੱਤਿਆਚਾਰ ਐਕਟ ਸਮੇਤ IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


