ਸੰਜੀਵ ਗੁਪਤਾ, ਜਗਰਾਓਂ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਥਾਨਕ ਅਗਵਾੜ ਲੋਪੋ ਵਿਖੇ ਪਾਰਕ ‘ਚ ਨਵੰਬਰ 1984 ਦੇ ਫਿਰਕੂ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ‘ਚ ਇਹ ਇਕ ਮਨੁੱਖਤਾ ਵਿਰੋਧੀ ਕਲੰਕਿਤ ਜੁੁਰਮ ਹੈ ਕਿ 39 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤਕ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ।
ਉਨਾਂ੍ਹ ਕਿਹਾ ਕਿ ਕਾਂਗਰਸੀ ਲੀਡਰਾਂ ਵਲੋਂ ਭੜਕਾਏ ਇਸ ਕਤਲੇਆਮ ‘ਚ ਹਜ਼ਾਰਾਂ ਨਿਰਦੋਸ਼ਾਂ ਦਾ ਕੀਤਾ ਘਾਣ, ਉਜਾੜੇ ਘਰ, ਲੁੱਟਿਆ ਸਮਾਨ ਭਾਰਤੀ ਰਾਜ ਪ੍ਰਬੰਧ ਦੇ ਮੂੁੰਹ ਤੇ ਇਕ ਬਦਨੁੁਮਾ ਦਾਗ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦਾ ਪਸ਼ਚਾਤਾਪ ਕਰਨ ਲਈ ਰਾਹੁੁਲ ਗਾਂਧੀ ਹਰਮਿੰਦਰ ਸਾਹਿਬ ਸੇਵਾ ਤਾਂ ਕਰਦਾ ਹੈ ਪਰ ਜਗਦੀਸ਼ ਟਾਈਟਲਰ ਤੇ ਕਮਲਨਾਥ ਜਿਹੇ ਕਾਤਲ ਅਜੇ ਵੀ ਕਾਂਗਰਸ ਨੇ ਹਿੱਕ ਨਾਲ ਲਾ ਕੇ ਰੱਖੇ ਹੋਏ ਹਨ।
ਇਸ ਸਮੇਂ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਸਾਰੇ ਦੋਸ਼ੀਆਂ ਨੂੰ ਤੁੁਰੰਤ ਸਜਾਵਾਂ ਦੇਣ ਤੇ ਪੀੜਤ ਪਰਿਵਾਰਾਂ ਦੇ ਯੋਗ ਵਸੇਬੇ ਦੀ ਮੰਗ ਕੀਤੀ ਹੈ। ਇਸ ਸਮੇਂ ਤਾਰਾ ਸਿੰਘ ਅੱਚਰਵਾਲ, ਮਦਨ ਸਿੰਘ ਆਦਿ ਆਗੂ ਹਾਜ਼ਰ ਸਨ।



